ਗੂਗਲ ਦਾ ਵੱਡਾ ਐਲਾਨ, ਪੂਰੇ ਵਿਸ਼ਵ ’ਚ ਜੂਨ 2021 ਤਕ ਘਰੋਂ ਕੰਮ ਕਰਨਗੇ ਕੰਪਨੀ ਦੇ ਕਾਮੇਂ
Tuesday, Jul 28, 2020 - 01:26 PM (IST)

ਗੈਜੇਟ ਡੈਸਕ– ਗੂਗਲ ਨੇ ਭਾਰਤ ਸਮੇਤ ਦੁਨੀਆ ਭਰ ’ਚ ਆਪਣੇ ਕਾਮਿਆਂ ਨੂੰ ਅਗਲੇ ਸਾਲ ਜੂਨ ਤਕ ਘਰੋਂ ਕੰਮ ਕਰਨ ਲਈ ਕਿਹਾ ਹੈ। ਕੋਰੋਨਾ ਲਾਗ ਦੇ ਲਗਾਤਾਰ ਹੋ ਰਹੇ ਵਾਧੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਗੂਗਲ ਅਤੇ ਉਸ ਦੀ ਮਲਕੀਅਤ ਵਾਲੀ ਕੰਪਨੀ ਅਲਫਾਬੇਟ ਇੰਕ ਦੇ ਦੁਨੀਆ ਭਰ ’ਚ ਕਰੀਬ ਦੋ ਲੱਖ ਤੋਂ ਜ਼ਿਆਦਾ ਕਾਮੇਂ ਹਨ। ਇਨ੍ਹਾਂ ’ਚੋਂ ਕਰੀਬ 5,000 ਕਾਮੇਂ ਭਾਰਤ ਦੇ ਹੀ ਹਨ।
ਗੂਗਲ ਦੇ ਮੁਖੀ ਸੁੰਦਰ ਪਿਚਾਈ ਨੇ ਸਾਰੇ ਕਾਮਿਆਂ ਨੂੰ ਈ-ਮੇਲ ਭੇਜ ਕੇ ਕਿਹਾ ਹੈ ਕਿ ਕਾਮਿਆਂ ਨੂੰ ਅੱਗੇ ਦੀ ਯੋਜਨਾ ਤਿਆਰ ਕਰਨ ਦਾ ਮੌਕਾ ਦਿੰਦੇ ਹੋਏ ਅਸੀਂ ਘਰੋਂ ਕੰਮ ਕਰਨ ਦਾ ਬਦਲ 30 ਜੂਨ, 2021 ਤਕ ਵਧਾ ਰਹੇ ਹਾਂ। ਦੱਸ ਦੇਈਏ ਕਿ ਗੂਗਲ ਦਾ ਪ੍ਰਮੁੱਖ ਬਾਜ਼ਾਰ ਭਾਰਤ ਹੈ ਅਤੇ ਕੰਪਨੀ ਦੀ ਜ਼ਿਆਦਾ ਮੌਜੂਦਗੀ ਹੈਦਰਾਬਾਦ ਅਤੇ ਬੈਂਗਲੁਰੂ ’ਚ ਹੈ।