ਜ਼ੂਬੀਨ ਗਰਗ ਦੀ co-singer ਸਤਾਬਦੀ ਬੋਰਾ ਨੇ SIT ਸਾਹਮਣੇ ਬਿਆਨ ਕਰਵਾਇਆ ਦਰਜ
Monday, Oct 13, 2025 - 03:13 PM (IST)

ਗੁਹਾਟੀ (ਏਜੰਸੀ)- ਜ਼ੂਬੀਨ ਗਰਗ ਦੀ ਸਹਿ-ਗਾਇਕਾ ਸਤਾਬਦੀ ਬੋਰਾ ਅਤੇ ਸਿੰਗਾਪੁਰ ਤੋਂ 2 ਆਸਾਮੀ ਪ੍ਰਵਾਸੀ ਸੋਮਵਾਰ ਨੂੰ ਗੁਹਾਟੀ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਅਤੇ ਅਪਰਾਧਿਕ ਜਾਂਚ ਵਿਭਾਗ (CID) ਦੇ ਸਾਹਮਣੇ ਗਾਇਕਾ ਦੀ ਮੌਤ ਦੇ ਸੰਬੰਧ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਲਈ ਪੇਸ਼ ਹੋਏ। ਆਪਣਾ ਬਿਆਨ ਦੇਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਸਤਾਬਦੀ ਨੇ ਕਿਹਾ ਕਿ ਆਸਾਮ ਦੇ ਲੋਕ ਜ਼ੂਬੀਨ ਨਾਲ ਕੀ ਹੋਇਆ ਇਸ ਬਾਰੇ ਸੱਚਾਈ ਜਾਣਨ ਲਈ ਉਤਸੁਕ ਹਨ।
ਉਸਨੇ ਕਿਹਾ, "ਆਸਾਮ ਦੇ ਲੋਕ ਇਹ ਜਾਣਨ ਲਈ ਬਹੁਤ ਉਤਸੁਕ ਹਨ ਕਿ ਕੀ ਹੋਇਆ। ਮੈਨੂੰ ਸਿਸਟਮ 'ਤੇ ਪੂਰਾ ਵਿਸ਼ਵਾਸ ਹੈ ਕਿ ਸਭ ਕੁਝ ਸਹੀ ਢੰਗ ਨਾਲ ਕੀਤਾ ਜਾਵੇਗਾ ਅਤੇ ਜ਼ੂਬੀਨ ਨੂੰ ਇਨਸਾਫ਼ ਮਿਲੇਗਾ। ਜੇਕਰ ਕੋਈ ਦੋਸ਼ੀ ਹੈ, ਤਾਂ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ।"
ਗਰਗ ਦਾ 19 ਸਤੰਬਰ ਨੂੰ ਸਿੰਗਾਪੁਰ ਵਿੱਚ ਕਥਿਤ ਤੌਰ 'ਤੇ ਤੈਰਾਕੀ ਕਰਦੇ ਸਮੇਂ ਦੇਹਾਂਤ ਹੋ ਗਿਆ। ਉਹ ਸਿੰਗਾਪੁਰ ਵਿਚ ਇੰਡੀਅਨ ਫੈਸਟੀਵਲ ਵਿੱਚ ਪਰਫਾਰਮ ਕਰਨ ਲਈ ਉਥੇ ਗਏ ਹੋਏ ਸੀ। ਹਾਲਾਂਕਿ, ਹਾਲ ਹੀ ਵਿੱਚ, ਜ਼ੁਬੀਨ ਗਰਗ ਦੇ ਬੈਂਡਮੇਟ ਸ਼ੇਖਰ ਜੋਤੀ ਗੋਸਵਾਮੀ ਨੇ ਦੋਸ਼ ਲਗਾਇਆ ਹੈ ਕਿ ਗਾਇਕ ਨੂੰ ਸਿੰਗਾਪੁਰ ਵਿੱਚ ਜ਼ਹਿਰ ਦਿੱਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ ਦੇ ਸੰਬੰਧ ਵਿੱਚ, SIT ਅਤੇ CID ਨੇ ਮੁੱਖ ਪ੍ਰੋਗਰਾਮ ਪ੍ਰਬੰਧਕ, ਸ਼ਿਆਮਕਾਨੂ ਮਹੰਤਾ, ਜ਼ੂਬੀਨ ਗਰਗ ਦੇ ਮੈਨੇਜਰ ਸਿਧਾਰਥ ਸ਼ਰਮਾ, ਬੈਂਡਮੇਟ ਸ਼ੇਖਰ ਜੋਤੀ ਗੋਸਵਾਮੀ, ਸਹਿ-ਗਾਇਕ ਅੰਮ੍ਰਿਤਪ੍ਰਵਾ ਮਹੰਤਾ, ਜ਼ੂਬੀਨ ਦੇ ਚਚੇਰੇ ਭਰਾ ਸੰਦੀਪਨ ਗਰਗ, ਦੋ ਪੀਐਸਓ, ਨੰਦੇਸ਼ਵਰ ਬੋਰਾ ਅਤੇ ਪਰੇਸ਼ ਬੈਸ਼ਯ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।