ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਕਾਰਨ ਲੋਕਾਂ ਪ੍ਰੇਸ਼ਾਨ
Thursday, Nov 29, 2018 - 05:32 PM (IST)

ਫਰੀਦਕੋਟ (ਜਸਬੀਰ)- ਸ਼ਹਿਰ ਦੀ ਪੁਰਾਣੀ ਕੈਂਟ ਰੋਡ ’ਤੇ ਫਿਰਦੇ ਆਵਾਰਾ ਕੁੱਤਿਆਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ। ਆਵਾਰਾ ਕੁੱਤਿਆਂ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ ਕਿਉਂਕਿ ਪਤਾ ਨਹੀਂ ਲੱਗਦਾ ਕਿ ਕਦੋਂ ਇਹ ਕਿਸੇ ਬੱਚੇ, ਬਜ਼ੁਰਗ ਜਾਂ ਵਿਅਕਤੀ ਨੂੰ ਵੱਢ ਲੈਣ। ਕੰਮੇਆਣਾ ਗੇਟ ਤੋਂ ਲੈ ਕੇ ਪੁਰਾਣੀ ਕੈਂਟ ਰੋਡ ’ਤੇ ਆਵਾਰਾ ਕੁੱਤੇ ਵੱਡੀ ਗਿਣਤੀ ’ਚ ਘੁੰਮਦੇ ਆਮ ਹੀ ਦੇਖੇ ਜਾ ਸਕਦੇ ਹਨ। ਕਈ ਵਾਰ ਇਨ੍ਹਾਂ ਕੁੱਤਿਆਂ ਕਾਰਨ ਹਾਦਸੇ ਵੀ ਵਾਪਰ ਚੁੱਕੇ ਹਨ। ਖਾਸ ਕਰ ਕੇ ਛੋਟੇ ਬੱਚਿਆਂ ਦਾ ਇਕੱਲੇ ਘਰੋਂ ਨਿਕਲਣਾ ਮੁਸ਼ਕਲ ਕਰ ਰੱਖਿਆ ਹੈ। ਲੰਬੇ ਸਮੇਂ ਤੋਂ ਇਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੋ ਕੇ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਕਰ ਕੇ ਲੋਕ ਬੇਹੱਦ ਪ੍ਰੇਸ਼ਾਨ ਹਨ ਪਰ ਅਜੇ ਤੱਕ ਜ਼ਿਲਾ ਪ੍ਰਸ਼ਾਸਨ ਨੇ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਸਬੰਧੀ ਬਾਬਾ ਫਰੀਦ ਨਗਰ, ਅਮਨ ਨਗਰ, ਜਰਮਨ ਕਾਲੋਨੀ ਅਤੇ ਦਸਮੇਸ਼ ਨਗਰ ਦੇ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਦਾ ਕੋਈ ਯੋਗ ਹੱਲ ਕੀਤਾ ਜਾਵੇ।