ਅਸਲ ਕੋਰਟ ਰੂਮ ਵਿਚ ਕੋਈ ਡਰਾਮਾ ਨਹੀਂ ਹੁੰਦਾ, ਸਭ ਆਮ ਤਰੀਕੇ ਨਾਲ ਚੱਲਦਾ ਹੈ : ਸੋਨਾਕਸ਼ੀ ਸਿਨਹਾ

Friday, May 22, 2026 - 11:01 AM (IST)

ਅਸਲ ਕੋਰਟ ਰੂਮ ਵਿਚ ਕੋਈ ਡਰਾਮਾ ਨਹੀਂ ਹੁੰਦਾ, ਸਭ ਆਮ ਤਰੀਕੇ ਨਾਲ ਚੱਲਦਾ ਹੈ : ਸੋਨਾਕਸ਼ੀ ਸਿਨਹਾ

ਮੁੰਬਈ- 22 ਮਈ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਣ ਵਾਲੀ ‘ਸਿਸਟਮ’ ਸਿਰਫ਼ ਇਕ ਵੈੱਬ ਸੀਰੀਜ਼ ਨਹੀਂ ਸਗੋਂ ਸਮਾਜ ਅਤੇ ਕਾਨੂੰਨੀ ਸਿਸਟਮ ਦੀ ਸੱਚਾਈ ਨੂੰ ਪਰਦੇ ’ਤੇ ਲਿਆਉਣ ਵਾਲਾ ਕੋਰਟ ਰੂਮ ਡਰਾਮਾ ਹੈ। ਅਸ਼ਵਨੀ ਅਈਅਰ ਤਿਵਾੜੀ ਦੇ ਨਿਰਦੇਸ਼ਨ ’ਚ ਬਣੀ ਇਹ ਕਹਾਣੀ ਹਾਈ-ਪ੍ਰੋਫਾਈਲ ਸਰਕਾਰੀ ਵਕੀਲ ਤੇ ਇਕ ਕੋਰਟਰੂਮ ਸਟੈਨੋਗ੍ਰਾਫਰ ਦੇ ਜੀਵਨ ਦੇ ਇਰਦ-ਗਿਰਦ ਘੁੰਮਦੀ ਹੈ। ਇਸ ਵਿਚ ਸੋਨਾਕਸ਼ੀ ਸਿਨਹਾ, ਜਯੋਤਿਕਾ ਅਤੇ ਆਸ਼ੂਤੋਸ਼ ਗੋਵਾਰੀਕਰ ਮੁੱਖ ਭੂਮਿਕਾਵਾਂ ਵਿਚ ਹਨ, ਜਿਨ੍ਹਾਂ ਦਾ ਦਮਦਾਰ ਪ੍ਰਦਰਸ਼ਨ ਇਸ ਨੂੰ ਦੇਖਣ ਲਾਇਕ ਬਣਾਉਂਦਾ ਹੈ। ਇਸ ਸੀਰੀਜ਼ ਬਾਰੇ ਸੋਨਾਕਸ਼ੀ ਸਿਨਹਾ, ਜਯੋਤਿਕਾ ਅਤੇ ਆਸ਼ੂਤੋਸ਼ ਗੋਵਾਰੀਕਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਕਿਰਦਾਰ ਇੰਨੀ ਖ਼ੂਬਸੂਰਤੀ ਨਾਲ ਲਿਖੇ ਸਨ ਕਿ ਉਨ੍ਹਾਂ ਨੂੰ ਸੱਚਾਈ ਨਾਲ ਨਿਭਾਉਣ ਹੀ ਸਭ ਤੋਂ ਵੱਡੀ ਤਿਆਰੀ ਸੀ : ਜਯੋਤਿਕਾ

ਪ੍ਰ. ਫਿਲਮ ਨੂੰ ਇੰਨਾ ਰਿਅਲਿਸਟਿਕ ਬਣਾਉਣ ਲਈ ਤੁਸੀਂ ਕਿਵੇਂ ਤਿਆਰੀ ਕੀਤੀ?

