ਸਤਰੰਗੀ ਸਿਰਫ਼ ਰਿਵੈਂਜ ਡਰਾਮਾ ਨਹੀਂ, ਇਸ ਵਿਚ ਇਮੋਸ਼ਨਜ਼ ਦੇ ਕਈ ਰੰਗ : ਅੰਸ਼ੂਮਨ ਪੁਸ਼ਕਰ
Wednesday, May 20, 2026 - 12:05 PM (IST)
ਮੁੰਬਈ- ਆਰਜੇ ਮਹਵਿਸ਼ ਅਤੇ ਅੰਸ਼ੂਮਨ ਪੁਸ਼ਕਰ ਦੀ ਸੀਰੀਜ਼ ‘ਸਤਰੰਗੀ-ਬਦਲੇ ਕਾ ਖੇਲ’ 22 ਮਈ ਨੂੰ ਜੀ-5 ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿਚ ਸਿਰਫ਼ ਬਦਲੇ ਦੀ ਕਹਾਣੀ ਨਹੀਂ, ਸਮਾਜ ਦਾ ਸ਼ੀਸ਼ਾ ਵੀ ਦੇਖਣ ਨੂੰ ਮਿਲੇਗਾ। ਇਸ ਵਿਚ ਲੌਂਡਾ ਨਾਚ, ਬਦਲਾ, ਸੱਤਾ, ਵਫ਼ਾਦਾਰੀ ਅਤੇ ਸੰਘਰਸ਼ ਦੀ ਕਹਾਣੀ ਨੂੰ ਦਰਸਾਈ ਗਈ ਹੈ। ਸੀਰੀਜ਼ ਬਾਰੇ ਆਰਜੇ ਮਹਵਸ਼ ਅਤੇ ਅੰਸ਼ੂਮਨ ਪੁਸ਼ਕਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਕਹਾਣੀ ’ਚ ਪਿਆਰ, ਦਰਦ ਅਤੇ ਗੁੱਸਾ ਵੀ, ਅਜਿਹੇ ਮੁੰਡੇ ਦੀ ਕਹਾਣੀ, ਜੋ ਇਹ ਸਭ ਝੱਲਦਾ ਹੈ : ਅੰਸ਼ੂਮਨ ਪੁਸ਼ਕਰ
ਪ੍ਰ. ਤੁਸੀਂ ਥੀਏਟਰ ਬੈਕਗਰਾਊਂਡ ਤੋਂ ਹੋ ਤਾਂ ਇਹ ਕਿਵੇਂ ਤੁਹਾਡੀ ਐਕਟਿੰਗ ’ਚ ਮਦਦ ਕਰਦਾ ਹੈ?
ਮੈਨੂੰ ਬੇਸਿਕ ਚੀਜ਼ਾਂ ’ਚ ਵੀ ਖ਼ੁਸ਼ੀ ਮਿਲ ਜਾਂਦੀ ਹੈ। ਮੇਰੇ ਲਈ ਸਭ ਤੋਂ ਜ਼ਰੂਰੀ ਕਿਰਦਾਰ ਤੇ ਉਸ ਦਾ ਮਾਹੌਲ ਹੁੰਦਾ ਹੈ। ਜੇ ਮੈਨੂੰ ਕੰਮ ਕਰਨ ਲਈ ਸਹੀ ਮਾਹੌਲ ਮਿਲ ਰਿਹਾ ਹੈ ਤਾਂ ਮੈਂ ਉਸ ਵਿਚ ਪੂਰੀ ਈਮਾਨਦਾਰੀ ਨਾਲ ਖ਼ੁਦ ਨੂੰ ਝੋਕ ਦਿੰਦਾ ਹਾਂ।
ਪ੍ਰ. ਟਾਈਟਲ ਸੁਣ ਕੇ ਲੱਗਦਾ ਹੈ ਕਿ ਇਹ ਕੋਈ ਕਲਰਫੁਲ ਕਹਾਣੀ ਹੋਵੇਗੀ ਪਰ ਨਾਲ ‘ਬਦਲੇ ਕਾ ਖੇਲ’ ਵੀ ਜੁੜਿਆ ਹੈ। ਆਖ਼ਰ ਸੀਰੀਜ਼ ਕਿਵੇਂ ਦੀ ਹੈ?
