ਬੇਭਰੋਸਗੀ ਮਤਾ : ਬਚ ਗਈ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਕਾਂਗਰਸੀ ਪ੍ਰਧਾਨ ਦੀ ਕੁਰਸੀ

05/04/2023 9:27:50 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਪ੍ਰਧਾਨ ਦੇ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਇਕ ਪੱਤਰ 21 ਅਪ੍ਰੈਲ ਨੂੰ ਦਿੱਤਾ ਗਿਆ ਸੀ। ਇਸ ਪੱਤਰ ’ਤੇ 11 ਕੌਂਸਲਰਾਂ ਦੇ ਦਸਤਖ਼ਤ ਸਨ। ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨੇ ਇਸ ਪੱਤਰ ਤਹਿਤ ਕਾਰਵਾਈ ਕਰਦਿਆਂ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ ਨੂੰ 14 ਦਿਨ ’ਚ ਮੀਟਿੰਗ ਬਲਾਉਣ ਦਾ ਸਮਾਂ ਦਿੱਤਾ ਸੀ। ਇਸੇ ਇਵਜ਼ ’ਚ ਅੱਜ ਨਗਰ ਕੌਂਸਲ ਪ੍ਰਧਾਨ ਵੱਲੋਂ ਮੀਟਿੰਗ ਬੁਲਾਈ ਗਈ।

ਮੀਟਿੰਗ ’ਚ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ ਤੋਂ ਇਲਾਵਾ ਤਿੰਨ ਹੋਰ ਕਾਂਗਰਸੀ ਕੌਂਸਲਰ ਤੇਜਿੰਦਰ ਸਿੰਘ ਜਿੰਮੀ ਬਰਾੜ, ਮੁਨੀਸ਼ ਕੁਮਾਰ, ਜਸਵਿੰਦਰ ਸਿੰਘ ਮਿੰਟੂ ਕੰਗ ਪਹੁੰਚੇ। ਵਿਰੋਧੀ ਧਿਰ ਵੱਲੋਂ ਨਿਯਮ ਅਨੁਸਾਰ ਬੇਭਰੋਯਗੀ ਮਤਾ ਪਾਸ ਕਰਵਾਉਣ ਲਈ ਕੁਲ 31 ਕੌਂਸਲਰਾਂ ’ਚੋਂ 22 ਕੌਂਸਲਰ ਪੇਸ਼ ਕੀਤੇ ਜਾਣੇ ਸਨ, ਜਿਸ ’ਚ ਵਿਰੋਧੀ ਧਿਰ ਨਾਕਾਮਯਾਬ ਰਹੀ। ਇਸ ਦੇ ਚੱਲਦਿਆਂ ਅੱਜ ਪ੍ਰਧਾਨ ਦੀ ਕੁਰਸੀ ’ਤੇ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ ਬਣੇ ਰਹਿਣਗੇ। ਮੀਟਿੰਗ ਸਬੰਧੀ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨੇ ਕਿਹਾ ਕਿ ਬੇਭਰੋਸਯਗੀ ਮਤੇ ਸਬੰਧੀ ਪੱਤਰ ਦੇਣ ਵਾਲੀ ਧਿਰ ਵੱਲੋਂ 22 ਕੌਂਸਲਰ ਪੇਸ਼ ਨਾ ਕਰਨ ’ਤੇ ਇਹ ਮਤਾ ਰੱਦ ਹੋ ਗਿਆ ਅਤੇ ਪ੍ਰਧਾਨ ਦੀ ਕੁਰਸੀ ’ਤੇ ਫਿਲਹਾਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਬਣੇ ਰਹਿਣਗੇ। ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰੀਆ ਨੇ ਕਿਹਾ ਕਿ ਕੌਂਸਲਰ ਅਤੇ ਲੋਕ ਉਨ੍ਹਾਂ ਦੇ ਨਾਲ ਹਨ ਅਤੇ ਉਹ ਸ਼ਹਿਰ ਦੇ ਵਿਕਾਸ ਕਾਰਜ ਜਾਰੀ ਰੱਖਣਗੇ। 

 ਅਕਾਲੀ ਦਲ ਦੇ ਆਪਣੇ ਹੀ ਕੌਂਸਲਰ ਖਿਸਕੇ 

ਪ੍ਰਧਾਨ ਦੇ ਵਿਰੁੱਧ ਬੇਭਰੋਸਯਗੀ ਦਾ ਮਤਾ ਅਕਾਲੀ ਕੌਂਸਲਰਾਂ ਵੱਲੋਂ ਦਿੱਤਾ ਗਿਆ ਸੀ, ਜਿਸ ਵਿਚ ਪ੍ਰਧਾਨ ਦੇ ਵਿਰੋਧੀ ਧੜੇ ਦੇ ਕਾਂਗਰਸੀ ਕੌਂਸਲਰ ਵੀ ਪ੍ਰਧਾਨ ਵਿਰੁੱਧ ਅੜੇ ਰਹੇ। ਅੱਜ ਜਦੋਂ ਬੇਭਰੋਸਯਗੀ ਮਤਾ ਪਾਸ ਕਰਵਾਉਣ ਦਾ ਸਮਾਂ ਸੀ ਤਾਂ ਇਸ ਮਤੇ ’ਤੇ ਕਾਂਗਰਸ ਦੇ ਕੌਂਸਲਰ ਜੋ ਪ੍ਰਧਾਨ ਦੇ ਵਿਰੋਧੀ ਧੜੇ ਦੇ ਸਨ ਇਕਜੁੱਟ ਰਹੇ ਅਤੇ ਇਕ ਨਿੱਜੀ ਹੋਟਲ ’ਚ ਇਕੱਠੇ ਬੈਠੇ ਰਹੇ ਪਰ ਐਨ ਮੌਕੇ ’ਤੇ ਬੇਭਰੋਸਗੀ ਮਤੇ ਸਬੰਧੀ ਪੱਤਰ ਦੇਣ ਵਾਲੀ ਧਿਰ ਅਕਾਲੀ ਦਲ ਦੇ 4 ਕੌਂਸਲਰ ਪਾਸਾ ਬਦਲ ਗਏ, ਜਿਸ ਦੇ ਚੱਲਦਿਆਂ ਬੇਭਰੋਸਗੀ ਮਤਾ ਪਾਸ ਕਰਵਾਉਣ ਲਈ ਲੋੜੀਂਦਾ ਕੋਰਮ ਪੂਰਾ ਨਾ ਹੋ ਸਕਿਆ।


Manoj

Content Editor

Related News