ਜ਼ੂਬੀਨ ਗਰਗ ਮਾਮਲੇ ''ਚ 2 ਹੋਰ ਗਵਾਹਾਂ ਨੇ ਦਿੱਤੀ ਗਵਾਹੀ
Wednesday, Oct 15, 2025 - 12:20 PM (IST)

ਗੁਹਾਟੀ (ਏਜੰਸੀ)- ਸਿੰਗਾਪੁਰ ਵਿੱਚ ਗਾਇਕ ਜ਼ੂਬੀਨ ਗਰਗ ਦੀ ਮੌਤ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੇ ਸਾਹਮਣੇ 2 ਹੋਰ ਗਵਾਹਾਂ ਨੇ ਗਵਾਹੀ ਦਿੱਤੀ ਹੈ। ਬੁੱਧਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਆਈ.ਟੀ. ਮੁਖੀ ਮੁੰਨਾ ਪ੍ਰਸਾਦ ਨੇ ਕਿਹਾ ਕਿ ਹਾਦਸੇ ਸਮੇਂ ਜ਼ੂਬੀਨ ਗਰਗ ਨਾਲ ਕਿਸ਼ਤੀ 'ਤੇ ਸਵਾਰ 11 ਆਸਾਮੀ ਲੋਕਾਂ ਵਿੱਚੋਂ 10 ਦੇ ਬਿਆਨ ਦਰਜ ਕੀਤੇ ਗਏ ਹਨ ਅਤੇ 11ਵਾਂ ਵਿਅਕਤੀ ਵਾਜਿਦ ਅਹਿਮਦ ਸਿੰਗਾਪੁਰ ਦਾ ਨਾਗਰਿਕ ਹੈ, ਇਸ ਲਈ ਉਸ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ, ਪਰ ਉਹ ਵੀ ਐੱਸ.ਆਈ.ਟੀ. ਦੇ ਸਾਹਮਣੇ ਗਵਾਹੀ ਦੇਣ ਲਈ ਤਿਆਰ ਹੈ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 5 ਲੋਕਾਂ ਦੀ ਪੁਲਸ ਹਿਰਾਸਤ ਖਤਮ ਹੋ ਗਈ ਹੈ ਅਤੇ ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਨ੍ਹਾਂ ਵਿੱਚ ਨੌਰਥ ਇਸਟ ਇੰਡੀਆ ਫੈਸਟੀਵਲ ਦੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤ, ਜ਼ੂਬੀਨ ਦੇ ਮੈਨੇਜਰ ਸਿਧਾਰਥ ਸ਼ਰਮਾ, ਜ਼ੂਬੀਨ ਦੇ ਚਚੇਰੇ ਭਰਾ ਅਤੇ ਏ.ਪੀ.ਐੱਸ. ਅਧਿਕਾਰੀ ਸੰਦੀਪਨ ਗਰਗ ਅਤੇ ਉਨ੍ਹਾਂ ਦੇ ਬੈਂਡ ਮੈਂਬਰ ਸ਼ੇਖਰਜਯੋਤੀ ਗੋਸਵਾਮੀ ਅਤੇ ਅੰਮ੍ਰਿਤਪ੍ਰਭਾ ਮਹੰਤ ਸ਼ਾਮਲ ਹਨ। ਜ਼ੂਬੀਨ ਦੇ 2 ਨਿੱਜੀ ਸੁਰੱਖਿਆ ਅਧਿਕਾਰੀਆਂ (ਪੀ.ਐੱਸ.ਓ.) ਦੇ ਵੀ ਅਦਾਲਤ ਵਿੱਚ ਪੇਸ਼ ਹੋਣ ਦੀ ਉਮੀਦ ਹੈ।