‘ਸਤਰੰਗੀ’ ਸਿਰਫ਼ ਰਿਵੈਂਜ ਡਰਾਮਾ ਨਹੀਂ ਹੈ। ਇਸ ਵਿਚ ਇਮੋਸ਼ਨਜ਼ ਦੇ ਕਈ ਰੰਗ ਹਨ। ਇਹ ਇਕ ਪਰਫਾਰਮਰ ਦੀ ਕਹਾਣੀ ਹੈ, ਜੋ ਬਿਹਾਰ ਦੇ ‘ਲੌਂਡਾ ਨਾਚ’ ਵਰਗੀ ਦੁਨੀਆਂ ਤੋਂ ਆਉਂਦਾ ਹੈ। ਸੀਰੀਜ਼ ਸਮਾਜ ਵਿਚ ਮੌਜੂਦ ਊਚਨੀਚ, ਭੇਦਭਾਵ ਅਤੇ ਸ਼ੋਸ਼ਣ ਵਰਗੇ ਮੁੱਦਿਆਂ ਨੂੰ ਵੀ ਬਹੁਤ ਡੂੰਘਾਈ ਨਾਲ ਦਿਖਾਉਂਦੀ ਹੈ। ਕਹਾਣੀ ਵਿਚ ਪਿਆਰ ਵੀ ਹੈ, ਦਰਦ ਵੀ ਹੈ, ਗੁੱਸਾ ਵੀ ਹੈ ਅਤੇ ਇਨਸਾਫ਼ ਦੀ ਲੜਾਈ ਵੀ। ਇਹ ਇਕ ਅਜਿਹੇ ਮੁੰਡੇ ਦੀ ਕਹਾਣੀ ਹੈ, ਜੋ ਇਹ ਸਭ ਝੱਲਦਾ ਹੈ।
ਪ੍ਰ. ਬਬਲੂ ਬਣਨ ਦਾ ਤੁਹਾਡਾ ਪ੍ਰੋਸੈੱਸ ਕੀ ਰਿਹਾ?
ਮੈਂ ਬਿਹਾਰ ਤੋਂ ਹਾਂ, ਇਸ ਲਈ ਇਸ ਮਾਹੌਲ ਨੂੰ ਕਰੀਬ ਤੋਂ ਦੇਖਿਆ ਹੈ ਪਰ ਜਦੋਂ ਤੁਸੀਂ ਖ਼ੁਦ ਉਸ ਕਿਰਦਾਰ ਨੂੰ ਨਿਭਾਉਂਦੇ ਹੋ ਤਾਂ ਚੀਜ਼ਾਂ ਹੋਰ ਡੂੰਘਾਈ ਨਾਲ ਸਮਝ ਆਉਂਦੀਆਂ ਹਨ। ਖ਼ਾਸ ਕਰ ਕੇ ਪਰਫਾਰਮਰ ਵਾਲਾ ਹਿੱਸਾ ਅਤੇ ਲੋਕਾਂ ਦੀਆਂ ਨਜ਼ਰਾਂ ਨੂੰ ਮਹਿਸੂਸ ਕਰਨਾ ਉਹ ਤਜਰਬਾ ਬਹੁਤ ਵੱਖਰਾ ਸੀ। ਉਸ ਦਰਦ ਅਤੇ ਸੰਘਰਸ਼ ਨੂੰ ਮਹਿਸੂਸ ਕਰਨਾ ਇਸ ਕਿਰਦਾਰ ਦੀ ਸਭ ਤੋਂ ਵੱਡੀ ਤਿਆਰੀ ਸੀ।
ਮੈਂ ਖ਼ੁਦ ਨੂੰ ਕਿਸੇ ਇਕ ਚੀਜ਼ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੀ : ਆਰਜੇ ਮਹਵਿਸ਼
ਪ੍ਰ. ਤੁਸੀਂ ਅਦਾਕਾਰ, ਆਰ. ਜੇ., ਪ੍ਰੋਡਿਊਸਰ ਸਭ ਕੁਝ ਹੋ। ਕੀ ਕੋਈ ਪ੍ਰਤਿਭਾ ਹਾਲੇ ਬਾਕੀ ਹੈ?
