ਸਸਤੇ ਚਾਰਜਰ ਪੇਸ਼ ਕਰਨਗੇ ਈ-ਸਕੂਟਰ ਨਿਰਮਾਤਾ!

Tuesday, Mar 14, 2023 - 04:48 PM (IST)

ਆਟੋ ਡੈਸਕ- ਇਲੈਕਟ੍ਰਿਕ ਸਕੂਟਰ ਕੰਪਨੀਆਂ 4 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਚਾਰਜਰ ਦੀ ਪੇਸ਼ਕਸ਼ ਕਰਨ ਲਈ ਇਕ ਯੋਜਨਾ 'ਤੇ ਕੰਮ ਕਰ ਰਹੀਆਂ ਹਨ ਅਤੇ ਇਸਦੀ ਲਾਗਤ ਫੇਮ-2 ਸਬਸਿਡੀ ਹਾਸਿਲ ਕਰਨ ਲਈ ਸਰਕਾਰ ਵੱਲੋਂ ਤੈਅ ਕੀਮਤ ਸੀਮਾ 'ਚ ਸ਼ਾਮਲ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੂੰ ਇਸਦੇ ਨਿਰਮਾਣ ਅਤੇ ਈ.ਵੀ. ਦੇ ਨਾਲ ਪੇਸ਼ਕਸ਼ 'ਚ ਤਿੰਨ ਤੋਂ ਚਾਰ ਮਹੀਨੇ ਲੱਗਣਗੇ। ਭਾਰੀ ਉਦਯੋਗ ਵਿਭਾਗ ਨੇ ਕੰਪਨੀਆਂ ਨੂੰ ਵ੍ਹਿਸਲਬਲੋਅਰ ਦੀ ਸ਼ਿਕਾਇਤ 'ਤੇ ਜਵਾਬ ਦੇਣ ਲਈ ਕਿਹਾ ਹੈ, ਜਿਸ ਤੋਂ ਬਾਅਦ ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਵ੍ਹਿਸਲਬਲੋਅਰ ਨੇ ਸ਼ਿਕਾਇਤ ਕੀਤੀ ਕਿ ਇਲੈਕਟ੍ਰਿਕ ਸਕੂਟਰ ਕੰਪਨੀਆਂ ਜਿਵੇਂ ਕਿ ਐਥਰ ਐਨਰਜੀ, ਓਲਾ ਇਲੈਕਟ੍ਰਿਕ ਅਤੇ ਟੀ.ਵੀ.ਐੱਸ. 9,450 ਰੁਪਏ ਤੋਂ ਲੈ ਕੇ 19,000 ਰੁਪਏ ਤੱਕ ਦੀ ਕੀਮਤ 'ਚ ਚਾਰਜਰ ਵੇਚ ਰਹੀਆਂ ਹਨ ਅਤੇ ਇਸ ਨੂੰ ਈ.ਵੀ. ਦੀ ਐਕਸ-ਫੈਕਟਰੀ ਕੀਮਤ ਵਿਚ ਸ਼ਾਮਲ ਕਰਨ ਦੀ ਬਜਾਏ ਵੱਖਰੇ ਤੌਰ 'ਤੇ ਬਿਲਿੰਗ ਕਰ ਰਹੀਆਂ ਹਨ। ਜਦਕਿ ਅਸਲੀਅਤ ਇਹ ਹੈ ਕਿ ਚਾਰਜਰ ਤੋਂ ਬਿਨਾਂ ਗਾਹਕ ਇਲੈਕਟ੍ਰਿਕ ਸਕੂਟਰ ਨਹੀਂ ਚਲਾ ਸਕਦਾ।

ਇਲੈਕਟ੍ਰਿਕ ਸਕੂਟਰ ਬਣਾਉਣ ਵਾਲੀਆਂ ਕੁਝ ਕੰਪਨੀਆਂ ਨੇ ਕਿਹਾ ਕਿ ਉਹ ਖਪਤਕਾਰਾਂ ਦੀ ਮੰਗ ਅਨੁਸਾਰ ਚੱਲ ਰੀਹਆਂ ਸਨ ਕਿਉਂਕਿ ਬਹੁਤ ਸਾਰੇ ਲੋਕਾਂ ਕੋਲ ਇੱਕੋ ਬ੍ਰਾਂਡ ਦੇ ਸਕੂਟਰ ਹਨ ਅਤੇ ਉਹ ਕੋਈ ਹੋਰ ਚਾਰਜਰ ਨਹੀਂ ਖਰੀਦਣਾ ਚਾਹੁੰਦੇ ਹਨ। ਇਸ ਲਈ ਇਸ ਨੂੰ ਵੱਖਰੇ ਤੌਰ 'ਤੇ ਪੇਸ਼ ਕੀਤਾ ਗਿਆ ਸੀ ਪਰ ਵ੍ਹਿਸਲਬਲੋਅਰ ਨੇ ਕਿਹਾ, ਡੀਲਰਾਂ ਤੋਂ ਪਤਾ ਲੱਗਾ ਕਿ ਹਰ ਹਾਲਤ ਵਿੱਚ ਸਕੂਟਰ ਦੇ ਨਾਲ ਚਾਰਜਰ ਖਰੀਦਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਮੱਸਿਆ ਇਹ ਹੈ ਕਿ ਜੇਕਰ ਚਾਰਜਰ ਦੀ ਕੀਮਤ ਨੂੰ ਐਕਸ-ਫੈਕਟਰੀ ਕੀਮਤ ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਮਾਡਲਾਂ ਦੀ ਕੀਮਤ ਸਬਸਿਡੀ ਸਕੀਮ ਤਹਿਤ ਨਿਰਧਾਰਤ ਕੀਮਤ ਤੋਂ ਵੱਧ ਹੋਵੇਗੀ।

FAME-2 ਸਬਸਿਡੀ ਪ੍ਰਾਪਤ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਐਕਸ-ਫੈਕਟਰੀ ਕੀਮਤ 1.50 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਜੇਕਰ ਚਾਰਜਰ ਅਤੇ ਸਾਫਟਵੇਅਰ ਦੀ ਕੀਮਤ ਨੂੰ ਜੋੜਿਆ ਜਾਵੇ, ਤਾਂ ਇਲੈਕਟ੍ਰਿਕ ਸਕੂਟਰ ਦੀ ਐਕਸ-ਫੈਕਟਰੀ ਕੀਮਤ ਲਗਭਗ 1.53 ਲੱਖ ਰੁਪਏ ਤੋਂ 1.95 ਲੱਖ ਰੁਪਏ ਹੋਵੇਗੀ।

ਇਲੈਕਟ੍ਰਿਕ ਸਕੂਟਰ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਕਾਨੂੰਨੀ ਨਜ਼ਰੀਏ ਤੋਂ ਮਜ਼ਬੂਤ ​​ਸਥਿਤੀ 'ਚ ਹਾਂ ਕਿਉਂਕਿ ਚਾਰਜਰ ਨੂੰ ਇਲੈਕਟ੍ਰਿਕ ਸਕੂਟਰਾਂ ਦੇ ਨਿਯਮਾਂ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਲਈ ਇਸ ਨੂੰ ਐਕਸ-ਫੈਕਟਰੀ ਕੀਮਤ ਵਿਚ ਕਿਉਂ ਜੋੜਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਵਿਵਾਦਪੂਰਨ ਮੁੱਦੇ 'ਤੇ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜੇਕਰ ਸਰਕਾਰ ਇਸ 'ਤੇ ਜ਼ੋਰ ਦਿੰਦੀ ਹੈ, ਤਾਂ ਕੰਪਨੀ ਸਕੂਟਰ ਦੀ ਐਕਸ-ਫੈਕਟਰੀ ਕੀਮਤ ਦੇ ਹਿੱਸੇ ਵਜੋਂ ਹੌਲੀ ਚਾਰਜਰ ਪ੍ਰਦਾਨ ਕਰਨ 'ਤੇ ਵਿਚਾਰ ਕਰੇਗੀ। ਹਾਲਾਂਕਿ ਇਸ ਦੇ ਤਹਿਤ ਨਵਾਂ ਚਾਰਜਰ ਬਣਾਉਣ 'ਚ ਘੱਟੋ-ਘੱਟ ਤਿੰਨ ਤੋਂ ਚਾਰ ਮਹੀਨੇ ਲੱਗਣਗੇ। ਬੇਸ਼ੱਕ, ਗਾਹਕਾਂ ਕੋਲ ਵਾਧੂ ਕੀਮਤ 'ਤੇ ਤੇਜ਼ ਚਾਰਜਰ ਖਰੀਦਣ ਦਾ ਵਿਕਲਪ ਹੋਵੇਗਾ।


Rakesh

Content Editor

Related News