ਸਭ ਤੋਂ ਪਹਿਲਾਂ ਅਸੀਂ ਆਮ ਇਨਸਾਨ ਦੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਜਿਵੇਂ ਰੋਜ਼ਾਨਾ ਦੀ ਭੱਜਦੌੜ, ਬੱਸ-ਰੇਲ ’ਚ ਸਫ਼ਰ, ਹਰ ਵਕਤ ਸਮੇਂ ਨੂੰ ਲੈ ਕੇ ਭੱਜਦੇ ਰਹਿਣਾ। ਫਿਰ ਅਸੀਂ ਉਨ੍ਹਾਂ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਸਮੇਂ ’ਤੇ ਨਿਆਂ ਨਹੀਂ ਮਿਲਦਾ। ਜਦੋਂ ਅਦਾਲਤ ’ਚ ਅਗਲੀ ਤਰੀਕ ਦਾ ਇੰਤਜ਼ਾਰ ਹੁੰਦਾ ਹੈ, ਉਦੋਂ ਉਨ੍ਹਾਂ ਅੰਦਰ ਕੀ ਚੱਲਦਾ ਹੈ, ਉਹ ਸਮਝਣਾ ਬਹੁਤ ਜ਼ਰੂਰੀ ਹੈ। ਤਿਆਰੀ ਬਾਹਰ ਤੋਂ ਜ਼ਿਆਦਾ ਅੰਦਰ ਦੀ ਕੀਤੀ, ਕਿਉਂਕਿ ਕਿਰਦਾਰ ਇੰਨੇ ਖ਼ੂਬਸੂਰਤੀ ਨਾਲ ਲਿਖੇ ਗਏ ਸਨ ਕਿ ਬਸ ਉਨ੍ਹਾਂ ਨੂੰ ਸੱਚਾਈ ਨਾਲ ਨਿਭਾਉਣਾ ਹੀ ਸਭ ਤੋਂ ਵੱਡੀ ਤਿਆਰੀ ਸੀ।

ਪ੍ਰ. ਲੋਕਾਂ ਨੂੰ ਕਾਨੂੰਨ ਦੀ ਜ਼ਰੂਰੀ ਜਾਣਕਾਰੀ ਨਹੀਂ ਹੈ। ਕੀ ਸਕੂਲਾਂ ਵਿਚ ਕਾਨੂੰਨ ਦੀ ਪੜ੍ਹਾਈ ਹੋਣੀ ਚਾਹੀਦੀ ਹੈ?

ਬਿਲਕੁਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਰੁਚੀ ’ਤੇ ਵੀ ਨਿਰਭਰ ਕਰਦਾ ਹੈ। ਅਜਿਹੀਆਂ ਬਹੁਤ ਚੀਜ਼ਾਂ ਹਨ, ਜੋ ਅਸੀਂ ਸਕੂਲ ਵਿਚ ਨਹੀਂ ਕਰ ਰਹੇ। ਸਿਰਫ਼ ਕਾਨੂੰਨ ਹੀ ਨਹੀਂ ਸਗੋਂ ਫਾਈਨੈਂਸ, ਟੈਕਸ ਅਤੇ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੇ ਕਈ ਜ਼ਰੂਰੀ ਵਿਸ਼ੇ ਸਕੂਲਾਂ ਵਿਚ ਪੜ੍ਹਾਏ ਜਾਣੇ ਚਾਹੀਦੇ ਹਨ।

ਪ੍ਰ. ਤੁਹਾਨੂੰ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਅਤੇ ਵੱਖਰੀ ਤਰ੍ਹਾਂ ਦੇ ਕਿਰਦਾਰ ਮਿਲ ਰਹੇ ਹਨ। ਬਦਲਾਅ ਨੂੰ ਕਿਵੇਂ ਦੇਖਦੇ ਹੋ?

