ਨੋਕੀਆ ਦਾ ਸਸਤਾ ਸਮਾਰਟਫੋਨ ਭਾਰਤ ''ਚ ਲਾਂਚ, ਸਿਰਫ ਇੰਨੀ ਹੈ ਕੀਮਤ
Saturday, Dec 17, 2022 - 01:44 PM (IST)
ਗੈਜੇਟ ਡੈਸਕ- ਐੱਚ.ਐੱਮ.ਡੀ. ਗਲੋਬਲ ਦੀ ਮਲਕੀਅਤ ਵਾਲੀ ਨੋਕੀਆ ਨੇ ਭਾਰਤ 'ਚ ਆਪਣਾ ਕਿਫਾਇਤੀ ਸਮਾਰਟਫੋਨ Nokia C31 ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 9,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ। ਫੋਨ 'ਚ 6.7 ਇੰਚ ਦੀ ਐੱਚ.ਡੀ. ਡਿਸਪਲੇਅ ਅਤੇ ਤਿੰਨ ਦਿਨਾਂ ਦੀ ਬੈਟਰੀ ਲਾਈਫ ਦਾ ਸਪੋਰਟ ਮਿਲਦਾ ਹੈ। ਨੋਕੀਆ ਸੀ31 ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲੈਸ ਕੀਤਾ ਗਿਆ ਹੈ।
Nokia C31 ਦੀ ਕੀਮਤ
ਨੋਕੀਆ ਸੀ31 ਨੂੰ ਚਾਰਕੋਲ, ਮਿੰਟ ਅਤੇ ਸਿਆਨ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੇ 3 ਜੀ.ਬੀ. ਰੈਮ +32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਅਤੇ 4 ਜੀ.ਬੀ. ਰੈਮ + 64 ਜੀ.ਬੀ. ਸਟੋਰੇਜ ਦੀ ਕੀਮਤ 10,999 ਰੁਪਏ ਰੱਖੀ ਗਈ ਹੈ। ਫੋਨ ਨੂੰ ਨੋਕੀਆ ਇੰਡੀਆ ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕੇਗਾ। ਹਾਲਾਂਕਿ, ਹੁਣ ਤਕ ਕੰਪਨੀ ਨੇ ਫੋਨ ਨੂੰ ਖਰੀਦਦਾਰੀ ਲਈ ਉਪਲੱਬਧ ਕਰਾਉਣ ਦੀ ਜਾਣਕਾਰੀ ਨਹੀਂ ਦਿੱਤੀ।
Nokia C31 ਦੇ ਫੀਚਰਜ਼
ਨੋਕੀਆ ਸੀ31 'ਚ 6.74 ਇੰਚ ਦਾ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ, ਜਿਸ ਵਿਚ ਨਾਲ 1600x720 ਪਿਕਸਲ ਰੈਜ਼ੋਲਿਊਸ਼ਨ ਮਿਲਦਾ ਹੈ। ਡਿਸਪਲੇਅ ਦੇ ਨਾਲ 2.5 ਕਰਵਡ ਗਲਾਸ ਦਾ ਪ੍ਰੋਟੈਕਸ਼ਨ ਮਿਲਦਾ ਹੈ। ਫੋਨ 'ਚ ਆਕਟਾ-ਕੋਰ ਯੂਨੀਸੋਕ ਪ੍ਰੋਸੈਸਰ ਅਤੇ 4 ਜੀ.ਬੀ. ਰੈਮ+64 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। ਫੋਨ ਐਂਡਰਾਇਡ 12 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਫੋਨ 'ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਦਾ ਸਪੋਰਟ ਵੀ ਮਿਲਦਾ ਹੈ।
ਫੋਨ ਦੇ ਕੈਮਰਾ ਸਪੋਰਟ ਦੀ ਗੱਲ ਕਰੀਏ ਤਾਂ ਇਸਦੇ ਨਾਲ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਪ੍ਰਈਮਰੀ ਕੈਮਰਾ 13 ਮੈਗਾਪਿਕਸਲ, ਸੈਕੇਂਡਰੀ ਕੈਮਰਾ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਅਤੇ ਤੀਜਾ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਮਿਲਦਾ ਹੈ। ਫੋਨ 'ਚ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 5050mAh ਦੀ ਬੈਟਰੀ ਦਿੱਤੀ ਗਈ ਹੈ ਜੋ 10 ਵਾਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਬੈਟਰੀ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਫੋਨ ਨੂੰ ਫੁਲ ਚਾਰਜ ਕਰਨ 'ਤੇ ਤਿੰਨ ਦਿਨਾਂ ਤਕ ਚਲਾਇਆ ਜਾ ਸਕਦਾ ਹੈ।