ਸ੍ਰੀ ਮੁਕਤਸਰ ਸਾਹਿਬ ਥਾਣੇ ਦਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ  ਵੱਲੋਂ 5,000 ਰੁਪਏ ਲੈਂਦੇ ਰੰਗੇ ਹੱਥੀਂ ਕਾਬੂ

Wednesday, Oct 02, 2024 - 08:43 PM (IST)

ਸ੍ਰੀ ਮੁਕਤਸਰ ਸਾਹਿਬ ਥਾਣੇ ਦਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ  ਵੱਲੋਂ 5,000 ਰੁਪਏ ਲੈਂਦੇ ਰੰਗੇ ਹੱਥੀਂ ਕਾਬੂ

ਜੈਤੋ (ਰਘੂਨੰਦਨ ਪਰਾਸ਼ਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਸੀ.ਆਈ.ਏ. ਸਟਾਫ਼ ਵਿੱਚ ਮੁੱਖ ਮੁਨਸ਼ੀ ਵਜੋਂ ਤਾਇਨਾਤ ਹੌਲਦਾਰ ਸਤਨਾਮ ਸਿੰਘ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਸ੍ਰੀ ਮੁਕਤਸਰ ਸਾਹਿਬ ਦੀ ਵਸਨੀਕ ਪਰਵੀਨ ਕੌਰ ਦੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤ ਅਨੁਸਾਰ ਹੌਲਦਾਰ ਸਤਨਾਮ ਸਿੰਘ ਨੇ ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਸੀ ਕਿ ਉਸਦਾ ਲੜਕਾ ਚੋਰੀ ਦਾ ਮੋਬਾਈਲ ਫੋਨ ਵਰਤ ਰਿਹਾ ਹੈ ਅਤੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ 50,000 ਰੁਪਏ ਦੀ ਮੰਗ ਕੀਤੀ ਗਈ। ਹਾਲਾਂਕਿ ਉਸਨੇ ਆਪਣੇ ਲੜਕੇ ਦੁਆਰਾ ਖਰੀਦੇ ਗਏ ਫੋਨ ਦਾ ਬਿੱਲ ਅਤੇ ਡੱਬਾ ਉਕਤ ਮੁਲਾਜ਼ਮ ਨੂੰ ਸੌਂਪ ਦਿੱਤਾ ਸੀ, ਪਰ ਇਸਦੇ ਬਾਵਜੂਦ ਵੀ ਪੁਲਿਸ ਮੁਲਾਜ਼ਮ ਨੇ ਸ਼ਿਕਾਇਤਕਰਤਾ ਤੋਂ 8,000 ਰੁਪਏ ਰਿਸ਼ਵਤ ਲਈ ਅਤੇ ਉਸਦੇ ਪੁੱਤਰ ਨੂੰ ਇਸ ਚੋਰੀ ਦੇ ਫੋਨ ਮਾਮਲੇ ਵਿੱਚ ਸ਼ਾਮਲ ਨਾ ਕਰਨ ਬਦਲੇ 5,000 ਰੁਪਏ ਹੋਰ ਦੇਣ ਦੀ ਵੀ ਮੰਗ ਕੀਤੀ।

ਉਕਤ ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗ ਰਹੇ ਇਸ ਪੁਲਸ ਮੁਲਾਜ਼ਮ ਦੀ ਗੱਲਬਾਤ ਰਿਕਾਰਡ ਕਰ ਲਈ ਸੀ ਅਤੇ ਮਦਦ ਲਈ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਹੌਲਦਾਰ ਸਤਨਾਮ ਸਿੰਘ ਨੂੰ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਦੂਜੀ ਕਿਸ਼ਤ ਵਸੂਲਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ।ਇਸ ਸਬੰਧੀ ਦੋਸ਼ੀ ਪੁਲਸ ਮੁਲਾਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।


author

Baljit Singh

Content Editor

Related News