ਵਟਸਐਪ ਦੀ ਪ੍ਰਸਿੱਧੀ ਖਤਰੇ ’ਚ, ਹੁਣ ਭਾਰਤੀਆਂ ਨੂੰ ਪਸੰਦ ਆ ਰਹੀ ਇਹ ਐਪ

Wednesday, Nov 06, 2019 - 02:30 PM (IST)

ਵਟਸਐਪ ਦੀ ਪ੍ਰਸਿੱਧੀ ਖਤਰੇ ’ਚ, ਹੁਣ ਭਾਰਤੀਆਂ ਨੂੰ ਪਸੰਦ ਆ ਰਹੀ ਇਹ ਐਪ

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਇਸ ਸਮੇਂ ਦੁਨੀਆ ਦੀਆਂ ਸਭ ਤੋਂ ਲੋਕਪ੍ਰਸਿੱਧ ਐਪਸ ’ਚੋਂ ਇਕ ਹੈ ਪਰ ਹਾਲ ਦੇ ਦਿਨਾਂ ’ਚ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਇਸ ’ਤੇ ਕਾਫੀ ਸਵਾਲ ਉੱਠ ਰਹੇ ਹਨ। ਅਜਿਹੇ ’ਚ ਭਾਰਤੀ ਯੂਜ਼ਰ ਵਟਸਐਪ ਦਾ ਬਦਲ ਲਭਦੇ-ਲਭਦੇ ਹੁਣ ਟੈਲੀਗ੍ਰਾਮ ’ਤੇ ਆ ਗਏ ਹਨ। ਇਸੇ ਲਈ ਹੁਣ ਟੈਲੀਗ੍ਰਾਮ ਐਪ ਦੇ ਯੂਜ਼ਰਜ਼ ਦੀ ਗਿਣਤ ਹੌਲੀ-ਹੌਲੀ ਵਧਦੀ ਹੀ ਜਾ ਰਹੀ ਹੈ। 

ਪਿਛਲੇ 9 ਮਹੀਨਿਆਂ ’ਚ ਯੂਜ਼ਰ ਬੇਸ ’ਚ ਹੋਇਆ 60 ਫੀਸਦੀ ਦਾ ਵਾਧਾ
ਭਾਰਤ ’ਚ ਪਿਛਲੇ 9 ਮਹੀਨਿਆਂ ’ਚ ਟੈਲੀਗ੍ਰਾਮ ਐਪ ਦੇ ਮੰਥਲੀ ਐਕਟਿਵ ਯੂਜ਼ਰਜ਼ ਦੀ ਗਿਣਤੀ ’ਚ 60 ਫੀਸਦੀ ਦਾ ਵਾਧਾ ਹੋਇਆ ਹੈ। ਜੂਨ 2017 ’ਚ ਟੈਲੀਗ੍ਰਾਮ ਦੇ ਗਲੋਬਲ ਯੂਜ਼ਰਜ਼ ’ਚ ਭਾਰਤੀਆਂ ਦੀ ਗਿਣਤੀ ਸਿਰਫ 2 ਫੀਸਦੀ ਹੀ ਸੀ ਜੋ ਕਿ ਸਤੰਬਰ 2019 ’ਚ ਵਧ ਕੇ 12 ਫੀਸਦੀ ਹੋ ਗਈ। ਇੰਨਾ ਹੀ ਨਹੀਂ, ਐਪ ਨੂੰ ਇੰਸਟਾਲ ਕਰਨ ਦੀ ਗਤੀ ’ਚ ਵੀ ਇਸ ਸਾਲ ਤਿੰਨ ਗੁਣਾ ਵਾਧਾ ਹੋਇਆ ਹੈ। ਐਪ ਇੰਟੈਲੀਜੈਂਸ ਫਰਮ ਸਿਮਿਲਰ ਵੈੱਬ ਦੇ ਮੁਤਾਬਕ ਸਤੰਬਰ ’ਚ ਟੈਲੀਗ੍ਰਾਮ ਨੂੰ 91 ਲੱਖ ਯੂਜ਼ਰਜ਼ ਨੇ ਇੰਸਟਾਲ ਕੀਤਾ, ਜਿਨ੍ਹਾਂ ਦੀ ਗਿਣਤੀ ਜਨਵਰੀ ’ਚ 36 ਲੱਖ ਹੀ ਸੀ। 

