ਫੇਸਬੁੱਕ ਲਾਂਚ ਕਰ ਸਕਦੀ ਹੈ ਡਿਜੀਟਲ ਵਾਲੇਟ Novi, ਕ੍ਰਿਪਟੋਕਰੰਸੀ ਸਟੋਰ ਕਰਨ ਦੀ ਮਿਲੇਗੀ ਸੁਵਿਧਾ
Thursday, Aug 26, 2021 - 03:20 PM (IST)

ਗੈਜੇਟ ਡੈਸਕ– ਸੋਸ਼ਲ ਨੈੱਟਵਰਕਿੰਗ ਸਰਵਿਸ ਫੇਸਬੁੱਕ ਪਿਛਲੇ ਕੁਝ ਸਾਲਾਂ ਤੋਂ ਕ੍ਰਿਪਟੋਕਰੰਸੀ ਅਤੇ ਡਿਜੀਟਲ ਪੇਮੈਂਟ ’ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਕੁਝ ਸਮੇਂ ’ਚ ਆਪਣੀ ਕ੍ਰਿਪਟੋਕਰੰਸੀ Diem ਨੂੰ ਲਾਂਚ ਕਰਨ ਵਾਲੀ ਹੈ। ਯੂ.ਐੱਸ. ਮੀਡੀਆ ਕੰਪਨੀ ਨਾਲ ਬੁੱਧਵਾਰ ਨੂੰ ਫੇਸਬੁੱਕ ਦੇ ਇਕ ਸੀਨੀਅਰ ਅਧਿਕਾਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੰਪਨੀ ਆਪਣਾ ਡਿਜੀਟਲ ਵਾਲੇਟ Novi ਇਸੇ ਸਾਲ ਲਾਂਚ ਕਰ ਦੇਵੇਗੀ, ਜਿਸ ਵਿਚ ਕ੍ਰਿਪਟੋਕਰੰਸੀ ਯੂਜ਼ਰਸ ਆਪਣੇ ਕੌਇੰਸ ਸਟੋਰ ਕਰ ਸਕਣਗੇ।
ਫੇਸਬੁੱਕ ਦੇ ਕ੍ਰਿਪਟੋ ਯੂਨਿਟ ਦੇ ਹੈੱਡ ਡੇਵਿਡ ਮਾਰਕਸ ਨੇ ਇਨਫਾਰਮੇਸ਼ਨ ਨਿਊਜ਼ ਵੈੱਬਸਾਈਟ ਨੂੰ ਦੱਸਿਆ ਹੈ ਕਿ ਕੰਪਨੀ ਦੇ ਲੀਡਰ ਡਿਜੀਟਲ ਵਾਲੇਟ Novi ਨੂੰ ਇਸੇ ਸਾਲ ਲਾਂਚ ਕਰਨ ਲਈ ਵਚਨਬੱਧ ਹਨ। ਉਹ ਚਾਹੁੰਦੇ ਹਨ ਕਿ Novi ਨੂੰ ਕੰਪਨੀ ਦੀ ਆਪਣੀ ਖੁਦ ਦੀ ਡਿਜੀਟਲ ਕਰੰਸੀ Diem ਦੇ ਨਾਲ ਲਾਂਚ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਡਿਜੀਟਲ ਵਾਲੇਟ Novi ਨੂੰ Diem ਤੋਂ ਪਹਿਲਾਂ ਲਾਂਚ ਕੀਤਾ ਜਾ ਸਕਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਸਾਲ 2019 ’ਚ ਫੇਸਬੁੱਕ ਨੇ ਐਲਾਨ ਕਰਦੇ ਹੋਏ ਕਿਹਾ ਸੀ ਕਿ ਕੰਪਨੀ ਆਪਣੀ ਖੁਦ ਦੀ ਕ੍ਰਿਪਟੋਕਰੰਸੀ ਲਾਂਚ ਕਰੇਗੀ ਜਿਸ ਨੂੰ ਲਿਬਰਾ (Libra) ਨਾਂ ਨਾਲ ਲਿਆਇਆ ਜਾ ਸਕਦਾ ਹੈ। ਹਾਲਾਂਕਿ, ਉਸ ਸਮੇਂ ਸੁਰੱਖਿਆ ਅਤੇ ਭਰੋਸੇ ਨਾਲ ਜੁੜੀਆਂ ਕੁਝ ਚਿੰਤਾਵਾਂ ਨੂੰ ਲੈ ਕੇ ਫੇਸਬੁੱਕ ਨੂੰ ਆਪਣੇ ਇਸ ਪ੍ਰਾਜੈੱਕਟ ਨੂੰ ਲੈ ਕੇ ਕੁਝ ਰੈਗੂਲੇਟਰੀ ਵਿਰੋਧ ਝੱਲਣੇ ਪਏ ਸਨ। 2020 ’ਚ ਲਿਬਰਾ ਦਾ ਨਾਂ ਬਦਲ ਕੇ Diem ਰੱਖ ਦਿੱਤਾ ਗਿਆ ਸੀ।