ਸਰਕਾਰ ਲਿਆ ਰਹੀ ਸੁਪਰ ਐਪ, ਇਕ ਹੀ ਐਪ ਨਾਲ ਹੋਣਗੇ ਕਈ ਕੰਮ
Tuesday, Sep 17, 2024 - 06:29 PM (IST)
ਗੈਜੇਟ ਡੈਸਕ- ਭਾਰਤੀ ਰੇਲਵੇ ਇੱਕ ਸੁਪਰ ਐਪ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਇੱਕ ਸੁਪਰ ਐਪ 'ਤੇ ਕੰਮ ਕਰ ਰਹੀ ਹੈ ਜਿਸ ਰਾਹੀਂ ਰੇਲਵੇ ਦੇ ਕਈ ਸਾਰੇ ਕੰਮ ਹੋ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਰੇਲਵੇ ਦੇ ਸੁਪਰ ਐਪ ਰਾਹੀਂ ਇਕ ਹੀ ਐਪ 'ਚ ਟਿਕਟ ਬੁਕਿੰਗ ਤੋਂ ਲੈ ਕੇ ਰੇਲ ਨੂੰ ਰੀਅਲ ਟਾਈਮ 'ਚ ਟ੍ਰੈਕ ਕਰਨ ਵਰਗੇ ਕਈ ਕੰਮ ਹੋਣਗੇ।
ਮੰਤਰੀ ਨੇ ਐਪ ਦੇ ਫੀਚਰਜ਼ ਬਾਰੇ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਪਰ ਸੰਕੇਤ ਕਿ ਇਹ ਸਭ ਨੂੰ ਟਿਕਟ ਬੁੱਕ ਕਰਨਾ, ਪੀਐੱਨਆਰ ਸਥਿਤੀ ਦੀ ਜਾਂਚ ਕਰਨਾ, ਟ੍ਰੇਨਾਂ ਨੂੰ ਟਰੈਕ ਕਰਨਾ ਅਤੇ ਹੋਰ ਸਹੂਲਤਾਂ ਦੇਵੇਗਾ। ਰਿਪੋਰਟ ਮੁਤਾਬਕ, ਇਸ ਐਪ 'ਤੇ ਕੁੱਲ 90 ਕਰੋੜ ਰੁਪਏ ਖਰਚ ਹੋਣਗੇ ਅਤੇ ਤਿੰਨ ਸਾਲ ਤੋਂ ਵੱਧ ਦਾ ਸਮਾਂ ਲੱਗੇਗਾ। ਰੇਲਵੇ ਦੇ ਸੁਪਰ ਐਪ ਨੂੰ CRIS ਤਿਆਰ ਕਰੇਗਾ ਜੋ ਕਿ ਰੇਲਵੇ ਲਈ ਆਈ.ਟੀ. ਦਾ ਕੰਮ ਦੇਖਦਾ ਹੈ।
ਰੇਲ ਸੁਰੱਖਿਆ ਦੇ ਸੰਬੰਧ 'ਚ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ 10 ਸਾਲ ਪਹਿਲਾਂ ਪ੍ਰਤੀ ਸਾਲ 171 ਰੇਲ ਹਾਦਸੇ ਹੁੰਦੇ ਸਨ ਜੋ ਹੁਣ ਘੱਟ ਕੇ ਲਗਭਗ 40 ਰਹਿ ਗਏ ਹਨ। ਇਸ ਦੇ ਬਾਵਜੂਦ, ਅਸੀਂ ਸੰਰਚਨਾਤਮਕ ਬਦਲਾਅ ਲਾਗੂ ਕਰਨ ਅਤੇ ਨਵੀਆਂ ਪ੍ਰੀਖਿਆ ਵਿਧੀਆਂ ਨੂੰ ਵਿਕਸਿਤ ਕਰਨ ਲਈ ਵਚਨਬੱਧ ਹਾਂ ਤਾਂ ਜੋ ਇਸ ਗਿਣਤੀ ਨੂੰ ਹੋਰ ਘੱਟ ਕੀਤਾ ਜਾ ਸਕੇ।
ਉਂਝ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਰਤ 'ਚ ਕਿਸੇ ਸੁਪਰ ਐਪ ਨੂੰ ਲੈ ਕੇ ਗੱਲ ਹੋ ਰਹੀ ਹੈ। ਇਸ ਤੋਂ ਪਹਿਲਾਂ ਇਸੇ ਸਾਲ ਜਨਵਰੀ 'ਚ ਇਹੀ ਖਬਰ ਆਈ ਸੀ ਕਿ ਰੇਲਵੇ ਇਕ ਸੁਪਰ ਐਪ 'ਤੇ ਕੰਮ ਕਰ ਰਿਹਾ ਹੈ ਜਿਸ ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ। ਇਸ ਇੱਕ ਐਪ ਨਾਲ ਰੇਲਵੇ ਦੇ ਕਈ ਕੰਮ ਹੋ ਸਕਣਗੇ ਜਿਨ੍ਹਾਂ ਵਿਚ ਟਿਕਟ ਬੁਕਿੰਗ ਅਤੇ ਲਾਈਵ ਰੇਲ ਸਟੇਟਸ ਵੀ ਸ਼ਾਮਲ ਹਨ।