PunjabKesari

ਵਟਸਐਪ ਦੇ ਬਦਲ ’ਚ ਉਭਰ ਰਹੀ ਇਕ ਹੋਰ ਐਪ
ਇਕ ਹੋਰ ਐਪ ਇਸ ਸਮੇਂ ਵਟਸਐਪ ਦੇ ਬਦਲ ’ਚ ਉਭਰ ਰਹੀ ਹੈ ਜਿਸ  ਦਾ ਨਾਂ ‘ਸਿਗਨਲ’ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਓਪਨ ਸੋਰਸ ਐਪ ਹੋਣ ਦੇ ਬਾਵਜੂਦ ਇਸ ਦੇ ਸਾਲ 2019 ’ਚ ਮੰਥਲੀ ਐਕਟਿਵ ਭਾਰਤੀ ਯੂਜ਼ਰਜ਼ ਦੀ ਗਿਣਤੀ 70 ਹਜ਼ਾਰ ਰਹੀ ਹੈ। 

PunjabKesari

ਵਟਸਐਪ ਨੂੰ ਲੈ ਕੇ ਕੀ ਸੋਚਦੇ ਹਨ ਸਾਈਬਰ ਸਕਿਓਰਿਟੀ ਮਾਹਿਰ
ਸਾਈਬਰ ਸਕਿਓਰਿਟੀ ਮਾਹਿਰਾਂ ਨੇ ਟਾਈਮਸ ਆਫ ਇੰਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਟੈਲੀਗ੍ਰਾਮ ਅਤੇ ਸਿਗਨਲ ਯਕੀਨੀ ਤੌਰ ’ਤੇ ਜ਼ਿਆਦਾ ਸੁਰੱਖਿਅਤ ਮੈਸੇਜਿੰਗ ਪਲੇਟਫਾਰਮਸ ਹਨ। ਇਹ ਸੱਚ ਹੈ ਕਿ ਵਟਸਐਪ ਨੂੰ ਲੈ ਕੇ ਜੋ ਤਾਜ਼ਾ ਸਪਾਈਵੇਅਰ ਮਾਮਲਾ ਸਾਹਮਣੇ ਆਇਆ ਹੈ ਉਸ ਨਾਲ ਇਸ ਐਪ ਦੇ ਯੂਜ਼ਰਬੇਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। 