ਮੈਂ 17 ਸਾਲ ਤੋਂ ਕੰਮ ਕਰ ਰਹੀ ਹਾਂ ਅਤੇ ਹੁਣ ਜਾ ਕੇ ਮੈਨੂੰ ਸਭ ਤੋਂ ਦਿਲਚਸਪ ਕਿਰਦਾਰ ਮਿਲ ਰਹੇ ਹਨ। ਮੈਂ ਦੱਖਣੀ ਸਿਨੇਮਾ ’ਚ ਬਹੁਤ ਵੱਖ-ਵੱਖ ਕਿਰਦਾਰ ਨਿਭਾਏ ਹਨ। ਗੂੰਗੀ ਕੁੜੀ, ਅੰਨ੍ਹੀ ਕੁੜੀ, ਕਲਾਸੀਕਲ ਡਾਂਸਰ ਸਭ ਕੀਤਾ ਪਰ 40 ਦੀ ਉਮਰ ਤੋਂ ਬਾਅਦ ਇਕ ਨਵਾਂ ਫੇਜ਼ ਆਉਂਦਾ ਹੈ, ਜਿਥੇ ਤੁਹਾਨੂੰ ਬੇਹੱਦ ਲੇਅਰਡ ਤੇ ਗ੍ਰੇਅ ਸ਼ੇਡਜ਼ ਵਾਲੇ ਕਿਰਦਾਰ ਮਿਲਦੇ ਹਨ।

ਪਰਫੈਕਟ ਨਹੀਂ, ਇਨਸਾਨੀ ਹੈ ਮੇਰਾ ਕਿਰਦਾਰ ਨੇਹਾ : ਸੋਨਾਕਸ਼ੀ ਸਿਨਹਾ

ਪ੍ਰ. ਤੁਸੀਂ ਪਹਿਲੀ ਵਾਰ ਵਕੀਲ ਦਾ ਕਿਰਦਾਰ ਨਿਭਾਇਆ ਹੈ। ਤਿਆਰੀ ਕਿਵੇਂ ਰਹੀ?

ਸਾਡੇ ਦਿਮਾਗ਼ ’ਚ ਕੋਰਟ ਰੂਮ ਡਰਾਮਾ ਦਾ ਜੋ ਅਕਸ ਹੁੰਦਾ ਹੈ, ਉਹ ਬਹੁਤ ਹਾਈ-ਵੋਲਟੇਜ ਅਤੇ ਓਵਰ-ਦਿ-ਟਾਪ ਹੁੰਦਾ ਹੈ ਪਰ ਨਿਰਦੇਸ਼ਕ ਅਸ਼ਵਨੀ ਜੀ ਨੇ ਮੈਨੂੰ ਕਿਹਾ ਕਿ ਅਸਲੀ ਅਦਾਲਤ ਦੀ ਕਾਰਵਾਈ ਦੇਖੋ। ਉਨ੍ਹਾਂ ਨੇ ਮੈਨੂੰ ਯੂ-ਟਿਊਬ ’ਤੇ ਰੀਅਲ ਕੋਰਟ ਪ੍ਰੋਸੀਡਿੰਗਜ਼ ਦੇਖਣ ਨੂੰ ਕਿਹਾ। ਜਦੋਂ ਮੈਂ ਦੇਖਿਆ ਤਾਂ ਮੈਂ ਖ਼ੁਦ ਹੈਰਾਨ ਰਹਿ ਗਈ ਕਿਉਂਕਿ ਉਥੇ ਕੋਈ ਚੀਕਣਾ ਜਾਂ ਡਰਾਮਾ ਨਹੀਂ ਹੁੰਦਾ। ਸਭ ਬਹੁਤ ਆਮ ਤਰੀਕੇ ਨਾਲ ਗੱਲ ਕਰਦੇ ਹਨ। ਉਸ ਰਿਅਲਿਜ਼ਮ ਨੂੰ ਫੜਨਾ ਸੀ। ਮੇਰਾ ਕਿਰਦਾਰ ਨੇਹਾ ਪਰਫੈਕਟ ਨਹੀਂ ਹੈ। ਉਹ ਗ਼ਲਤੀਆਂ ਕਰਦੀ ਹੈ, ਸਿੱਖਦੀ ਹੈ ਅਤੇ ਅੱਗੇ ਵਧਦੀ ਹੈ। ਇਹੀ ਚੀਜ਼ ਉਸ ਨੂੰ ਇਨਸਾਨੀ ਅਤੇ ਦਿਲਚਸਪ ਬਣਾਉਂਦੀ ਹੈ।

