ਕਪਿਲ ਸ਼ਰਮਾ ਨੂੰ ਕਿਸਾਨਾਂ ਦਾ ਸਮਰਥਨ ਕਰਨ ’ਤੇ ਜਦੋਂ ਮਾੜਾ ਬੋਲਿਆ ਯੂਜ਼ਰ, ਇੰਝ ਦਿੱਤਾ ਜਵਾਬ
Monday, Nov 30, 2020 - 03:18 PM (IST)
ਜਲੰਧਰ (ਬਿਊਰੋ)– ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਬਾਲੀਵੁੱਡ ਤੇ ਟੀ. ਵੀ. ਕਲਾਕਾਰਾਂ ਦਾ ਵੀ ਸਾਥ ਮਿਲ ਰਿਹਾ ਹੈ। ਕਈ ਕਲਾਕਾਰ ਹੁਣ ਤਕ ਕਿਸਾਨਾਂ ਦੇ ਸਮਰਥਨ ’ਚ ਟਵੀਟ ਕਰ ਚੁੱਕੇ ਹਨ। ਇਸੇ ਸਿਲਸਿਲੇ ’ਚ ਹਾਲ ਹੀ ’ਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਟਵੀਟ ਕੀਤਾ ਪਰ ਉਸ ਨੂੰ ਇਕ ਯੂਜ਼ਰ ਨੇ ਟਰੋਲ ਕਰ ਦਿੱਤਾ। ਯੂਜ਼ਰ ਨੇ ਸਿਰਫ ਕਪਿਲ ਨੂੰ ਟਰੋਲ ਨਹੀਂ ਕੀਤਾ, ਸਗੋਂ ਕਾਫੀ ਬਦਤਮੀਜ਼ੀ ਭਰਿਆ ਟਵੀਟ ਕੀਤਾ। ਯੂਜ਼ਰ ਦੀ ਬਦਤਮੀਜ਼ੀ ’ਤੇ ਕਪਿਲ ਵੀ ਚੁੱਪ ਨਹੀਂ ਬੈਠਿਆ। ਉਸ ਨੇ ਵੀ ਟਰੋਲਰ ਨੂੰ ਬੜੇ ਹੀ ਅਦਬ ਨਾਲ ਜਵਾਬ ਦਿੱਤਾ।
ਦਰਅਸਲ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਦਿਆਂ ਕਪਿਲ ਨੇ ਟਵੀਟ ਕੀਤਾ, ‘ਕਿਸਾਨਾਂ ਦੇ ਮੁੱਦੇ ਨੂੰ ਰਾਜਨੀਤਕ ਰੰਗ ਨਾ ਦਿੰਦੇ ਹੋਏ ਗੱਲਬਾਤ ਨਾਲ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਕੋਈ ਵੀ ਮੁੱਦਾ ਇੰਨਾ ਵੱਡਾ ਨਹੀਂ ਹੁੰਦਾ ਕਿ ਗੱਲਬਾਤ ਨਾਲ ਉਸ ਦਾ ਹੱਲ ਨਾ ਨਿਕਲ ਸਕੇ। ਅਸੀਂ ਸਾਰੇ ਦੇਸ਼ਵਾਸੀ ਕਿਸਾਨ ਭਰਾਵਾਂ ਦੇ ਨਾਲ ਹਾਂ। ਇਹ ਸਾਡੇ ਅੰਨਦਾਤਾ ਹਨ।’
ਕਪਿਲ ਦੇ ਇਸ ਟਵੀਟ ’ਤੇ ਇਕ ਯੂਜ਼ਰ ਨੇ ਬਦਤਮੀਜ਼ੀ ਭਰੇ ਲਹਿਜ਼ੇ ’ਚ ਕੁਮੈਂਟ ਕੀਤਾ, ‘ਕਾਮੇਡੀ ਕਰ ਚੁੱਪ ਚਾਪ, ਰਾਜਨੀਤੀ ਕਰਨ ਦੀ ਕੋਸ਼ਿਸ਼ ਨਾ ਕਰ। ਜ਼ਿਆਦਾ ਕਿਸਾਨ ਹਿਤੈਸ਼ੀ ਬਣਨ ਦੀ ਕੋਸ਼ਿਸ਼ ਨਾ ਕਰ, ਜੋ ਕੰਮ ਤੇਰਾ ਹੈ ਉਸ ’ਤੇ ਧਿਆਨ ਦੇ।’
ਯੂਜ਼ਰ ਦੇ ਇਸ ਕੁਮੈਂਟ ਨੂੰ ਪੜ੍ਹ ਕੇ ਕਿਸੇ ਨੂੰ ਵੀ ਗੁੱਸਾ ਆ ਜਾਵੇਗਾ ਪਰ ਕਪਿਲ ਨੇ ਬਹੁਤ ਹੀ ਸ਼ਾਂਤੀ ਨਾਲ ਜਵਾਬ ਦਿੰਦਿਆਂ ਲਿਖਿਆ, ‘ਭਾਈ ਸਾਹਿਬ ਮੈਂ ਤਾਂ ਆਪਣਾ ਕੰਮ ਕਰ ਹੀ ਰਿਹਾ ਹਾਂ, ਕਿਰਪਾ ਕਰਕੇ ਤੁਸੀਂ ਵੀ ਕਰੋ, ਦੇਸ਼ ਭਗਤ ਲਿਖਣ ਨਾਲ ਕੋਈ ਦੇਸ਼ ਭਗਤ ਨਹੀਂ ਹੋ ਜਾਂਦਾ, ਕੰਮ ਕਰੋ ਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਦਿਓ। 50 ਰੁਪਏ ਦਾ ਰਿਚਾਰਜ ਕਰਵਾ ਦੇ ਫਾਲਤੂ ਦਾ ਗਿਆਨ ਨਾ ਵੰਡੋ। ਧੰਨਵਾਦ।’
ਕਪਿਲ ਤੋਂ ਇਲਾਵਾ ਕਈ ਕਲਾਕਾਰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਦਿਆਂ ਟਵੀਟ ਕਰ ਰਹੇ ਹਨ। ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਲਿਖਿਆ, ‘ਸਰਕਾਰ ਨੂੰ ਕਿਸਾਨਾਂ ਨਾਲ ਬੈਠ ਕੇ ਇਸ ਬਿੱਲ ’ਤੇ ਚਰਚਾ ਕਰਨੀ ਚਾਹੀਦੀ ਹੈ। ਅਸੀਂ ਸਾਰੇ ਕਿਸਾਨ ਪਰਿਵਾਰਾਂ ’ਚੋਂ ਆਉਂਦੇ ਹਾਂ। ਮੈਂ ਸਾਡੇ ਕਿਸਾਨ ਭਰਾਵਾਂ ਦੇ ਹੱਕ ’ਚ ਖੜ੍ਹਾ ਹਾਂ। ਪ੍ਰਮਾਤਮਾ ਸਾਡੇ ਕਿਸਾਨਾਂ ਦੀ ਰੱਖਿਆ ਕਰੇ।’