ਫ਼ਿਲਹਾਲ ਮੈਂ ਲਿਖਣਾ ਛੱਡ ਦਿੱਤਾ ਹੈ। ਬਾਕੀ ਤਾਂ ਸਭ ਕੁਝ ਕਰ ਲਿਆ ਹੈ ਪਰ ਸੱਚ ਦੱਸਾਂ ਤਾਂ ਹਰ ਚੀਜ਼ ਸਿੱਖਣ ਦਾ ਮਜ਼ਾ ਆਉਂਦਾ ਹੈ। ਮੈਂ ਖ਼ੁਦ ਨੂੰ ਕਿਸੇ ਇਕ ਚੀਜ਼ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੀ।
ਪ੍ਰ. ਪ੍ਰੋਡਿਊਸਰ ਹੋਣ ਕਾਰਨ ਕੀ ਐਕਟਰ ਵਾਲੀ ਡਿਮਾਂਡ ਘੱਟ ਹੋ ਜਾਂਦੀ ਹੈ?
ਬਿਲਕੁਲ ਹੁੰਦੀ ਹੈ। ਜਦੋਂ ਤੁਸੀਂ ਪ੍ਰੋਡਿਊਸਰ ਦੇ ਪਰਸਪੈਕਟਿਵ ਨਾਲ ਚੀਜ਼ਾਂ ਸਮਝਣ ਲੱਗਦੇ ਹੋ ਤਾਂ ਖ਼ੁਦ ਹੀ ਜੋੜਨਾ ਸ਼ੁਰੂ ਹੋ ਜਾਂਦੀ ਹੈ ਕਿ ਇਥੇ ਕਿੰਨਾ ਬਜਟ ਜਾ ਰਿਹਾ ਹੋਵੇਗਾ, ਕਿੰਨੇ ਲੋਕਾਂ ਦੀ ਮਿਹਨਤ ਲੱਗੀ ਹੋਵੇਗੀ। ਕਈ ਵਾਰ ਮੈਂ ਆਪਣੀ ਡਿਮਾਂਡ ਖ਼ੁਦ ਹੀ ਘੱਟ ਕਰ ਦਿੰਦੀ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਪ੍ਰਾਜੈਕਟ ਸਭ ਤੋਂ ਜ਼ਰੂਰੀ ਹੈ।
ਪ੍ਰ. ਤੁਹਾਡਾ ਕਿਰਦਾਰ ਇਸ ਕਹਾਣੀ ਵਿਚ ਕਿਸ ਤਰ੍ਹਾਂ ਦਾ ਰੰਗ ਲੈ ਕੇ ਆਉਂਦਾ ਹੈ?
ਮੇਰਾ ਕਿਰਦਾਰ ਆਰਤੀ ਸਹੀ ਅਤੇ ਗ਼ਲਤ ਵਿਚਕਾਰ ਫ਼ਰਕ ਸਮਝਦੀ ਹੈ। ਉਸ ਦੀ ਲੜਾਈ ਘਰ ਵਾਲਿਆਂ ਨਾਲ ਪਹਿਲਾਂ ਸ਼ੁਰੂ ਹੁੰਦੀ ਹੈ। ਉਹ ਅਮੀਰ ਘਰ ਤੋਂ ਆਉਂਦੀ ਹੈ ਪਰ ਸਮਾਜ ਵਿਚ ਹੋ ਰਹੇ ਭੇਦਭਾਵ ਨੂੰ ਦੇਖਦੀ ਤੇ ਮਹਿਸੂਸ ਵੀ ਕਰਦੀ ਹੈ। ਉਸ ਦੀ ਸਭ ਤੋਂ ਵੱਡੀ ਲੜਾਈ ਬਾਹਰ ਦੀ ਦੁਨੀਆ ਤੋਂ ਘੱਟ ਅਤੇ ਆਪਣੇ ਹੀ ਘਰ-ਪਰਿਵਾਰ ਤੋਂ ਜ਼ਿਆਦਾ ਹੈ।
ਪ੍ਰ. ਆਪਣੇ ਕਿਰਦਾਰ ਲਈ ਤੁਸੀਂ ਕੀ ਤਿਆਰੀ ਕੀਤੀ?
