ਐਪਲ ਨੇ ਲਾਂਚ ਕੀਤਾ iPhone 14 ਦਾ ਨਵਾਂ ਵੇਰੀਐਂਟ, ਜਾਣੋ ਇਸ ਵਿਚ ਕੀ ਹੈ ਖ਼ਾਸ
Thursday, Mar 09, 2023 - 11:25 AM (IST)

ਗੈਜੇਟ ਡੈਸਕ- ਐਪਲ ਨੇ ਆਪਣੀ ਲੇਟੈਸਟ ਆਈਫੋਨ ਸੀਰੀਜ਼ ਦੇ ਆਈਫੋਨ 14 ਅਤੇ ਆਈਫੋਨ 14 ਪਲੱਸ ਦਾ ਨਵਾਂ ਵੇਰੀਐਂਟ ਲਾਂਚ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਸੀ ਕਿ ਕੰਪਨੀ ਆਈਫੋਨ 14 ਦਾ ਨਵਾਂ ਵੇਰੀਐਂਟ ਲਾਂਚ ਕਰ ਸਕਦੀ ਹੈ। ਹੁਣ ਕੰਪਨੀ ਨੇ ਇਸਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਹਾਲਾਂਕਿ ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਦਾ ਨਵਾਂ ਵੇਰੀਐਂਟ ਨਹੀਂ ਆਇਆ।
ਇਸ ਤੋਂ ਪਹਿਲਾਂ ਕੰਪਨੀ ਨੇ 2018 'ਚ ਆਈਫੋਨ ਐਕਸ ਆਰ ਦਾ ਯੈਲੋ ਵੇਰੀਆਂਟ ਲਾਂਚ ਕੀਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਆਈਫੋਨ 11 ਦਾ ਵੀ ਯੈਲੋ ਵੇਰੀਐਂਟ ਪੇਸ਼ ਕੀਤਾ ਸੀ। ਦਰਅਸਲ, ਸਪਰਿੰਗ ਸੀਜ਼ਨ 'ਚ ਕੰਪਨੀ ਆਪਣੇ ਆਈਫੋਨ ਦੇ ਨਵੇਂ ਕਲਰ ਵੇਰੀਐਂਟਸ ਲਾਂਚ ਕਰਦੀ ਆਈ ਹੈ। ਪਿਛਲੇ ਸਾਲ ਕੰਪਨੀ ਨੇ ਸਪਰਿੰਗ ਸੀਜ਼ਨ 'ਚ ਆਈਫੋਨ 13 ਅਤੇ ਆਈਫੋਨ 13 ਪ੍ਰੋ ਦਾ ਅਲਪਾਈਨ ਗਰੀਨ ਕਲਰ ਵੇਰੀਐਂਟ ਲਾਂਚ ਕੀਤਾ ਸੀ।
ਨਵੇਂ ਕਲਰ ਵੇਰੀਐਂਟ 'ਚ ਕਲਰ ਤੋਂ ਇਲਾਵਾ ਕੋਈ ਦੂਜਾ ਬਦਲਾਅ ਨਹੀਂ ਕੀਤਾ ਗਿਆ। ਡਿਜ਼ਾਈਨ 'ਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਨਾ ਹੀ ਹਾਰਡਵੇਅਰ ਸਪੈਸੀਫਿਕੇਸ਼ਨ 'ਚ ਕਿਸੇ ਤਰ੍ਹਾਂ ਦਾ ਬਦਲਾਅ ਕੀਤਾ ਗਿਆ ਹੈ। ਜ਼ਾਹਿਰ ਹੈ ਕਿ ਕੀਮਤ ਵੀ ਓਨੀ ਹੀ ਹੈ ਜਿੰਨੀ ਸਟੈਂਡਰਡ ਵੇਰੀਐਂਟ ਦੀ ਹੈ।
ਆਈਫੋਨ 14 ਦੀ ਗੱਲ ਕਰੀਏ ਤਾਂ ਇਹ ਦਿਸਣ 'ਚ ਆਈਫੋਨ 13 ਵਰਗਾ ਹੀ ਹੈ ਪਰ ਇਸ ਵਾਰ ਕੰਪਨੀ ਨੇ ਪਲੱਸ ਵੇਰੀਐਂਟ ਲਾਂਚ ਕੀਤਾ ਹੈ। ਆਈਫੋਨ 14 ਪਲੱਸ ਦੀ ਚੰਗੀ ਗੱਲ ਇਹ ਹੈ ਕਿ ਇਸ ਵਿਚ ਬੈਟਰੀ ਬੈਕਅਪ ਜ਼ਿਆਦਾ ਮਿਲਦਾ ਹੈ ਪਰ ਡਿਜ਼ਾਈਨ ਪੱਖੋਂ ਇਹ ਇਕ ਸਮਾਨ ਲਗਦਾ ਹੈ।
ਆਈਫੋਨ 14 ਅਤੇ ਆਈਫੋਨ 14 ਪਲੱਸ ਮਾਡਲ ਪਹਿਲਾਂ ਤੋਂ 5 ਰੰਗਾਂ- ਬਲਿਊ, ਮਿਡਨਾਈਟ, ਪਰਪਲ, ਸਟਾਰਲਾਈਟ ਅਤੇ ਪ੍ਰੋਡਕਟ ਰੈੱਡ ਕਲਰ 'ਚ ਆਉਂਦੇ ਹਨ ਅਤੇ ਹੁਣ ਯੈਲੋ 'ਚ ਵੀ ਉਪਲੱਬਧ ਹਨ। ਇਹ ਆਈਫੋਨ ਤਿੰਨ ਸਟੋਰੇਜ ਆਪਸ਼ਨ- 128 ਜੀ.ਬੀ., 256 ਜੀ.ਬੀ. ਅਤੇ 512 ਜੀ.ਬੀ. 'ਚ ਆਉਂਦੇ ਹਨ ਅਤੇ ਆਈਫੋਨ 14 ਦੀ ਸ਼ੁਰੂਆਤੀ ਕੀਮਤ 79,900 ਰੁਪਏ ਅਤੇ ਆਈਫੋਨ 14 ਪਲੱਸ ਦੀ ਸ਼ੁਰੂਆਤੀ ਕੀਮਤ 89,900 ਰੁਪਏ ਹੈ। ਨਵੇਂ ਆਈਫੋਨ ਵੇਰੀਐਂਟ ਨੂੰ 10 ਮਾਰਚ ਤੋਂ ਪ੍ਰੀ-ਆਰਡਰ ਕੀਤਾ ਜਾ ਸਕੇਗਾ ਅਤੇ 14 ਮਾਰਚ ਤੋਂ ਖ਼ਰੀਦਿਆ ਜਾ ਸਕੇਗਾ।