11ਵੀਂ ਜਨਰੇਸ਼ਨ ਦੇ Core i5 ਪ੍ਰੋਸੈਸਰ ਨਾਲ ਲਾਂਚ ਹੋਈ Realme Book Slim
Thursday, Aug 19, 2021 - 10:58 AM (IST)
ਗੈਜੇਟ ਡੈਸਕ– ਸਮਾਰਟਫੋਨ ਬਾਜ਼ਾਰ ’ਚ ਧੂਮ ਮਚਾਉਣ ਤੋਂ ਬਾਅਦ ਦੇਸ਼ ’ਚ ਤੇਜ਼ੀ ਨਾਲ ਉਭਰ ਰਹੀ ਟੈਕਨਾਲੋਜੀ ਕੰਪਨੀ ਰੀਅਲਮੀ ਨੇ ਬੁੱਧਵਾਰ ਨੂੰ 11ਵੀਂ ਜਨਰੇਸ਼ਨ ਦੇ ਕੋਰ i5 ਪ੍ਰੋਸੈਸਰ ਨਾਲ ਸਿਰਫ 14.9 ਮਿਲੀਮੀਟਰ ਪਤਲੀ ਰੀਅਲਮੀ ਬੁੱਕ ਸਲਿੱਮ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ, ਜਿਸ ਦੀ ਸ਼ੁਰੂਆਤੀ ਕੀਮਤ 46,999 ਰੁਪਏ ਹੈ। ਰੀਅਲਮੀ ਦੇ ਉਪ-ਪ੍ਰਧਾਨ ਅਤੇ ਰੀਅਲਮੀ ਇੰਡੀਆ ਅਤੇ ਯੂਰਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਧਵ ਸੇਠ ਨੇ ਬੁੱਧਵਾਰ ਨੂੰ ਪਹਿਲੇ ਲੈਪਟਾਪ ਦੀ ਲਾਂਚਿੰਗ ਤੋਂ ਬਾਅਦ ਦੱਸਿਆ ਕਿ 11ਵੀਂ ਜਨਰੇਸ਼ਨ ਦੇ ਇੰਟੈਲ ਕੋਰ i5 ਅਤੇ ਕੋਰ i3 ਪ੍ਰੋਸੈਸਰ ਨਾਲ ਪੇਸ਼ ਕੀਤੇ ਗਏ ਇਸ ਲੈਪਟਾਪ ਦਾ ਰੈਜ਼ੋਲਿਊਸ਼ਨ 2160x1440 ਹੈ। ਮੈਟਾਲਿਕ ਬਾਡੀ ਲੈਪਟਾਪ 14.9 ਮਿਲੀਮੀਟਰ ਪਤਲਾ ਹੈ ਅਤੇ ਇਸ ਦਾ ਭਾਰ ਸਿਰਪ 1.38 ਕਿਲੋਗ੍ਰਾਮ ਹੈ।
ਸੇਠ ਨੇ ਦੱਸਿਆ ਕਿ ਇਸ ਵਿਚ ਵਿੰਡੋਜ਼ 10 ਆਪਰੇਟਿੰਗ ਸਿਸਟਮ ਅਤੇ ਮਾਈਕ੍ਰੋਸਾਫਟ ਆਫੀਸ ਦਾ 2019 ਵਰਜ਼ਨ ਪ੍ਰੀ-ਇੰਸਟਾਲਡ ਹੈ। ਡੀ.ਟੀ.ਐੱਸ. ਐੱਚ.ਡੀ. ਸਟੀਰੀਓ ਸਾਊਂਡ ਇਫੈਕਟ ਦੇ ਨਾਲ ਇਸ ਵਿਚ ਦੋ ਸਪੀਕਰ ਦਿੱਤੇ ਗਏ ਹਨ। ਇਸ ਦੀ 54 ਡਬਲਿਊ. ਐੱਚ. ਦੀ ਬੈਟਰੀ ਇਕ ਵਾਰ ਚਾਰਜ ਹੋਣ ਤੋਂ ਬਾਅਦ ਲਗਾਤਾਰ 11 ਘੰਟਿਆਂ ਤਕ 1080 ਪਿਕਸਲ ਵਾਲੀ ਵੀਡੀਓ ਨੂੰ ਪਲੇਅ ਕਰਨ ’ਚ ਸਮਰੱਥ ਹੈ। ਉਥੇ ਹੀ ਇਸ ਦਾ ਓ.ਐੱਸ. ਵਿੰਡੋਜ਼ 11 ’ਚ ਅਪਗ੍ਰੇਡ ਹੋ ਜਾਵੇਗਾ। ਇਸ ਵਿਚ 8 ਗੀਗਾਬਾਈਟ (ਜੀ.ਬੀ.) ਰੈਮ ਅਤੇ 256/512 ਜੀ.ਬੀ. ਦੀ ਹਾਰਡ ਡਿਸਕ ਹੈ।
ਮਾਧਵ ਸੇਠ ਨੇ ਦੱਸਿਆ ਕਿ ਦੋ ਵੱਖ-ਵੱਖ ਰੀਅਲ ਗ੍ਰੇਅ ਅਤੇ ਰੀਅਲ ਬਲਿਊ ਰੰਗਾਂ ’ਚ ਉਪਲੱਬਧ ਇਸ ਲੈਪਟਾਪ ਦੇ core i3 ਮਾਡਲ ਦੀ ਕੀਮਤ 46,999 ਰੁਪਏ ਅਤੇ core i5 ਪ੍ਰੋਸੈਸਰ ਵਾਲੇ ਮਾਡਲ ਦੀ ਕੀਮਤ 59,999 ਰੁਪਏ ਹੈ। ਇਸ ਦੀ ਵਿਕਰੀ ਈ-ਕਾਮਰਸ ਸਾਈਟ ਫਲਿਪਕਾਰਟ ’ਤੇ 30 ਅਗਸਤ ਤੋਂ ਸ਼ੁਰੂ ਹੋ ਜਾਵੇਗੀ।