ਮੈਂ ‘ਲੌਂਡਾ ਨਾਚ’ ਅਤੇ ਭਿਖਾਰੀ ਠਾਕੁਰ ਬਾਰੇ ਵਿਚ ਕਾਫ਼ੀ ਪੜ੍ਹਾਈ ਕੀਤੀ। ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਸ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਸਮੇਂ ਨਾਲ ਇਸ ਦੇ ਅਕਸ ਕਿਵੇਂ ਬਦਲ ਗਏ। ਉਸ ਸਮੇਂ ਇਹ ਹੁੰਦਾ ਸੀ ਕਿ ਔਰਤਾਂ ਨੂੰ ਬਾਹਰ ਜਾ ਕੇ ਕੰਮ ਨਹੀਂ ਕਰਨ ਦਿੱਤਾ ਜਾਂਦਾ ਸੀ, ਕਿਉਂਕਿ ਉਨ੍ਹਾਂ ਨੂੰ ਅਜਿਹਾ ਲੱਗਦਾ ਸੀ ਕਿ ਘਰ ਦੀ ਇੱਜ਼ਤ ਚਲੀ ਜਾਵੇਗੀ ਤਾਂ ਮਰਦਾਂ ਨੇ ਆਪਣੇ ਮਨੋਰੰਜਨ ਲਈ ਕੁੜੀ ਬਣ ਕੇ ਨੱਚਣਾ ਸ਼ੁਰੂ ਕਰ ਦਿੱਤਾ।
ਸਿਰਫ਼ ਫਾਲੋਅਰਜ਼ ਹੋਣ ਨਾਲ ਕੁਝ ਨਹੀਂ ਹੁੰਦਾ, ਪ੍ਰਤਿਭਾ ਹੋਣੀ ਸਭ ਤੋਂ ਜ਼ਰੂਰੀ : ਆਰਜੇ ਮਹਵਿਸ਼
ਪ੍ਰ. ਤੁਹਾਡੇ ਦੋਵਾਂ ਦੀ ਸ਼ਖ਼ਸੀਅਤ ਅਤੇ ਪਿਛੋਕੜ ਕਾਫ਼ੀ ਵੱਖ ਹੈ। ਇਕੱਠਿਆਂ ਕੰਮ ਕਰਨਾ ਕਿਵੇਂ ਦਾ ਰਿਹਾ?
ਆਰਜੇ ਮਹਵਿਸ਼ : ਬਹੁਤ ਮਜ਼ੇਦਾਰ ਰਿਹਾ। ਮੈਂ ਅੰਸ਼ੂਮਨ ਤੋਂ ਅਦਾਕਾਰੀ ਦੀਆਂ ਕਈ ਬਾਰੀਕੀਆਂ ਸਿੱਖੀਆਂ ਅਤੇ ਇਨ੍ਹਾਂ ਨੇ ਮੇਰੇ ਤੋਂ ਸੋਸ਼ਲ ਮੀਡੀਆ ਦੀਆਂ ਗੱਲਾਂ ਸਿੱਖੀਆਂ। ਸੈੱਟ ’ਤੇ ਅਸੀਂ ਲੋਕ ਬਹੁਤ ਮਸਤੀ ਵੀ ਕਰਦੇ ਸੀ ਅਤੇ ਕੰਮ ਨੂੰ ਲੈ ਕੇ ਬਰਾਬਰ ਸੀਰੀਅਸ ਵੀ ਰਹਿੰਦੇ ਸੀ।
ਅੰਸ਼ੁੂਮਨ ਪੁਸ਼ਕਰ : ਮਹਵਿਸ਼ ਬਹੁਤ ਸਮਰਪਿਤ ਅਦਾਕਾਰਾ ਹੈ। ਸਾਡੇ ਦੋਵਾਂ ਦੀ ਕੰਮ ਕਰਨ ਦੀ ਅਪ੍ਰੋਚ ਇਕੋ ਜਿਹੀ ਸੀ। ਪੂਰਾ ਸੈੱਟ ਬਹੁਤ ਪਾਜ਼ੀਟਿਵ ਸੀ ਅਤੇ ਉਸ ਕਾਰਨ ਪਰਫਾਰਮੈਂਸ ਵੀ ਨੈਚੁਰਲੀ ਨਿਕਲ ਕੇ ਆਈ।
ਪ੍ਰ. ਅੱਜਕੱਲ ਫਾਲੋਅਰਜ਼ ਵੀ ਕਾਸਟਿੰਗ ਦਾ ਵੱਡਾ ਹਿੱਸਾ ਬਣ ਗਏ ਹਨ। ਤੁਸੀਂ ਦੋਵੇਂ ਇਸ ਨੂੰ ਕਿਵੇਂ ਦੇਖਦੇ ਹੋ?
