ਭਾਰਤ ''ਚ ਵਾਪਸੀ ਦੀ ਤਿਆਰੀ ''ਚ ਫੋਰਡ, ਟਾਟਾ ਦੇ ਨਾਲ ਮਿਲ ਕੇ ਸ਼ੁਰੂ ਕਰ ਸਕਦੀ ਹੈ ਕਾਰੋਬਾਰ
Sunday, Mar 03, 2024 - 06:05 PM (IST)
ਆਟੋ ਡੈਸਕ- ਫੋਰਡ ਭਾਰਤ ਵਿੱਚ ਵਾਪਸੀ ਕਰ ਰਿਹਾ ਹੈ। ਇਸ ਸਬੰਧੀ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਕ ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕੰਪਨੀ ਇਲੈਕਟ੍ਰਿਕ ਵਾਹਨਾਂ ਅਤੇ ਹਾਈਬ੍ਰਿਡ ਕਾਰਾਂ ਨੂੰ ਲਾਂਚ ਕਰਨ ਲਈ ਟਾਟਾ ਮੋਟਰਜ਼ ਨਾਲ ਸਮਝੌਤਾ ਕਰ ਸਕਦੀ ਹੈ। ਟਾਟਾ ਇਸ ਸਮੇਂ ਭਾਰਤ ਦੀ ਪ੍ਰਮੁੱਖ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਹੈ, ਜੋ ਫੋਰਡ ਨੂੰ ਇੱਥੇ ਕਾਰੋਬਾਰ ਸਥਾਪਤ ਕਰਨ ਵਿੱਚ ਮਦਦ ਕਰ ਸਕਦੀ ਹੈ। ਉਥੇ ਹੀ ਟਾਟਾ ਨੂੰ ਅਮਰੀਕਾ 'ਚ ਆਪਣੀਆਂ ਕਾਰਾਂ ਲਾਂਚ ਕਰਨ ਦਾ ਮੌਕਾ ਮਿਲੇਗਾ।
ਚੇਨਈ ਪਲਾਂਟ ਵੇਚਣ ਦਾ ਵਿਚਾਰ ਬਦਲਿਆ
ਫੋਰਡ ਨੇ ਕਾਰਾਂ ਦੀ ਘੱਟ ਵਿਕਰੀ ਅਤੇ ਘਾਟੇ ਕਾਰਨ 2021 ਵਿੱਚ ਭਾਰਤ ਵਿੱਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਸੀ। ਕੰਪਨੀ ਦੇ ਭਾਰਤ ਵਿੱਚ ਸਾਨੰਦ ਅਤੇ ਚੇਨਈ ਵਿੱਚ 2 ਪਲਾਂਟ ਹਨ। ਸਾਨੰਦ ਪਲਾਂਟ ਟਾਟਾ ਮੋਟਰਜ਼ ਨੂੰ ਵੇਚ ਦਿੱਤਾ ਗਿਆ ਹੈ, ਜਦਕਿ ਚੇਨਈ ਪਲਾਂਟ ਅਜੇ ਵੀ ਫੋਰਡ ਕੋਲ ਹੈ। ਹਾਲਾਂਕਿ, ਇਸ ਪਲਾਂਟ ਨੂੰ ਵੇਚਣ ਲਈ ਅਮਰੀਕੀ ਕੰਪਨੀ ਜੇ.ਐੱਸ.ਡਬਲਯੂ. ਗਰੁੱਪ ਦੇ ਨਾਲ ਗੱਲ ਆਖਰੀ ਪੜਾਅ 'ਤੇ ਪਹੁੰਚ ਗਈ ਸੀ ਪਰ ਬਾਅਦ ਵਿੱਚ ਫੋਰਡ ਨੇ ਆਪਣਾ ਮਨ ਬਦਲ ਲਿਆ।
ਸਮੁੰਦਰੀ ਮਾਰਗਾਂ ਦੇ ਨੇੜੇ ਹੋਣ ਕਾਰਨ ਚੇਨਈ ਪਲਾਂਟ ਆਸੀਆਨ ਦੇਸ਼ਾਂ ਲਈ ਬਰਾਮਦ ਕੇਂਦਰ ਸਾਬਤ ਹੋ ਸਕਦਾ ਹੈ। ਰਿਪੋਰਟ ਦੇ ਅਨੁਸਾਰ, ਜਾਣਕਾਰ ਲੋਕਾਂ ਨੇ ਖੁਲਾਸਾ ਕੀਤਾ ਹੈ ਕਿ ਫੋਰਡ SUV ਦੇ ਨਾਲ ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨ ਵੇਚਣ ਲਈ ਪਲਾਂਟ ਨੂੰ ਬਰਕਰਾਰ ਰੱਖ ਸਕਦੀ ਹੈ।