UPI ਟ੍ਰਾਂਜ਼ੈਕਸ਼ਨ ਕਰਦੇ ਸਮੇਂ ਹੁਣ ਨਹੀਂ ਹੋਵੇਗੀ ਕੋਈ ਵੀ ਸਮੱਸਿਆਂ! NPCI ਨੇ ...
Friday, May 16, 2025 - 02:19 PM (IST)

ਗੈਜੇਟ ਡੈਸਕ - ਅੱਜ ਦੇ ਸਮੇਂ ’ਚ, ਡਿਜੀਟਲ ਭੁਗਤਾਨ ਦਾ ਰੁਝਾਣ ਬਹੁਤ ਵੱਧ ਗਿਆ ਹੈ। ਹਰ ਕਿਸੇ ਨੂੰ ਹੁਣ ਨਕਦੀ ਦੀ ਬਜਾਏ ਗੂਗਲ ਪੇਅ ਅਤੇ ਫੋਨ ਪੇਅ ਰਾਹੀਂ ਭੁਗਤਾਨ ਕਰਨਾ ਸੌਖਾ ਲੱਗਦਾ ਹੈ। ਹੁਣ UPI ਐਪਸ ਰਾਹੀਂ ਰੋਜ਼ਾਨਾ ਕਰੋੜਾਂ ਦੇ ਲੈਣ-ਦੇਣ ਹੋ ਰਹੇ ਹਨ ਕਿਉਂਕਿ, ਇਨ੍ਹਾਂ ਦੀ ਵਰਤੋਂ ਕਰਨਾ ਆਸਾਨ ਹੈ ਅਤੇ ਪੈਸੇ ਥੋੜ੍ਹੇ ਸਮੇਂ ’ਚ ਦੂਜਿਆਂ ਦੇ ਬੈਂਕ ਖਾਤੇ ’ਚ ਪਹੁੰਚ ਜਾਂਦੇ ਹਨ। ਨਾਲ ਹੀ, UPI ਐਪਸ ਦੇ ਕਾਰਨ, ਲੋਕਾਂ ਨੂੰ ਹੁਣ ਬੈਂਕ ’ਚ ਲੰਬੀਆਂ ਕਤਾਰਾਂ ’ਚ ਨਹੀਂ ਖੜ੍ਹੇ ਰਹਿਣਾ ਪੈਂਦਾ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪੈਸੇ ਅਣਜਾਣੇ ’ਚ ਜਾਂ ਜਲਦੀ ’ਚ ਗਲਤ ਖਾਤਿਆਂ ’ਚ ਚਲੇ ਜਾਂਦੇ ਹਨ। ਜਿਸ ਕਾਰਨ ਭੇਜਣ ਵਾਲੇ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ UPI ਯੂਜ਼ਰਸ ਨੂੰ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI ਨਾਲ ਸਬੰਧਤ ਇਕ ਨਵਾਂ ਨਿਯਮ ਲਾਗੂ ਕੀਤਾ ਹੈ। ਜਿਸ ਕਾਰਨ UPI ਯੂਜ਼ਰਸ ਨੂੰ ਬਹੁਤ ਰਾਹਤ ਮਿਲਣ ਵਾਲੀ ਹੈ।
ਦੱਸ ਦਈਏ ਕਿ NPCI ਨੇ UPI ਨਾਲ ਸਬੰਧਤ ਇਕ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ ਜਿਸ ਦੇ ਅਧੀਨ UPI ਯੂਜ਼ਰਸ ਦੇ ਪੈਸੇ ਹੁਣ ਗਲਤ ਖਾਤੇ ’ਚ ਨਹੀਂ ਜਾਣਗੇ ਕਿਉਂਕਿ, ਇਸ ਨਵੇਂ ਨਿਯਮ ਦੇ ਤਹਿਤ, ਹੁਣ ਜਦੋਂ ਕੋਈ ਵੀ ਲੈਣ-ਦੇਣ UPI ਰਾਹੀਂ ਕੀਤਾ ਜਾਂਦਾ ਹੈ, ਤਾਂ ਯੂਜ਼ਰ ਦਾ ਨਾਮ ਉਸ ਦੇ ਬੈਂਕਿੰਗ ਸਿਸਟਮ ’ਚ ਰਜਿਸਟਰਡ ਦਿਖਾਇਆ ਜਾਵੇਗਾ, ਭਾਵ ਕਿ ਭੁਗਤਾਨ ਕਰਦੇ ਸਮੇਂ, ਦੂਜੇ ਵਿਅਕਤੀ ਦਾ ਨਾਮ ਤੁਹਾਨੂੰ ਉਸ ਦੇ ਬੈਂਕ ’ਚ ਦਿੱਤੇ ਨਾਮ ਅਨੁਸਾਰ ਦਿਖਾਇਆ ਜਾਵੇਗਾ, ਨਾ ਕਿ ਤੁਹਾਡੇ ਵੱਲੋਂ ਸੁਰੱਖਿਅਤ ਕੀਤੇ ਨਾਮ ਅਨੁਸਾਰ। ਦਰਅਸਲ, ਕਈ ਵਾਰ ਵੱਖ-ਵੱਖ ਨਾਵਾਂ ਕਾਰਨ, ਉਲਝਣ ਪੈਦਾ ਹੁੰਦੀ ਹੈ ਅਤੇ ਪੈਸੇ ਗਲਤ ਖਾਤੇ ’ਚ ਚਲੇ ਜਾਂਦੇ ਹਨ। ਜੋ ਕਿ ਹੁਣ ਨਹੀਂ ਹੋਵੇਗਾ। ਇਸ ਦੇ ਨਾਲ ਹੀ, NPCI 30 ਜੂਨ, 2025 ਤੋਂ ਸਾਰੇ UPI ਐਪਸ ਲਈ ਇਹ ਨਵਾਂ ਨਿਯਮ ਲਾਗੂ ਕਰਨ ਜਾ ਰਿਹਾ ਹੈ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਗਲਤੀ ਨਾਲ ਜਾਂ ਜਲਦੀ ’ਚ ਅਸੀਂ ਕਿਸੇ ਹੋਰ ਦੇ ਖਾਤੇ ’ਚ ਪੈਸੇ ਭੇਜ ਦਿੰਦੇ ਹਾਂ। ਅਜਿਹੀ ਸਥਿਤੀ ’ਚ, ਜੇਕਰ ਤੁਸੀਂ ਇਹ ਗਲਤੀ ਕਰਦੇ ਹੋ, ਤਾਂ ਤੁਹਾਨੂੰ ਦੂਜੇ ਵਿਅਕਤੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਭੇਜੇ ਗਏ ਪੈਸੇ ਬਾਰੇ ਦੱਸਣਾ ਚਾਹੀਦਾ ਹੈ। ਜੇਕਰ ਇਸ ਦੇ ਬਾਵਜੂਦ ਉਹ ਪੈਸੇ ਦੇਣ ਲਈ ਤਿਆਰ ਨਹੀਂ ਹੈ, ਤਾਂ ਤੁਸੀਂ ਇਸ ਬਾਰੇ ਬੈਂਕ ਨੂੰ ਸ਼ਿਕਾਇਤ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਟੋਲ ਫ੍ਰੀ ਨੰਬਰ 18001201740 'ਤੇ ਕਾਲ ਕਰਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਤੁਸੀਂ NPCI ਦੇ ਅਧਿਕਾਰਤ ਪੋਰਟਲ 'ਤੇ ਜਾ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਸ਼ਿਕਾਇਤ ਦਰਜ ਕਰਨ ਤੋਂ ਬਾਅਦ, ਪੈਸੇ 24 ਤੋਂ 48 ਘੰਟਿਆਂ ਦੇ ਅੰਦਰ ਤੁਹਾਡੇ ਖਾਤੇ ’ਚ ਵਾਪਸ ਆ ਜਾਣਗੇ।