ਨੈਸ਼ਨਲ ਹਾਈਵੇ-15 ’ਤੇ ਭਿੜੇ ਸਾਨ੍ਹ, ਰਾਹਗੀਰ ਹੋਏ ਪ੍ਰੇਸ਼ਾਨ

Tuesday, Dec 25, 2018 - 11:34 AM (IST)

ਨੈਸ਼ਨਲ ਹਾਈਵੇ-15 ’ਤੇ ਭਿੜੇ ਸਾਨ੍ਹ, ਰਾਹਗੀਰ ਹੋਏ ਪ੍ਰੇਸ਼ਾਨ

ਫਰੀਦਕੋਟ (ਨਰਿੰਦਰ, ਜ. ਬ.)- ਕੋਟਕਪੂਰਾ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਦੇ ਹਰ ਇਲਾਕੇ ਵਿਚ ਹੀ ਵੱਡੀ ਗਿਣਤੀ ਵਿਚ ਬੇਸਹਾਰਾ ਪਸ਼ੂ ਵੇਖੇ ਜਾ ਸਕਦੇ ਹਨ ਪਰ ਬੱਤੀਆਂ ਵਾਲਾ ਚੌਕ, ਨਵਾਂ ਬੱਸ ਸਟੈਂਡ ਇਲਾਕਾ, ਪੁਰਾਣਾ ਸ਼ਹਿਰ, ਜੌਡ਼ੀਆਂ ਚੱਕੀਆਂ, ਜੈਤੋ ਚੁੰਗੀ, ਸ਼ਾਂਤੀ ਨਗਰ, ਵਾਲਮੀਕਿ ਚੌਕ ਅਤੇ ਸ਼ਹਿਰ ਤੋਂ ਨਿਕਲਦੀਆਂ ਸਾਰੀਆਂ ਮੁੱਖ ਸਡ਼ਕਾਂ ’ਤੇ ਇਨ੍ਹਾਂ ਬੇਸਹਾਰਾ ਪਸ਼ੂਆਂ ਦੇ ਝੁੰਡ ਘੁੰਮਦੇ ਆਮ ਦਿਖਾਈ ਦਿੰਦੇ ਹਨ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਅਕਸਰ ਹੀ ਇਹ ਪਸ਼ੂ ਆਪਸ ਵਿਚ ਭਿੜਦੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਦਾ ਖਤਰਾ ਪੈਦਾ ਹੋ ਜਾਂਦਾ ਹੈ। ਬੀਤੇ ਦਿਨ ਸ਼ਹਿਰ ਦੀ ਭਾਰੀ ਆਵਾਜਾਈ ਵਾਲੀ ਸਡ਼ਕ ਨੈਸ਼ਨਲ ਹਾਈਵੇ-15 ਦੇ ਵਿਚਕਾਰ ਦੋ ਸਾਨ੍ਹ ਆਪਸ ਵਿਚ ਭਿਡ਼ ਗਏ, ਜਿਸ ਕਾਰਨ ਆਲੇ-ਦੁਆਲੇ ਦੇ ਦੁਕਾਨਦਾਰਾਂ ਦੇ ਨਾਲ-ਨਾਲ ਉੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹ ਸਾਨ੍ਹ ਉਕਤ ਹਾਈਵੇ ’ਤੇ ਕਾਫੀ ਦੇਰ ਤੱਕ ਭਿੜਦੇ ਰਹੇ ਅਤੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਸਡ਼ਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ। ਇਸ ਸਮੇਂ ਕੁਝ ਵਿਅਕਤੀਆਂ ਨੇ ਇਨ੍ਹਾਂ ਨੂੰ ਹਟਾਉਣ ਲਈ ਪਾਣੀ ਅਤੇ ਡਾਂਗਾਂ ਦੀ ਮਦਦ ਨਾਲ ਯਤਨ ਵੀ ਕੀਤੇ ਗਏ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਇਹ ਦੋਵੇਂ ਇਕ-ਦੂਜੇ ਤੋਂ ਵੱਖ ਹੋਏ। ਵੱਖ ਹੋਣ ਤੋਂ ਬਾਅਦ ਜਦੋਂ ਦੋਵੇਂ ਸਾਨ੍ਹ ਤੇਜ਼ੀ ਨਾਲ ਭੱਜਣ ਲੱਗੇ ਤਾਂ ਕਈ ਵਾਹਨ ਚਾਲਕ ਇਨ੍ਹਾਂ ਦੀ ਲਪੇਟ ’ਚ ਆਉਂਦੇ-ਆਉਂਦੇ ਬਚੇ। ਇਸ ਦੌਰਾਨ ਸਥਾਨਕ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਲਗਾਤਾਰ ਵੱਧ ਰਹੀ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।


Related News