ਆਰਜੇ ਮਹਵਿਸ਼ : ਸੋਸ਼ਲ ਮੀਡੀਆ ਬਿਲਕੁਲ ਮਦਦ ਕਰਦਾ ਹੈ। ਜੇ ਕਿਸੇ ਅਦਾਕਾਰ ’ਚ ਪ੍ਰਤਿਭਾ ਵੀ ਹੈ ਅਤੇ ਆਡੀਅਨਸ ਰੀਚ ਵੀ ਤਾਂ ਪ੍ਰੋਡਿਊਸਰ ਨੈਚੁਰਲੀ ਉਸ ਨੂੰ ਪਹਿਲ ਦੇਵੇਗਾ, ਕਿਉਂਕਿ ਉਸ ਨਾਲ ਪ੍ਰਾਜੈਕਟ ਦੀ ਵਿਜ਼ੀਬਿਲਟੀ ਵਧਦੀ ਹੈ ਪਰ ਸਿਰਫ਼ ਫਾਲੋਅਰਜ਼ ਹੋਣ ਨਾਲ ਕੁਝ ਨਹੀਂ ਹੁੰਦਾ, ਪ੍ਰਤਿਭਾ ਹੋਣਾ ਸਭ ਤੋਂ ਜ਼ਰੂਰੀ ਹੈ।
ਅੰਸ਼ੂਮਨ ਪੁਸ਼ਕਰ : ਮੈਨੂੰ ਲੱਗਦਾ ਹੈ ਕਿ ਫਾਲੋਅਰਜ਼ ਤੁਹਾਨੂੰ ਇਕ ਮੌਕਾ ਦਿਵਾ ਸਕਦੇ ਹਨ ਪਰ ਆਡੀਅਨਸ ਤੁਹਾਨੂੰ ਉਦੋਂ ਅਸੈਪਟ ਕਰੇਗੀ, ਜਦੋਂ ਤੁਸੀਂ ਚੰਗਾ ਪਰਫਾਰਮ ਕਰੋਗੇ। ਜੇ ਐਕਟਿੰਗ ਨਹੀਂ ਆਉਂਦੀ ਤਾਂ ਸੋਸ਼ਲ ਮੀਡੀਆ ਵੀ ਜ਼ਿਆਦਾ ਸਮੇਂ ਤੱਕ ਸਾਥ ਨਹੀਂ ਦਿੰਦਾ। ਆਖ਼ਰ ’ਚ ਕੰਟੈਂਟ ਅਤੇ ਪਰਫਾਰਮੈਂਸ ਹੀ ਟਿਕਦੇ ਹਨ।
ਪ੍ਰ. ਇੰਡਸਟਰੀ ਆਊਟਸਾਈਡਰ ਹੋਣ ਦੇ ਨਾਤੇ ਸਫ਼ਰ ਕਿੰਨਾ ਚੁਣੌਤੀਪੂਰਨ ਰਿਹਾ?
ਆਰਜੇ ਮਹਵਿਸ਼ : ਮੈਂ ਹਮੇਸ਼ਾ ਉਹੀ ਮੰਗਦੀ ਹਾਂ ਜੋ ਮੈਨੂੰ ਸੱਚਮੁੱਚ ਚਾਹੀਦਾ ਹੁੰਦਾ ਹੈ। ਮਿਹਨਤ ਵਿਚ ਭਰੋਸਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਜੇ ਸਮਰਪਣ ਹੋਵੇ ਤਾਂ ਰਸਤਾ ਹੌਲੀ-ਹੌਲੀ ਖ਼ੁਦ ਬਣਦਾ ਜਾਂਦਾ ਹੈ।
ਅੰਸ਼ੂਮਨ ਪੁਸ਼ਕਰ : ਚੁਣੌਤੀਪੂਰਨ ਤਾਂ ਰਿਹਾ ਹੈ ਪਰ ਮੈਂ ਆਪਣੇ ਸਫ਼ਰ ਤੋਂ ਖ਼ੁਸ਼ ਹਾਂ। ਮੈਂ ਹਮੇਸ਼ਾ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਕਰਨਾ ਚਾਹੁੰਦਾ ਹਾਂ। ਸਿਰਫ਼ ਪੈਸੇ ਜਾਂ ਪ੍ਰਸਿੱਧੀ ਲਈ ਸਟੀਰਿਓਟਾਈਪ ਰੋਲਜ਼ ਨਹੀਂ ਕਰਨਾ ਚਾਹੁੰਦਾ। ਮੇਰੇ ਲਈ ਸੰਤੁਸ਼ਟੀ ਜ਼ਿਆਦਾ ਜ਼ਰੂਰੀ ਹੈ।
