ਪਿਤਾ ਨੇ ਕੀਤੀਆਂ ਧੀ ਦੀਆਂ ਅੱਖਾਂ ਦਾਨ
Tuesday, Dec 25, 2018 - 11:25 AM (IST)
ਫਰੀਦਕੋਟ (ਦਰਦੀ)- ਕੁਲਵੰਤ ਸਿੰਘ ਪਿੰਡ ਰੋਡ਼ਾਂਵਾਲੀ ਜ਼ਿਲਾ ਮੋਗਾ ਨੇ ਆਪਣੀ 22 ਸਾਲਾਂ ਦੀ ਲਡ਼ਕੀ ਗੁਰਵਿੰਦਰ ਕੌਰ, ਜੋ ਕਿ ਅਕਾਲ ਚਲਾਣਾ ਕਰ ਗਈ ਸੀ, ਦੀਆਂ ਅੱਖਾਂ ਆਪਣੀਆਂ ਸੇਜਲ ਅੱਖਾਂ ਨਾਲ ਜ਼ਿਲੇ ਦੀ ਮੁਕਤੀਸਰ ਆਈ ਡੋਨੇਸ਼ਨ ਸੋਸਾਇਟੀ ਨੂੰ ਦਾਨ ਕੀਤੀਆਂ। ਇਸ ਸਮੇਂ ਸੋਸਾਇਟੀ ਦੀ ਮੋਬਾਇਲ ਟੀਮ ਦੇ ਡਾ. ਅਜੇ ਸ਼ਰਮਾ ਨੇ ਗੁਰਵਿੰਦਰ ਕੌਰ ਦੀਆਂ ਪੂਰੀਆਂ ਅੱਖਾਂ ਦੀ ਬਜਾਏ ਸਿਰਫ ਪੁਤਲੀਆਂ ਹੀ ਲਈਆਂ। ਉਨ੍ਹਾਂ ਦੱਸਿਆ ਕਿ ਇਹ ਪੁਤਲੀਆਂ ਕਿਸੇ ਨੇਤਰਹੀਣ ਵਿਅਕਤੀ ਨੂੰ ਸੰਸਾਰ ਵੇਖਣ ਦੇ ਕਾਬਲ ਬਣਾਉਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪੁਤਲੀਆਂ ਗੁਰੂ ਰਾਮਦਾਸ ਹਸਪਤਾਲ, ਸ੍ਰੀ ਅੰਮ੍ਰਿਤਸਰ ਵਿਖੇ ਭੇਜ ਦਿੱਤੀਆਂ ਗਈਆਂ ਹਨ। ਸੋਸਾਇਟੀ ਦੇ ਸਮੂਹ ਮੈਂਬਰਾਂ ਨੇ ਇਸ ਮਹਾ ਦਾਨ ਲਈ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਗੁਰਵਿੰਦਰ ਕੌਰ ਸੋਸਾਇਟੀ ਦੀ 283ਵੀਂ ਨੇਤਰਦਾਨੀ ਬਣੀ ਹੈ।
