ਮੁਹੱਲਾ ਵਿਕਾਸ ਕਮੇਟੀ ਨੇ ਬੰਦ ਪਿਆ ਗੰਦਾ ਨਾਲਾ ਖੁਦ ਖਰਚਾ ਕਰਕੇ ਕਰਵਾਇਆ ਚਾਲੂ
Sunday, Nov 18, 2018 - 05:01 PM (IST)

ਫਰੀਦਕੋਟ (ਨਰਿੰਦਰ)- ਸਥਾਨਕ ਆਨੰਦ ਨਗਰ ਦੀ ਮੁਹੱਲਾ ਵਿਕਾਸ ਕਮੇਟੀ ਵੱਲੋਂ ਕਈ ਸਾਲਾਂ ਤੋਂ ਬੰਦ ਪਿਆ ਗੰਦਾ ਨਾਲਾ ਖੁਦ ਖਰਚਾ ਕਰ ਕੇ ਚਾਲੂ ਕਰਵਾਇਆ ਗਿਆ ਹੈ। ਇਸ ਸਬੰਧੀ ਮੁਹੱਲਾ ਵਿਕਾਸ ਕਮੇਟੀ ਦੇ ਪ੍ਰਧਾਨ ਆਨੰਤਦੀਪ ਸਿੰਘ ਰੋਮਾ ਬਰਾਡ਼ ਨੇ ਦੱਸਿਆ ਕਿ ਕਈ ਸਾਲਾਂ ਤੋਂ ਮੁਹੱਲੇ ਵਿਚ ਪਾਣੀ ਦੀ ਨਿਕਾਸੀ ਦਾ ਕਾਫੀ ਬੁਰਾ ਹਾਲ ਸੀ, ਜਿਸ ਨਾਲ ਇਕੱਠੇ ਹੋਏ ਪਾਣੀ ਨੇ ਕਈ ਜਗ੍ਹਾ ’ਤੇ ਛੱਪਡ਼ ਦਾ ਰੂਪ ਧਾਰਨ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਹੱਲਾ ਵਾਸੀਆਂ ਵੱਲੋਂ ਨਗਰ ਕੌਂਸਲ ਨੂੰ ਕਈ ਵਾਰ ਲਿਖਤੀ ਅਤੇ ਜੁਬਾਨੀ ਤੌਰ ’ਤੇ ਸੂਚਿਤ ਕੀਤਾ ਗਿਆ ਸੀ ਪਰ ਕੋਈ ਧਿਆਨ ਨਾ ਦਿੱਤੇ ਜਾਣ ’ਤੇ ਉਹ ਖੁਦ ਇਸ ਸਮੱਸਿਆ ਨੂੰ ਹੱਲ ਲਈ ਅੱਗੇ ਆਏ। ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀਆਂ ਦੀ ਇਸ ਗੰਭੀਰ ਸਮੱਸਿਆ ਨੂੰ ਵੇਖਦੇ ਹੋਏ ਕਮੇਟੀ ਵੱਲੋਂ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਗੰਦੇ ਨਾਲੇ ਵਿਚੋਂ ਗਾਰ ਕਢਾਈ ਗਈ ਅਤੇ ਪੁਲੀ ਹੇਠਾਂ ਸੀਮੈਂਟ ਦੀ ਪਾਇਪ ਗੰਦੇ ਨਾਲੇ ਵਿਚ ਪੁਆ ਕੇ ਨਾਲੇ ਨੂੰ ਚਾਲੂ ਕਰਵਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਮੁਹੱਲੇ ਦੇ ਹੋਰ ਵਿਕਾਸ ਕਾਰਜਾਂ ਸਬੰਧੀ ਦੱਸਿਆ ਕਿ ਜੇ. ਸੀ. ਬੀ. ਮਸ਼ੀਨ ਨਾਲ ਮੁਹੱਲੇ ਦੇ ਮਲਬੇ ਦੀ ਸਫਾਈ ਵੀ ਕਰਵਾਈ ਗਈ, ਸਟਰੀਟ ਲਾਇਟਾਂ ਚਾਲੂ ਕਰਵਾਈਆਂ, ਡੇਂਗੂ ਤੋਂ ਬਚਣ ਲਈ ਤਿੰਨ ਵਾਰ ਫੌਗਿੰਗ ਕਰਵਾਈ, ਮੁਹੱਲੇ ਵਿਚ ਘਾਹ ਤੇ ਜੰਗਲੀ ਨਦੀਨਾਂ ਦੇ ਖਾਤਮੇ ਲਈ ਰਾਊਂਡ ਅਪ ਦਵਾਈ ਦਾ ਛਿਡ਼ਕਾਅ ਕਰਵਾਇਆ, ਵਾਟਰ ਵਰਕਸ ਦੀ ਸਾਫ ਪਾਣੀ ਦੀ ਸਪਲਾਈ ਨੂੰ ਨਿਰੰਤਰ ਕਰਨ ਲਈ ਪਾਇਪ ਦੀ ਰਿਪੇਅਰ ਕਰਵਾਈ ਤੇ ਲਗਾਤਾਰ 15 ਦਿਨ ਦੀ ਜਦੋਂ-ਜਹਿਦ ਨਾਲ ਸੀਵਰੇਜ ਚੈਂਬਰ ਸਾਫ ਕਰਵਾਏ ਗਏ। ਇਨ੍ਹਾਂ ਕੰਮਾਂ ਲਈ ਕਰਮ ਸਿੰਘ ਢਿੱਲੋਂ, ਨਛੱਤਰ ਸਿੰਘ, ਮਾ. ਕੁਲਵੰਤ ਰਾਜ, ਰਾਮਪਾਲ ਕਲੇਰ, ਹਰਦੀਪ ਸਿੰਘ ਬਰਾਡ਼, ਨੰਦ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।