ਪ੍ਰ. ਫਿਲਮ ਵਿਚ ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਤੁਹਾਡਾ ਕਿਰਦਾਰ ਰਿਸ਼ਤੇ ਅਤੇ ਪ੍ਰੋਫੈਸ਼ਨ ’ਚੋਂ ਪ੍ਰੋਫੈਸ਼ਨ ਨੂੰ ਚੁਣਦਾ ਹੈ। ਕੀ ਨਿੱਜੀ ਜ਼ਿੰਦਗੀ ਵਿਚ ਅਜਿਹਾ ਫ਼ੈਸਲਾ ਲੈਣਾ ਆਸਾਨ ਹੁੰਦਾ ਹੈ?

ਮੇਰੀ ਨਿੱਜੀ ਜ਼ਿੰਦਗੀ ਵਿਚ ਅਜਿਹੀ ਸਥਿਤੀ ਕਦੇ ਨਹੀਂ ਆਈ ਪਰ ਫਿਲਮ ਦੇ ਕਿਰਦਾਰ ਦੀ ਗੱਲ ਕਰਾਂ ਤਾਂ ਨੇਹਾ ਉਹੀ ਕਰਦੀ ਹੈ, ਜੋ ਉਸ ਦੇ ਪਿਤਾ ਨੇ ਉਸ ਨੂੰ ਸਿਖਾਇਆ ਹੈ। ਉਸ ਦੇ ਪਿਤਾ ਨੇ ਹੀ ਉਸ ਨੂੰ ਮਜ਼ਬੂਤ ਬਣਾਇਆ ਹੈ। ਇਸ ਲਈ ਜੇ ਉਸ ਨੂੰ ਸੱਚ ਲਈ ਆਪਣੇ ਪਿਤਾ ਖਿਲਾਫ ਵੀ ਖੜ੍ਹਾ ਹੋਣਾ ਪਵੇ ਤਾਂ ਉਹ ਖੜ੍ਹੀ ਹੁੰਦੀ ਹੈ। ਇਹੀ ਫਿਲਮ ਵਿਚ ਪਿਓ-ਧੀ ਦੇ ਰਿਸ਼ਤੇ ਦੀ ਸਭ ਤੋਂ ਖ਼ੂਬਸੂਰਤ ਗੱਲ ਹੈ।

ਪ੍ਰ. ‘ਦਹਾੜ’ ਦੇ ਨਵੇਂ ਸੀਜ਼ਨ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ?

ਬਹੁਤ ਜ਼ਿਆਦਾ। ‘ਦਹਾੜ’ ਮੇਰੇ ਲਈ ਬਹੁਤ ਖ਼ਾਸ ਪ੍ਰਾਜੈਕਟ ਸੀ। ਉਸ ਸਮੇਂ ਮੈਂ ਅਜਿਹੇ ਕਿਰਦਾਰ ਲੱਭ ਰਹੀ ਸੀ, ਜੋ ਅਸਰ ਛੱਡੇ। ਰੀਮਾ ਅਤੇ ਜੋਯਾ ਇਹ ਕਿਰਦਾਰ ਲੈ ਕੇ ਆਏ। ਇਹ ਮੇਰੇ ਲਈ ਕਿਸੇ ਨਵੇਂ ਜਨਮ ਵਰਗਾ ਸੀ। ਮੈਂ ਬਹੁਤ ਉਨ੍ਹਾਂ ਨਿਰਦੇਸ਼ਕਾਂ ਦੀ ਧੰਨਵਾਦੀ ਹਾਂ। ਹਾਲੇ ਸ਼ੂਟਿੰਗ ਚੱਲ ਰਹੀ ਹੈ, ਇਸ ਲਈ ਜ਼ਿਆਦਾ ਨਹੀਂ ਦੱਸ ਸਕਦੀ, ਏਨਾ ਜ਼ਰੂਰ ਕਹਾਂਗੀ ਕਿ ਨਵਾਂ ਸੀਜ਼ਨ ਜ਼ਿਆਦਾ ਦਮਦਾਰ ਹੋਵੇਗਾ।