PunjabKesari

ਆਖਿਰ ਕਿਉਂ ਲੋਕ ਕਰ ਰਹੇ ਹਨ ਟੈਲੀਗ੍ਰਾਮ ਡਾਊਨਲੋਡ
ਦੱਸ ਦੇਈਏ ਕਿ ਸਕਿਓਰਿਟੀ ਫਰਮਾਂ ਵਟਸਐਪ ਤੋਂ ਜ਼ਿਆਦਾ ਟੈਲੀਗ੍ਰਾਮ ਨੂੰ ਸੁਰੱਖਿਅਤ ਦੱਸ ਰਹੀਆਂ ਹਨ। ਸਾਈਬਰ ਸਕਿਓਰਿਟੀ ਫਰਮ Lucideus ਦੇ ਕੋ-ਫਾਊਂਡਰ ਰਾਹੁਲ ਤਿਆਗੀ ਨੇ ਕਿਹਾ ਹੈ ਕਿ ਟੈਲੀਗ੍ਰਾਮ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਐਪ ’ਚ ਯੂਜ਼ਰ ਜੋ ਕੁਝ ਵੀ ਕਰਦਾ ਹੈ ਉਹ ਐਪ ਦੇ ਅੰਦਰ ਹੀ ਰਹਿੰਦਾ ਹੈ। ਹਾਲਾਂਕਿ, ਵਟਸਐਪ ’ਚ ਅਜਿਹਾ ਨਹੀਂ ਹੈ ਅਤੇ ਯੂਜ਼ਰ ਦੀ ਪ੍ਰਾਈਵੇਸੀ ਨੂੰ ਲੈ ਕੇ ਇਸ ’ਤੇ ਹਮੇਸ਼ਾ ਸਵਾਲ ਖੜੇ ਹੁੰਦੇ ਰਹਿੰਦੇ ਹਨ। ਗੱਲ ਕੀਤੀ ਜਾਵੇ ਟੈਲੀਗ੍ਰਾਮ ਦੇ ਐਨਕ੍ਰਿਪਸ਼ਨ ਪ੍ਰੋਟੋਕੋਲ 'MTProto' ਦੀ ਤਾਂ ਇਹ ਮੈਸੇਜ ਨੂੰ ਹਮੇਸ਼ਾ ਲੁਕਾ ਕੇ ਰੱਖਣ ਦਾ ਕੰਮ ਕਰਦਾ ਹੈ। ਉਥੇ ਹੀ ਸਿਗਨਲ ਐਪ ਦਾ ਐਨਕ੍ਰਿਸ਼ਨ ਸਿਸਟਮ ਵੀ ਸਾਰੇ ਮੈਟਾਡਾਟਾ ਨੂੰ ਵਰਚੁਅਲੀ ਲੁਕਾ ਕੇ ਹੀ ਰੱਖਦਾ ਹੈ। 

ਟੈਲੀਗ੍ਰਾਮ ਦਾ ਵੀ ਇਕ ਫੀਚਰ ਹੈ ਖਤਰਨਾਕ
ਚੇਨਈ ਦੇ ਰਹਿਣ ਵਾਲੇ ਬਿਜ਼ਨੈੱਸਮੈਨ ਵਿਜੇ ਆਨੰਦ ਨੇ ਕਿਹਾ ਹੈ ਕਿ ਉਹ ਟੈਲੀਗ੍ਰਾਮ ਅਤੇ ਸਿਗਨਲ ਐਪ ਨੂੰ ਲਗਾਤਾਰ ਦੋ ਸਾਲਾਂ ਤੋਂ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੇ ਹੁਣ ਵਟਸਐਪ ਦਾ ਇਸਤੇਮਾਲ ਘੱਟ ਕਰ ਦਿੱਤਾ ਹੈ, ਉਥੇ ਹੀ ਉਨ੍ਹਾਂ ਦੇ ਗਰੁੱਪ ’ਚ ਵੀ ਲੋਕ ਹੁਣ ਟੈਲੀਗ੍ਰਾਮ ਨੂੰ ਹੀ ਇਸਤੇਮਾਲ ਕਰ ਰਹੇ ਹਨ। ਇਸ ਤੋਂ ਇਲਾਵਾ ਇਕ ਸੁਜੀਤ ਖੁਰਾਨਾ ਨਾਂ ਦੇ ਯੂਜ਼ਰ ਨੇ ਟੈਲੀਗ੍ਰਾਮ ਦੇ 'secret chat' ਫੀਚਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਮੈਸੇਜਿਸ ਨੂੰ ਤੈਅ ਸਮੇਂ ਸੀਮਾਂ ਤੋਂ ਬਾਅਦ ਡਿਲੀਟ ਕਰ ਦਿੰਦਾ ਹੈ। ਅਜਿਹੇ ’ਚ ਇਹ ਐਪ ਜਾਅਲਸਾਜ਼ਾਂ ਦਾ ਵੀ ਝੁਕਾਅ ਆਪਣੇ ਵੱਲ ਵਧਾ ਰਹੀ ਹੈ। 


Related News