ਔਰਤ ਕੋਲੋਂ ਮੋਬਾਈਲ ਖੋਹ ਕੇ ਫਰਾਰ ਹੋਈਆਂ ਤਿੰਨ ਲੁਟੇਰੀਆਂ ਔਰਤਾਂ ਕਾਬੂ
Thursday, Mar 07, 2024 - 04:27 PM (IST)
ਫਿਰੋਜ਼ਪੁਰ/ਜ਼ੀਰਾ (ਕੁਮਾਰ, ਗੁਰਮੇਲ ਸੇਖਵਾਂ) : ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੀ ਔਰਤ ਕੋਲੋਂ ਤਿੰਨ ਲੁਟੇਰੀਆਂ ਔਰਤਾਂ ਨੇ ਮੋਬਾਈਲ ਖੋਹ ਲਿਆ ਅਤੇ ਫ਼ਰਾਰ ਹੋ ਗਈਆਂ, ਜਿਨ੍ਹਾਂ ਨੂੰ ਰੌਲਾ ਪਾਉਣ ’ਤੇ ਲੋਕਾਂ ਨੇ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਖੂ ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਫੁੰਮਣ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਰਸੂਲਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਹ ਅਤੇ ਉਸਦੀ ਪਤਨੀ ਮਨਜਿੰਦਰ ਕੌਰ ਬਾਬਾ ਬਾਠਾਂ ਵਾਲਾ ਗੁਰਦੁਆਰਾ ਸਾਹਿਬ ਵਿਖੇ ਮੇਲਾ ਦੇਖਣ ਲਈ ਗਏ ਸੀ।
ਰਾਤ ਕਰੀਬ 8 ਵਜੇ ਜਦੋਂ ਉਹ ਵਾਪਸ ਘਰ ਜਾ ਰਹੇ ਸਨ ਤਾਂ ਮੀਤੋ ਕੌਰ ਵਾਸੀ ਇੰਦਰਾ ਬਸਤੀ ਜ਼ਿਲ੍ਹਾ ਸੰਗਰੂਰ, ਸੁਰਜੀਤੋ ਪਤਨੀ ਰਾਜਪਾਲ ਅਤੇ ਰਾਣੀ ਕੌਰ ਪਤਨੀ ਹੰਸਾ ਸਿੰਘ ਵਾਸੀ ਜ਼ਿਲ੍ਹਾ ਸੰਗਰੂਰ ਨੇ ਉਸ ਦੀ ਪਤਨੀ ਕੋਲੋਂ ਮੋਬਾਈਲ ਖੋਹ ਲਿਆ ਅਤੇ ਫ਼ਰਾਰ ਹੋ ਗਈਆਂ, ਜਿਨ੍ਹਾਂ ਨੂੰ ਰੌਲਾ ਪਾਉਣ ’ਤੇ ਲੋਕਾਂ ਨੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਮੁਲਜ਼ਮ ਔਰਤਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।