ਨਵੀਆਂ ਕਹਾਣੀਆਂ ਸੁਣਨਾ ਜ਼ਿਆਦਾ ਜ਼ਰੂਰੀ, ਹਰ ਫਿਲਮ ਦਾ ਸੀਕੁਅਲ ਜ਼ਰੂਰੀ ਨਹੀਂ : ਆਸ਼ੂਤੋਸ਼ ਗੋਵਾਰੀਕਰ

ਪ੍ਰ. ਤੁਹਾਡਾ ਸਕ੍ਰੀਨ ਪ੍ਰੈਜੈਂਸ ਬੇਹੱਦ ਦਮਦਾਰ ਲੱਗਾ। ਤੁਹਾਡੇ ਲਈ ਇਹ ਕਿੰਨਾ ਚੁਣੌਤੀਪੂਰਨ ਸੀ?

ਮੈਨੂੰ ਹਮੇਸ਼ਾ ਤੋਂ ਕੋਰਟ ਰੂਮ ਡਰਾਮਾ ਪਸੰਦ ਰਿਹਾ ਹੈ। ਜਦੋਂ ਇਹ ਫਿਲਮ ਆਫਰ ਹੋਈ ਤਾਂ ਮੈਂ ਬਹੁਤ ਉਤਸ਼ਾਹਿਤ ਸੀ। ਮੈਂ ਪਹਿਲਾਂ ਕਦੇ ਵਕੀਲ ਦਾ ਕਿਰਦਾਰ ਨਹੀਂ ਨਿਭਾਇਆ ਸੀ, ਇਸ ਲਈ ਇਹ ਮੇਰੇ ਲਈ ਨਵਾਂ ਅਨੁਭਵ ਸੀ। ਅਸ਼ਵਨੀ ਜੀ ਨੇ ਮੈਨੂੰ ਵੀ ਕੁਝ ਅਸਲੀ ਕੋਰਟ ਦੇ ਵੀਡੀਓ ਦੇਖਣ ਨੂੰ ਕਿਹਾ। ਉਥੇ ਦੇਖ ਕੇ ਮੈਂ ਵੀ ਹੈਰਾਨ ਹੋ ਗਿਆ, ਕਿਉਂਕਿ ਫਿਲਮਾਂ ਵਿਚ ਕੋਰਟ ਰੂਮ ਬਹੁਤ ਨਾਟਕੀ ਦਿਖਾਇਆ ਜਾਂਦਾ ਹੈ ਪਰ ਅਸਲ ਵਿਚ ਸਭ ਬਹੁਤ ਸਹਿਜ ਤਰੀਕੇ ਨਾਲ ਹੁੰਦਾ ਹੈ। ਉਸੇ ਵਾਸਤਵਿਕਤਾ ਨੂੰ ਫੜਨਾ ਜ਼ਰੂਰੀ ਸੀ। ਰਿਸਰਚ ਅਤੇ ਰੀਡਿੰਗਜ਼ ਰਾਹੀਂ ਮੈਨੂੰ ਆਪਣੇ ਕਿਰਦਾਰ ਰਵੀ ਰਾਜਵੰਸ਼ ਨੂੰ ਸਮਝਣ ਵਿਚ ਮਦਦ ਮਿਲੀ।

ਪ੍ਰ. ਇਕ ਨਿਰਦੇਸ਼ਕ ਹੋਣ ਤੋਂ ਬਾਅਦ ਜਦੋਂ ਤੁਸੀਂ ਬਤੌਰ ਅਦਾਕਾਰ ਸੈੱਟ ’ਤੇ ਜਾਂਦੇ ਹੋ ਤਾਂ ਕੀ ਅੰਦਰ ਦਾ ਨਿਰਦੇਸ਼ਕ ਜਾਗ ਜਾਂਦਾ ਹੈ?

