ਸਰਕਾਰ ਦੀਆਂ ਹਦਾਇਤਾਂ ਤਹਿਤ ਹਰ ਐਤਵਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਰਹੇਗਾ ਮੁਕੰਮਲ ਬੰਦ
Sunday, Jun 14, 2020 - 01:05 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਖ਼ੁਰਾਣਾ): ਕੋਵਿਡ-19 ਦੇ ਪ੍ਰਕੋਪ ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਆਮ ਜਨਤਾ ਲਈ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਅਨੁਸਾਰ ਆਵਾਜਾਈ, ਵਪਾਰਕ ਆਦਿ ਲਈ ਨਵੇਂ ਨਿਰਦੇਸ਼ ਜਾਰੀ ਹੋਏ ਹਨ। ਜ਼ਿਲ੍ਹੇ 'ਚ ਸਰਕਾਰ ਦੇ ਇਨ੍ਹਾਂ ਨਿਰਦੇਸ਼ਾਂ ਤਹਿਤ ਵਪਾਰ ਮੰਡਲ ਸ੍ਰੀ ਮੁਕਤਸਰ ਸਾਹਿਬ ਵਲੋਂ ਨਗਰ ਕੌਂਸਲ ਵਿਖੇ ਕਮੇਟੀ ਇੰਸਪੈਕਟਰਾਂ ਨਾਲ ਇਕ ਮੀਟਿੰਗ ਕੀਤੀ ਗਈ, ਜਿਸ 'ਚ ਵਪਾਰ ਮੰਡਲ ਦੇ ਅਹੁਦੇਦਾਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਾਇਆ ਗਿਆ, ਜਿਸ 'ਤੇ ਵਪਾਰ ਮੰਡਲ ਨੇ ਸਹਿਮਤੀ ਪ੍ਰਗਟ ਕਰਦਿਆਂ ਸਰਕਾਰ ਦਾ ਸਮਰਥਨ ਦੇਣ ਦਾ ਫੈਸਲਾ ਲਿਆ ਹੈ।ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਸਕੱਤਰ ਡੀ.ਆਰ. ਤਨੇਜਾ ਤੇ ਜਨਰਲ ਸਕੱਤਰ ਰੌਸ਼ਨ ਲਾਲ ਚਾਵਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇੰਸਪੈਕਟਰ ਜਸਵੀਰ ਸਿੰਘ ਬਰਾੜ ਤੇ ਕੁਲਵੰਤ ਸਿੰਘ ਬਰਾੜ ਸ਼ਾਮਲ ਹੋਏ। ਮੀਟਿੰਗ ਦੌਰਾਨ ਇੰਸਪੈਕਟਰਾਂ ਨੇ ਸਰਕਾਰ ਦੇ ਨਿਯਮਾਂ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਹਫ਼ਤੇ ਦੇ ਪੰਜ ਦਿਨ ਵਪਾਰਕ ਅਦਾਰੇ ਆਮ ਵਾਂਗ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੇ ਜਦੋਂਕਿ ਗਜਟਿਡ ਛੁੱਟੀ ਵਾਲੇ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਵੱਖਰੀਆਂ ਹਦਾਇਤਾਂ ਹਨ। ਸ਼ਨੀਵਾਰ ਵਾਲੇ ਦਿਨ ਦੁਕਾਨਾਂ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ, ਜਦੋਂਕਿ ਐਤਵਾਰ ਨੂੰ ਮੁਕੰਮਲ ਬੰਦ ਰਹਿਣਗੀਆਂ। ਉਥੇ ਹੀ ਉਕਤ ਦੋਵਾਂ ਦਿਨਾਂ ਦੌਰਾਨ ਦੂਜੇ ਜ਼ਿਲ੍ਹੇ 'ਚ ਦਾਖ਼ਲੇ ਲਈ ਈ ਪਾਸ ਜ਼ਰੂਰੀ ਹੈ। ਉਥੇ ਹੀ ਦੱਸਿਆ ਗਿਆ ਕਿ ਐਤਵਾਰ ਵਾਲੇ ਦਿਨ ਮੁਕੰਮਲ ਬੰਦ ਦਾ ਐਲਾਨ ਵੀ ਸਰਕਾਰ ਵੱਲੋਂ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਵਪਾਰ ਮੰਡਲ ਸ੍ਰੀ ਮੁਕਤਸਰ ਸਾਹਿਬ ਦੇ ਅਹੁਦੇਦਾਰਾਂ ਨੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ 'ਤੇ ਸਰਕਾਰ ਦਾ ਸਹਿਯੋਗ ਕੀਤੇ ਜਾਣ ਦੀ ਗੱਲ ਆਖ਼ੀ ਹੈ। ਇਸ ਮੀਟਿੰਗ 'ਚ ਸ਼ੂ ਯੂਨੀਅਨ ਦੇ ਪ੍ਰਧਾਨ ਸੁਭਾਸ਼ ਮਦਾਨ, ਬੁਕ ਸ਼ੈਲਰ ਯੂਨੀਅਨ ਦੇ ਪ੍ਰਧਾਨ ਅਰਵਿੰਦਰ ਸਿੰਘ ਕਾਲਾ, ਹਲਵਾਈ ਯੂਨੀਅਨ ਦੇ ਪ੍ਰਧਾਨ ਰਵੀ ਵਾਟਸ, ਸਵਰਨਕਾਰ ਸੰਘ ਦੇ ਪ੍ਰਧਾਨ ਭੁਪਿੰਦਰ ਸਿੰਘ ਜੌਹਰ, ਗੁਰਮੀਤ ਸਿੰਘ, ਰੈਡੀਮੇਡ ਯੂਨੀਅਨ ਵੱਲੋਂ ਜੋਲੀ ਵਰਮਾ ਆਦਿ ਹਾਜ਼ਰ ਸਨ। ਵਰਣਨਯੋਗ ਹੈ ਕਿ ਕੋਵਿਡ-19 ਤਹਿਤ ਲਾਕਡਾਊਨ ਦੇ ਵਾਧੇ 'ਚ ਸਕਰਾਰ ਵੱਲੋਂ ਦਿੱਤੇ ਗਏ ਨਵੇਂ ਨਿਰਦੇਸ਼ਾਂ ਤਹਿਤ ਐਤਵਾਰ ਨੂੰ ਮੁਕੰਮਲ ਬੰਦ 'ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ, ਜਿਸਦਾ ਵਪਾਰੀਆਂ ਵੱਲੋਂ ਸਮਰਥਨ ਕਰਨ ਦੀ ਗੱਲ ਆਖ਼ੀ ਗਈ ਹੈ।
