ਇਲਾਕਾ ਨਿਵਾਸੀਆਂ ਵੱਲੋਂ ਡੇਰਾ ਜਲਾਲ ਵਾਲੀ ਸਡ਼ਕ ਬਣਾਉਣ ਦੀ ਮੰਗ
Friday, Apr 19, 2019 - 10:00 AM (IST)
ਫਰੀਦਕੋਟ (ਜ. ਬ.)-ਰੇਲਵੇ ਫਾਟਕ ਤੋਂ ਲੈ ਕੇ ਡੇਰਾ ਜਲਾਲ ਤੱਕ ਸਡ਼ਕ ਦੀ ਹਾਲਤ ਦਿਨ ਪ੍ਰਤੀ ਦਿਨ ਵਿਗਡ਼ਦੀ ਜਾ ਰਹੀ ਹੈ। ਹਲਕਾ ਜਿਹਾ ਮੀਂਹ ਪੈਣ ਤੋਂ ਬਾਅਦ ਇਸ ਸਡ਼ਕ ਉੱਪਰ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਡ਼ਕ ’ਤੇ ਇਕ ਇੱਟਾਂ ਵਾਲੀ ਟਰਾਲੀ ਸਡ਼ਕ ਵਿਚਕਾਰ ਧਸ ਗਈ। ਇਸ ਟਰਾਲੀ ਨੂੰ ਕੱਢਣ ਲਈ ਦੂਜੀ ਟਰਾਲੀ ਮੰਗਵਾਈ ਗਈ ਪਰ ਉਹ ਵੀ ਧਸ ਗਈ ਅਤੇ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ। ਥਾਂ-ਥਾਂ ’ਤੇ ਇਹ ਸਡ਼ਕ ਧਸ ਗਈ ਹੈ, ਜਿਸ ਕਾਰਨ ਕਿਸੇ ਵੇਲੇ ਵੀ ਜਾਨੀ ਨੁਕਸਾਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਸਡ਼ਕ ’ਤੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਲੋਕਾਂ ਦੀ ਸੇਵਾ ਕਰ ਰਿਹਾ ਹੈ, ਜਿੱਥੇ ਰੋਜ਼ਾਨਾ 250 ਤੋਂ 300 ਦੇ ਕਰੀਬ ਮਰੀਜ਼ ਅੱਖਾਂ ਚੈੱਕ ਕਰਵਾਉਣ ਆਉਂਦੇ ਹਨ। ਹਸਪਤਾਲ ਤੋਂ ਇਲਾਵਾ 2 ਸਰਕਾਰੀ ਪ੍ਰਾਇਮਰੀ ਸਕੂਲ ਅਤੇ ਇਕ ਨਿੱਜੀ ਸੀ. ਸੈ. ਸਕੂਲ ਅਤੇ ਇਕ ਪੀਣ ਵਾਲੇ ਪਾਣੀ ਦਾ ਆਰ. ਓ. ਸਿਸਟਮ ਲੱਗਾ ਹੋਇਆ ਹੈ। ਕਰੀਬ 6-7 ਮਹੀਨੇ ਪਹਿਲਾਂ ਇਸ ਸਡ਼ਕ ਨੂੰ ਪੁੱਟ ਕੇ ਸੀਵਰੇਜ ਦੀਆਂ ਪਾਈਪਾਂ ਪਾਈਆਂ ਗਈਆਂ ਸਨ ਪਰ ਸਬੰਧਤ ਵਿਭਾਗ ਵੱਲੋਂ ਇਸ ਸਡ਼ਕ ਨੂੰ ਦੁਬਾਰਾ ਨਹੀਂ ਬਣਾਇਆ ਜਾ ਰਿਹਾ, ਜਿਸ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਸੰਤ ਰਿਸ਼ੀ ਰਾਮ ਸੰਚਾਲਕ ਵਿਵੇਕ ਆਸ਼ਰਮ, ਪ੍ਰਿੰ. ਤਰਸੇਮ ਸਿੰਘ ਨਰੂਲਾ ਸਮਾਜ ਸੇਵੀ, ਇੰਦਰਜੀਤ ਸ਼ਰਮਾ ਸਮਾਜ ਸੇਵੀ, ਪ੍ਰਿੰ. ਜਗਰੂਪ ਸਿੰਘ ਬਰਾਡ਼, ਨਗਰ ਸੁਧਾਰ ਕਮੇਟੀ ਦੇ ਸਕੱਤਰ ਜਸਵਿੰਦਰ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਇਸ ਸਡ਼ਕ ਨੂੰ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
