ਭਾਰਤ ''ਚ iPhone ਮਿਸ਼ਨ ਨੂੰ ਝਟਕਾ! ਟਾਟਾ ਫੈਕਟਰੀ ਖਿਲਾਫ ਕਿਸਾਨਾਂ ਨੇ ਖੋਲ੍ਹਿਆ ਮੋਰਚਾ

Friday, Jun 19, 2026 - 06:24 PM (IST)

ਭਾਰਤ ''ਚ iPhone ਮਿਸ਼ਨ ਨੂੰ ਝਟਕਾ! ਟਾਟਾ ਫੈਕਟਰੀ ਖਿਲਾਫ ਕਿਸਾਨਾਂ ਨੇ ਖੋਲ੍ਹਿਆ ਮੋਰਚਾ

ਗੈਜੇਟ ਡੈਸਕ- ਤਾਮਿਲਨਾਡੂ ਦੇ ਹੋਸੁਰ ਸਥਿਤ ਟਾਟਾ ਇਲੈਕਟ੍ਰੋਨਿਕਸ ਦੀ ਆਈਫੋਨ ਪਾਰਟਸ ਬਣਾਉਣ ਵਾਲੀ ਫੈਕਟਰੀ ਇਕ ਨਵੇਂ ਵਿਵਾਦ 'ਚ ਫਾਸ ਗਈ ਹੈ। ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਸੂਬੇ ਦਾ ਸਿਹਤ ਵਿਭਾਗ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਫੈਕਟਰੀ 'ਚੋਂ ਨਿਕਲਣ ਵਾਲੇ ਗੰਦੇ ਪਾਣੀ ਦਾ ਆਲੇ-ਦੁਆਲੇ ਦੇ ਖੇਤਾਂ ਅਤੇ ਲੋਕਾਂ ਦੀ ਸਿਹਤ 'ਤੇ ਕੀ ਅਸਰ ਪਿਆ ਹੈ। ਕੁਝ ਕਿਸਾਨਾਂ ਦਾ ਦੋਸ਼ ਹੈ ਕਿ ਗੰਦੇ ਪਾਣੀ ਕਾਰਨ ਉਨ੍ਹਾਂ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ ਅਤੇ ਲੋਕਾਂ 'ਚ ਚਮੜੀ ਸੰਬੰਧੀ ਸਮੱਸਿਆਵਾਂ ਵੀ ਦੇਖਣ ਨੂੰ ਮਿਲੀਆਂ ਹਨ। 

ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਭਾਰਤ ਐਪਲ ਲਈ ਇਕ ਪ੍ਰਮੁੱਖ ਨਿਰਮਾਣ ਕੇਂਦਰ ਬਣਾਉਣ ਦੀ ਦਿਸ਼ਾ 'ਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਹੋਸੁਰ ਸਥਿਤ ਇਹ ਫੈਕਟਰੀ 2021 'ਚ ਸ਼ੁਰੂ ਹੋਈ ਸੀ ਅਤੇ ਇਥੇ ਆਈਫੋਨ ਦੇ ਬੈਕ ਕਵਰ ਸਣੇ ਕਈ ਮਹੱਤਵਪੂਰਨ ਪੁਰਜਿਆਂ ਦਾ ਨਿਰਮਾਣ ਕੀਤਾ ਜਾਂਦਾ ਹੈ। 

ਰਿਪੋਰਟ ਮੁਤਾਬਕ, ਮਈ ਦੇ ਅਖੀਰ ਤੋਂ ਸਥਾਨਕ ਸਿਹਤ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਕ ਸਰਕਾਰੀ ਮੈਡੀਕਲ ਅਧਿਕਾਰੀ ਵੱਲੋਂ ਭੇਜੇ ਗਏ ਪੱਤਰ 'ਚ ਕਿਹਾ ਗਿਆ ਕਿ ਫੈਕਟਰੀ 'ਚੋਂ ਨਿਕਲਣ ਵਾਲੇ ਗੰਦੇ ਪਾਣੀ ਕਾਰਨ ਖੇਤਰ 'ਚ ਬਦਬੂ ਫੈਲ ਰਹੀ ਹੈ ਅਤੇ ਪਾਣੀ ਜਾਨਵਰਾਂ ਦੇ ਪੀਣ ਯੋਗ ਨਹੀਂ ਰਹਿ ਗਿਆ। 