ਜਦੋਂ ਮੈਂ ਨਿਰਦੇਸ਼ਨ ਕਰਦਾ ਹਾਂ, ਉਦੋਂ ਮੇਰਾ ਪੂਰਾ ਧਿਆਨ ਕਹਾਣੀ ਅਤੇ ਪੂਰੀ ਟੀਮ ’ਤੇ ਹੁੰਦਾ ਹੈ। ਜਦੋਂ ਅਦਾਕਾਰੀ ਕਰਦਾ ਹਾਂ ਉਦੋਂ ਮੈਂ ਖ਼ੁਦ ਨੂੰ ਪੂਰੀ ਤਰ੍ਹਾਂ ਨਿਰਦੇਸ਼ਕ ਦੇ ਹਵਾਲੇ ਕਰ ਦਿੰਦਾ ਹਾਂ। ਮੈਨੂੰ ਮਾਣ ਹੈ ਕਿ ਮੈਂ ਇਕ ਡਾਇਰੈਕਟਰ ਦਾ ਐਕਟਰ ਹਾਂ। ਨਿਰਦੇਸ਼ਕ ਜਿਸ ਤਰ੍ਹਾਂ ਮੈਨੂੰ ਢਾਲਣਾ ਚਾਹੁੰਦਾ ਹੈ, ਮੈਂ ਉਸੇ ਤਰ੍ਹਾਂ ਖ਼ੁਦ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਹਾਂ।

ਪ੍ਰ. ਤੁਹਾਡੇ ਆਉਣ ਵਾਲੇ ਪ੍ਰਾਜੈਕਟ ਕਿਹੜੇ-ਕਿਹੜੇ ਹਨ?

ਮੈਂ ਇਸ ਸਮੇਂ ਕਈ ਵੱਖ-ਵੱਖ ਤਰ੍ਹਾਂ ਦੇ ਪ੍ਰਾਜੈਕਟਾਂ ’ਤੇ ਕੰਮ ਕਰ ਰਿਹਾ ਹਾਂ। ਇਕ ਦਸਤਾਵੇਜ਼ੀ ਸੀਰੀਜ਼ ਬਣਾ ਰਿਹਾ ਹਾਂ, ਜਿਸ ਦਾ ਨਾਮ ‘ਟੈਂਪਲ ਰੇਡਰਜ਼’ ਹੈ। ਇਹ ਭਾਰਤ ਤੋਂ ਚੋਰੀ ਹੋਣ ਵਾਲੀ ਪ੍ਰਾਚੀਨ ਮੂਰਤੀਆਂ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਨੈੱਟਵਰਕ ਦੀ ਕਹਾਣੀ ਹੈ। ਇਸ ਤੋਂ ਇਲਾਵਾ ਮਰਾਠੀ ਫਿਲਮ ਪ੍ਰੋਡਿਊਸ ਕਰ ਰਿਹਾ ਹਾਂ, ਇਕ ਵੈੱਬ ਸੀਰੀਜ਼ ਵੀ ਬਣਾ ਰਿਹਾ ਹਾਂ।

ਪ੍ਰ. ਕੀ ‘ਲਗਾਨ’ ਜਾਂ ‘ਸਵਦੇਸ਼’ ਦੇ ਸੀਕੁਅਲ ਦੀ ਸੰਭਾਵਨਾ ਹੈ?

‘ਲਗਾਨ’ ਅਤੇ ‘ਸਵਦੇਸ਼’ ’ਚ ਜੋ ਕਹਿਣਾ ਸੀ, ਉਹ ਉਸ ਸਮੇਂ ਕਹਿ ਦਿੱਤਾ। ਉਨ੍ਹਾਂ ਭਾਵਨਾਵਾਂ ਨੂੰ ਦੁਬਾਰਾ ਉਸੇ ਸੱਚਾਈ ਨਾਲ ਲਿਆਉਣਾ ਆਸਾਨ ਨਹੀਂ। ਜੇ ਕਦੇ ਕੋਈ ਸੱਚੀ ਅਤੇ ਜ਼ਰੂਰੀ ਕਹਾਣੀ ਹੋਵੇਗੀ, ਉਦੋਂ ਸੀਕੁਅਲ ਬਣਨਾ ਚਾਹੀਦਾ ਹੈ।


author

cherry

Content Editor

Related News