ਇਹ ਹਨ ਸਰਕਾਰ ਦੀਆਂ ਹਦਾਇਤਾਂ -ਜ਼ਿਲੇ ਅੰਦਰ ਸੋਮਵਾਰ ਤੋਂ ਸ਼ੁੱਕਰਵਾਰ ਕਿਸੇ ਵੀ ਪ੍ਰਕਾਰ ਦੀ ਆਵਾਜਾਈ 'ਤੇ ਪਾਬੰਦੀ ਨਹੀਂ ਹੋਵੇਗੀ ਅਤੇ ਨਾ ਹੀ ਆਵਜਾਈ ਸਬੰਧੀ ਈ ਪਾਸ ਦੀ ਜ਼ਰੂਰਤ ਹੋਵੇਗੀ। ਸ਼ਨੀਵਾਰ, ਐਤਵਾਰ ਤੇ ਸਰਕਾਰੀ ਛੁੱਟੀ ਵਾਲੇ ਦਿਨ ਇਕ ਜ਼ਿਲੇ ਤੋਂ ਦੂਜੇ ਜ਼ਿਲੇ 'ਚ ਦਾਖ਼ਲੇ ਲਈ ਈ ਪਾਸ ਜ਼ਰੂਰੀ ਹੋਵੇਗਾ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰਾਸ਼ਨ, ਖ਼ਾਣ-ਪੀਣ ਵਾਲੀਆਂ ਚੀਜ਼ਾਂ, ਸਬਜ਼ੀਆਂ, ਪੀਣ ਵਾਲੇ ਪਾਣੀ ਸਪਲਾਈ, ਪਸ਼ੂ ਚਾਰੇ ਦੀ ਸਪਲਾਈ, ਫੂਡ ਆਇਟਮਾਂ ਦੀ ਸਪਲਾਈ, ਪੈਟਰੋਲ, ਡੀਜ਼ਲ, ਗੈਸ, ਸ਼ੈਲਰ, ਡੇਅਰੀ ਪਲਾਂਟ, ਦਵਾਈਆਂ ਦੀਆਂ ਦੁਕਾਨਾਂ, ਫਾਰਮੇਸੀ ਸਟੋਰ, ਸਿਹਤ ਸੇਵਾਵਾਂ, ਟੈਲੀਕਾਮ ਆਪ੍ਰੇਟਰ, ਬੈਂਕ, ਏ.ਟੀ.ਐੱਮ, ਡਾਕਖ਼ਾਨੇ, ਗੋਦਾਮਾਂ ਦਾ ਕੰਮ ਆਦਿ ਦੁਕਾਨਾਂ ਸਵੇਰੇ 7 ਤੋਂ ਸ਼ਾਮ 7 ਤੱਕ ਖੁੱਲਣਗੀਆਂ, ਜਦੋਂਕਿ ਸ਼ਨੀਵਾਰ ਸਵੇਰੇ 7 ਤੋਂ ਸ਼ਾਮ 5 ਤੱਕ ਖੁੱਲ੍ਹਣਗੀਆਂ। ਸ਼ਰਾਬ ਦੇ ਠੇਕੇ ਹਫ਼ਤੇ ਦੇ ਸਾਰੇ ਦਿਨ ਸਵੇਰੇ 7 ਤੋਂ ਰਾਤ 8 ਵਜੇ ਤੱਕ ਖੁੱਲਣਗੇ। ਰੈਸਟੋਰੈਟਾਂ 'ਤੇ ਕੇਵਲ ਹੋਮ ਡਲਿਵਰੀ ਦੀ ਇਜਾਜ਼ਤ ਹੋਵੇਗੀ।
ਵਿਆਹ ਸਮਾਗਮ 'ਚ 50 ਤੋਂ ਜ਼ਿਆਦਾ ਇਕੱਠ ਨਹੀਂ ਹੋਵੇਗਾ, ਜਿਸ ਲਈ ਐੱਸ.ਡੀ.ਐੱਮ. ਤੋਂ ਜਗ੍ਹਾ ਦੀ ਮਨਜ਼ਰੀ ਤੇ ਪਾਸ ਦੀ ਮਨਜ਼ੂਰੀ ਜ਼ਰੂਰੀ ਹੈ। ਵਿਆਹ ਵਿਚ ਸ਼ਾਮਲ ਹੋਣ ਲਈ ਹਰੇਕ ਦਾ ਈ ਪਾਸ ਜ਼ਰੂਰੀ ਹੈ ਤੇ ਵਿਆਹ ਵਿਚ ਸ਼ਾਮਲ ਹੋਣ ਵਾਲਿਆਂ ਦੀ ਸੂਚੀ ਐੱਸ.ਡੀ.ਐੱਮ ਨੂੰ ਮੁਹੱਈਆ ਕਰਾਇਆ ਜਾਵੇਗੀ। ਸ਼ਡਿਊਲ ਮੁਤਾਬਿਕ ਨਿਰਧਾਰਤ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ, ਜਿਨ੍ਹਾਂ ਲਈ ਪਹਿਲਾਂ ਹੀ ਮਨਜ਼ੂਰੀ ਹਾਸਲ ਕੀਤੀ ਜਾ ਚੁੱਕੀ ਹੈ, ਉਹ ਸ਼ਡਿਊਲ ਮੁਤਾਬਕ ਹੀ ਹੋਣਗੀਆਂ।