ਦੱਖਣੀ ਰੇਲਵੇ ਨੇ ਬੈਟਰੀ ਨਾਲ ਚੱਲਣ ਵਾਲੇ ਪਹਿਲੇ ਰੇਲ ਇੰਜਣ ਦਾ ਕੀਤਾ ਪ੍ਰੀਖਣ
Wednesday, Oct 07, 2020 - 01:46 PM (IST)
ਗੈਜੇਟ ਡੈਸਕ– ਦੱਖਣੀ ਰੇਲਵੇ ਨੇ ਬਿਜਲੀ ਅਤੇ ਬੈਟਰੀ ਨਾਲ ਚੱਲਣ ਵਾਲੇ ਡਿਊਲ ਮੋਡ ਰੇਲਵੇ ਇੰਜਣ ਪਾਸੂਮਾਈ (PASUMAI) ਨੂੰ ਤਿਆਰ ਕਰਕੇ ਇਸ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਹ ਇੰਜਣ ਉਨ੍ਹਾਂ ਟ੍ਰੈਕ ’ਤੇ ਵੀ ਆਸਾਨੀ ਨਾਲ ਚੱਲ ਸਕਦਾ ਹੈ ਜਿੱਥੇ ਬਿਜਲੀ ਦੀਆਂ ਤਾਰਾਂ ਅਜੇ ਤਕ ਨਹੀਂ ਲਗਾਈਆਂ ਗਈਆਂ। ਇਸ ਬੈਟਰੀ ਨਾਲ ਚੱਲਣ ਵਾਲੇ ਇੰਜਣ ਨੂੰ ਤਿਆਰ ਕਰਨ ਲਈ ਇਸ ਦੇ ਇੰਜਣ ਕੰਪਾਰਟਮੈਂਟ ’ਚ ਦੋ ਵੱਡੀਆਂ ਬੈਟਰੀਆਂ ਲਗਾਈਆਂ ਗਈਆਂ ਹਨ ਜੋ ਇਸ ਨੂੰ ਲਗਾਤਾਰ ਪਾਵਰ ਸਪਲਾਈ ਕਰਦੀਆਂ ਹਨ।
ਬੈਟਰੀ ’ਤੇ 3.5 ਤੋਂ 4 ਘੰਟਿਆਂ ਤਕ ਚੱਲ ਸਕਦਾ ਹੈ ਇਹ ਇੰਜਣ
ਇਹ ਇੰਜਣ ਬੈਟਰੀ ’ਤੇ 3.5 ਤੋਂ 4 ਘੰਟਿਆਂ ਤਕ ਲਗਾਤਾਰ ਚੱਲ ਸਕਦਾ ਹੈ। ਇਸ ਵਿਚ 3-ਸਟੈੱਪ ਸਪੀਡ ਕੰਟਰੋਲਰ ਲੱਗਾ ਹੈ, ਨਾਲ ਹੀ ਬੈਟਰੀ ਨੂੰ ਚਾਰਜ ਕਰਨ ਲਈ ਦੋ ਫਾਸਟ ਚਾਰਜਰ ਵੀ ਲਗਾਏ ਗਏ ਹਨ। ਇਕ ਆਮ ਇੰਜਣ ਦੀ ਤਰ੍ਹਾਂ ਹੀ ਇਹ ਬੈਟਰੀ ਨਾਲ ਚੱਲਣ ਵਾਲਾ ਇੰਜਣ 24 ਬੋਗੀਆਂ ਨੂੰ ਖਿੱਚ ਸਕਦਾ ਹੈ ਜਿਨ੍ਹਾਂ ਦਾ ਕੁੱਲ ਭਾਰ 1080 ਮੈਟ੍ਰਿਕ ਟਨ ਹੁੰਦਾ ਹੈ।
ਦੱਖਣੀ ਰੇਲਵੇ ਨੇ ਇਸ ਇੰਜਣ ਨੂੰ ਤਿਆਰ ਕਰਨ ਵਾਲੇ ਕਾਮਿਆਂ ਨੂੰ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਹੈ। ਦੱਸ ਦੇਈਏ ਕਿ ਅਜੇ ਕੁਝ ਮਹੀਨੇ ਪਹਿਲਾਂ ਦੱਖਣੀ ਰੇਲਵੇ ਨੇ ਇਕ ਰੇਲ ਇੰਜਣ ਨੂੰ ਬੈਟਰੀ ਨਾਲ ਚੱਲਣ ਵਾਲੇ ਇੰਜਣ ’ਚ ਤਬਦੀਲ ਕਰਨ ਦਾ ਪ੍ਰਾਜੈੱਕਟ ਪਾਸ ਕੀਤਾ ਸੀ। ਇਸ ਤਹਿਤ ਇਕ ਲੋਕੋ ਸ਼ੇਡ ਤੋਂ ਇਕ ਇੰਜਣ ਨੂੰ ਚੁਣਿਆ ਗਿਆ ਜਿਸ ਨੂੰ ਹੁਣ 23061/WAG5HA ਇਲੈਕਟ੍ਰਿਕ ਇੰਜਣ ’ਚ ਬਦਲ ਦਿੱਤਾ ਗਿਆ ਹੈ। ਰੇਲਵੇ ਨੇ ਬਹੁਤ ਹੀ ਘੱਟ ਖਰਚੇ ’ਚ ਇਸ ਇੰਜਣ ਨੂੰ ਇਲੈਕਟ੍ਰਿਕ ਇੰਜਣ ’ਚ ਬਦਲ ਦਿੱਤਾ ਹੈ।
ਇਹ ਇੰਜਣ ਬੈਟਰੀ ਮੋਡ ’ਚ ਬੋਗੀਆਂ ਦੇ ਨਾਲ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦਾ ਹੈ। ਰੇਲਵੇ ਦਾ ਕਹਿਣਾ ਹੈ ਕਿ ਇਹ ਇੰਜਣ ਉਨ੍ਹਾਂ ਹਲਾਤਾਂ ’ਚ ਕਾਫੀ ਕੰਮ ਦਾ ਸਾਬਤ ਹੋ ਸਕਦਾ ਹੈ ਜਿੱਥੇ ਕੋਈ ਦੁਰਘਟਨਾ ਘਟੀ ਹੋਵੇ ਜਾਂ ਕਿਸੇ ਕਾਰਨ ਰੇਲਵੇ ਦੀ ਬਿਜਲੀ ਕੱਟਣੀ ਪਈ ਹੋਵੇ। ਰੇਲਵੇ ਦਾ ਮੰਨਣਾ ਹੈ ਕਿ ਇਹ ਇੰਜਣ ਦੇਸ਼ ਦੇ ਰੇਲਵੇ ਇੰਫ੍ਰਾਸਟੱਰਕਚਰ ਨੂੰ ਈਕੋ-ਫ੍ਰੈਂਡਲੀ ਬਣਾਉਣ ਲਈ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੈ। ਇਸ ਤਰ੍ਹਾਂ ਦੇ ਬੈਟਰੀ ਨਾਲ ਚੱਲਣ ਵਾਲੇ ਇੰਜਣ ਨਾਲ ਰੇਲਵੇ ਆਪਣੇ ਖਰਚੇ ਨੂੰ ਬਚਾਏਗੀ ਅਤੇ ਵਾਤਾਵਰਣ ਨੂੰ ਵੀ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ।