ਸਪੋਰਟਸ ਬਾਈਕ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ: ''ਗੂਗਲ ਮੈਪਸ'' ਫੀਚਰ ਨਾਲ ਲਾਂਚ ਹੋਈ ਨਵੀਂ Pulsar
Friday, Nov 20, 2026 - 09:46 PM (IST)
ਨਵੀਂ ਦਿੱਲੀ : ਦੋ-ਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ (Bajaj Auto) ਨੇ ਆਪਣੀ ਮਸ਼ਹੂਰ ਸਪੋਰਟਸ ਬਾਈਕ 'ਪਲਸਰ ਆਰ.ਐੱਸ. 200' (Pulsar RS200) ਨੂੰ ਨਵੇਂ ਅਤੇ ਆਧੁਨਿਕ ਅਪਡੇਟਸ ਨਾਲ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਈਕ ਵਿੱਚ ਨਾ ਸਿਰਫ਼ ਨਵੇਂ ਤਕਨੀਕੀ ਫੀਚਰਸ ਸ਼ਾਮਲ ਕੀਤੇ ਹਨ, ਸਗੋਂ ਇਸ ਦੇ ਇੰਜਣ ਦੀ ਤਾਕਤ ਨੂੰ ਵੀ ਪਹਿਲਾਂ ਨਾਲੋਂ ਵਧਾ ਦਿੱਤਾ ਹੈ।
ਨਵੀਂ ਬਜਾਜ ਪਲਸਰ RS200 ਹੁਣ 25.5 PS ਦੀ ਪਾਵਰ ਜਨਰੇਟ ਕਰਦੀ ਹੈ, ਜੋ ਕਿ ਪਹਿਲਾਂ 24.5 PS ਸੀ। ਇਸ ਵਿੱਚ ਇਲੈਕਟ੍ਰਾਨਿਕ ਥ੍ਰੋਟਲ ਬਾਡੀ, ਮਲਟੀਪਲ ਰਾਈਡਿੰਗ ਮੋਡਸ ਅਤੇ ਟਰੈਕਸ਼ਨ ਕੰਟਰੋਲ ਵਰਗੇ ਸ਼ਾਨਦਾਰ ਮਕੈਨੀਕਲ ਅਪਡੇਟ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰਾਈਡਿੰਗ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਇਸ ਵਿੱਚ 'ਸਪੋਰਟ ਸ਼ਿਫਟਰ' (Sport Shifter) ਵੀ ਜੋੜਿਆ ਗਿਆ ਹੈ।
ਕੰਪਨੀ ਨੇ ਪੁਰਾਣੀ ਐੱਲ.ਸੀ.ਡੀ. (LCD) ਸਕ੍ਰੀਨ ਦੀ ਥਾਂ ਬਾਈਕ ਵਿੱਚ ਨਵੀਂ 5-ਇੰਚ ਦੀ ਟੀ.ਐੱਫ.ਟੀ. (TFT) ਡਿਸਪਲੇਅ ਦਿੱਤੀ ਹੈ, ਜੋ ਗੂਗਲ ਮੈਪਸ ਮਿਰਰਿੰਗ ਫੀਚਰ ਨਾਲ ਲੈਸ ਹੈ। ਇਸ ਨਾਲ ਰਾਈਡਰ ਨੂੰ ਨੈਵੀਗੇਸ਼ਨ ਦੀ ਜਾਣਕਾਰੀ ਸਿੱਧੀ ਬਾਈਕ ਦੀ ਸਕ੍ਰੀਨ 'ਤੇ ਮਿਲੇਗੀ।
ਬਾਈਕ ਵਿੱਚ ਐਡਜਸਟੇਬਲ ਲੀਵਰ, ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ, ਹੈਜ਼ਰਡ ਸਵਿੱਚ ਅਤੇ ਪੈਨਿਕ ਬ੍ਰੇਕ ਅਲਰਟ ਵਰਗੇ ਸੁਰੱਖਿਆ ਫੀਚਰ ਦਿੱਤੇ ਗਏ ਹਨ। ਹਾਰਡਵੇਅਰ ਵਿੱਚ ਸੁਧਾਰ ਕਰਦਿਆਂ ਇਸ ਦੇ ਅਗਲੇ ਹਿੱਸੇ ਵਿੱਚ 37mm ਯੂ.ਐੱਸ.ਡੀ. (USD) ਫਰੰਟ ਫੋਰਕ ਸਸਪੈਂਸ਼ਨ ਲਗਾਇਆ ਗਿਆ ਹੈ। ਹਾਲਾਂਕਿ, ਬਾਈਕ ਦੇ ਸਪੋਰਟੀ ਡਿਜ਼ਾਈਨ ਅਤੇ ਸਟਾਈਲਿੰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਬਾਜ਼ਾਰ ਵਿੱਚ ਇਸ ਦਾ ਸਿੱਧਾ ਮੁਕਾਬਲਾ ਕੇ.ਟੀ.ਐੱਮ. ਆਰ.ਸੀ. 200, ਯਾਮਾਹਾ ਆਰ15 ਵੀ4 ਅਤੇ ਸੁਜ਼ੂਕੀ ਜਿਕਸਰ ਐੱਸ.ਐੱਫ. 250 ਨਾਲ ਹੋਵੇਗਾ। ਭਾਰਤੀ ਬਾਜ਼ਾਰ ਵਿੱਚ ਇਸ ਨਵੀਂ ਬਾਈਕ ਦੀ ਐਕਸ-ਸ਼ੋਰੂਮ ਕੀਮਤ 1,98,411 ਰੁਪਏ ਰੱਖੀ ਗਈ ਹੈ।