ਪੱਤਰ 'ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਫੈਕਟਰੀ ਦਾ ਗੰਦਾ ਪਾਣੀ ਆਲੇ-ਦੁਆਲੇ ਦੀ ਖੇਤੀਯੋਗ ਜ਼ਮੀਨ ਅਤੇ ਖੂਹਾਂ ਦੇ ਸਾਫ ਪਾਣੀ ਨੂੰ ਗੰਦਾ ਕਰ ਰਿਹਾ ਹੈ। ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਲਏ ਗਏ ਪਾਣੀ ਦੇ ਨਮੂਨਿਆਂ 'ਚ ਈ-ਕੋਲਾਈ ਬੈਕਟੀਰੀਆ ਪਾਏ ਗਏ ਹ ਨ, ਜੋ ਆਮਤੌਰ 'ਤੇ ਸੀਵਰੇਜ ਜਾਂ ਮਲ-ਮੂਤਰ ਨਾਲ ਹੋਣ ਵਾਲੇ ਪਾਣੀ ਪ੍ਰਦੂਸ਼ਣ ਦਾ ਸੰਕੇਤ ਮੰਨਿਆ ਜਾਂਦਾ ਹੈ। ਹਾਲਾਂਕਿ ਸਿਹਤ ਵਿਭਾਗ ਦੀ ਜਾਂਚ ਅਜੇ ਜਾਰੀ ਹੈ ਅਤੇ ਅੰਤਿਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। 

ਟਾਟਾ ਨੇ ਦੋਸ਼ਾਂ ਨੂੰ ਕੀਤਾ ਖਾਰਜ

ਟਾਟਾ ਇਲੈਕਟ੍ਰੋਨਿਕਸ ਨੇ ਹਾਲ ਹੀ 'ਚ ਜਾਰੀ ਬਿਆਨ 'ਚ ਕਿਹਾ ਕਿ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫੈਕਟਰੀ ਕੰਪਲੈਕਸ 'ਚੋਂ ਲਏ ਗਏ ਪਾਣੀ ਦੇ ਨਮੂਨਿਆਂ ਦੀ ਜਾਂਚ 'ਚ ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਣ ਦੇ ਸੰਕੇਤ ਨਹੀਂ ਮਿਲੇ। ਕੰਪਨੀ ਦਾ ਦਾਅਵਾ ਹੈ ਕਿ ਬੋਰਡ ਨੇ ਆਪਣੀ ਜਾਂਚ ਪ੍ਰਕਿਰਿਆ ਵੀ ਖਤਮ ਕਰ ਦਿੱਤੀ ਹੈ। 

ਸੂਤਰਾਂ ਮੁਤਾਬਕ, ਦਸੰਬਰ 2025 'ਚ ਫੈਕਟਰੀ ਦੇ ਪਾਣੀ ਸ਼ੁੱਧੀਕਰਨ ਪਲਾਂਟ 'ਚ ਇਕ ਪੰਪ ਖਰਾਬ ਹੋ ਗਿਆ ਸੀ, ਜਿਸ ਨਾਲ ਟਰੀਟ ਕੀਤਾ ਸੀਵਰੇਜ ਲੀਕ ਹੋ ਗਿਆ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਸਮੱਸਿਆ ਨੂੰ ਤੁਰੰਤ ਹੱਲ ਕਰ ਦਿੱਤਾ ਗਿਆ ਸੀ। 


author

Rakesh

Content Editor

Related News