ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਜਾ ਵੜੇ 2 ਅਣਪਛਾਤੇ ਵਿਅਕਤੀ, ''ਮਾਸਟਰ'' ਬੈੱਡਰੂਮ ''ਚ ਕੀਤੀ ਫ਼ਰੋਲਾ-ਫ਼ਰਾਲੀ

Thursday, Jun 15, 2023 - 11:11 PM (IST)

ਮੁੰਬਈ (ਭਾਸ਼ਾ): ਮੁੰਬਈ ਪੁਲਸ ਨੇ ਇੱਥੇ ਜੁਹੂ ਵਿਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਵਿਚ ਨਾਜਾਇਜ਼ ਤੌਰ 'ਤੇ ਦਾਖ਼ਲ ਹੋ ਕੇ ਕਥਿਤ ਤੌਰ 'ਤੇ ਚੋਰੀ ਕਰਨ ਵਾਲੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਵੇਂ ਹੀ ਆਦਤਨ ਚੋਰ ਹਨ, ਪਰ ਸ਼ਿਲਪਾ ਦੇ ਘਰ ਤੋਂ ਅਸਲੀਅਤ ਵਿਚ ਕੀ ਚੋਰੀ ਕੀਤਾ ਗਿਆ ਹੈ, ਇਸ ਦਾ ਪਤਾ ਲਗਾਉਣਾ ਬਾਕੀ ਹੈ ਕਿਉਂਕਿ ਅਦਾਕਾਰਾ ਫ਼ਿਲਹਾਲ ਵਿਦੇਸ਼ 'ਚ ਹੈ। 

ਇਹ ਖ਼ਬਰ ਵੀ ਪੜ੍ਹੋ - ਐਕਸਪ੍ਰੈੱਸ ਵੇਅ 'ਤੇ ਚੱਲਦੇ ਵਾਹਨਾਂ 'ਤੇ ਵਰ੍ਹੇ 'ਅੱਗ ਦੇ ਗੋਲ਼ੇ', 4 ਲੋਕਾਂ ਨੇ ਗੁਆਈ ਜਾਨ

ਪੁਲਸ ਅਧਿਕਾਰੀ ਨੇ ਕਿਹਾ, "ਇਹ ਘਟਨਾ ਉਸ ਵੇਲੇ ਸਾਹਮਣੇ ਆਈ, ਜਦੋਂ ਅਦਾਕਾਰਾ ਦੇ ਬੰਗਲੇ 'ਕਿਨਾਰਾ' ਦਾ ਰੱਖ-ਰਖਾਅ ਪ੍ਰਬੰਧਕ ਚੋਰੀ ਤੇ ਘਰ ਵਿਚ ਨਾਜਾਇਜ਼ ਦਾਖ਼ਲੇ ਦੀ ਸ਼ਿਕਾਇਤ ਲੈ ਕੇ ਪੁਲਸ ਕੋਲ ਪਹੁੰਚਿਆ।" ਉਨ੍ਹਾਂ ਕਿਹਾ ਕਿ ਸ਼ਿਕਾਇਤ ਮੁਤਾਬਕ ਮਈ ਦੇ ਅਖ਼ੀਰ ਤੋਂ ਇਸ ਬੰਗਲੇ ਵਿਚ ਮੁਰੰਮਤ ਤੇ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ ਤੇ ਅਦਾਕਾਰਾ 24 ਮਈ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵਿਦੇਸ਼ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ 6 ਜੂਨ ਨੂੰ ਘਰ ਦਾ ਰੱਖ-ਰਖਾਅ ਪ੍ਰਬੰਧਕ ਅਦਾਕਾਰਾ ਦੇ ਬੰਗਲੇ 'ਤੇ ਪਹੁੰਚਿਆ ਤਾਂ ਉਸ ਨੇ ਹਾਲ, ਭੋਜਨ ਹਾਲ ਤੇ 'ਮਾਸਟਰ' ਬੈੱਡਰੂਮ ਵਿਚ ਚੀਜ਼ਾਂ ਖ਼ਿੱਲਰੀਆਂ ਵੇਖੀਆਂ। ਸ਼ੈੱਟੀ ਦੀ ਧੀ ਦੇ ਬੈੱਡਰੂਮ ਵਿਚ ਅਲਮਾਰੀ ਖੁੱਲ੍ਹੀ ਸੀ ਤੇ ਚੀਜ਼ਾਂ ਖਿੱਲਰੀਆਂ ਹੋਈਆਂ ਸਨ। ਇਸ ਤੋਂ ਬਾਅਦ ਪ੍ਰਬੰਧਕ ਨੇ ਬੰਗਲੇ ਵਿਚ ਲੱਗੇ CCTV ਨੂੰ ਵੇਖਿਆ। ਇਕ ਵੀਡੀਓ ਵਿਚ ਮਾਸਕ ਲਗਾਇਆ ਇਕ ਅਣਪਛਾਤਾ ਵਿਅਕਤੀ ਬਾਰੀ ਤੋਂ ਅੰਦਰ ਆਉਂਦਾ ਤੇ ਚੀਜ਼ਾਂ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ। 

ਇਹ ਖ਼ਬਰ ਵੀ ਪੜ੍ਹੋ - ਅਰਸ਼ਦੀਪ ਸਿੰਘ ਨੇ ਹੁਣ ਇੰਗਲੈਂਡ 'ਚ ਪਾਈ ਧੱਕ, ਇਸ ਟੀਮ ਵੱਲੋਂ ਖੇਡਦਿਆਂ ਕੀਤੀ ਸ਼ਾਨਦਾਰ ਗੇਂਦਬਾਜ਼ੀ

ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਦੇ ਅਧਾਰ 'ਤੇ ਆਈ.ਪੀ.ਸੀ. ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ, "ਪੁਲਸ ਨੇ ਸ਼ੈੱਟੀ ਦੇ ਬੰਗਲੇ ਤੇ ਆਲੇ ਦੁਆਲੇ ਲੱਗੇ 70 ਤੋਂ ਵੱਧ CCTV ਕੈਮਰਿਆਂ ਨੂੰ ਖੰਗਾਲਿਆ ਤੇ ਫਿਰ ਉਸ ਦੀ ਨਜ਼ਰ ਸ਼ੱਕੀਆਂ 'ਤੇ ਟਿਕੀ। ਮੌਜੂਦ ਸਬੂਤਾਂ ਦੇ ਅਧਾਰ 'ਤੇ 2 ਵਿਅਕਤੀ ਵਿਲੇ ਪਾਰਲੇ ਤੋਂ ਫੜੇ ਗਏ ਹਨ।" ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰਜੁਨ ਸੁਰੇਸ਼ ਬਾਬੂ ਦੇਵੇਂਦਰਾ ਤੇ ਅਜੇ ਦੇਵੇਂਦਰਾ ਵਜੋਂ ਦੱਸੀ ਜਾ ਰਹੀ ਹੈ। ਅਧਿਕਾਰੀ ਮੁਤਾਬਕ ਪੁਲਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News