ਬੈਸਟ ਇਨਵੈਸਟੀਗੇਟਿਵ ਫ਼ਿਲਮ ‘ਦੀ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’
Thursday, Jul 28, 2022 - 11:08 AM (IST)
ਬਾਲੀਵੁੱਡ ਡੈਸਕ: ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੇ ਜੰਮਪਲ ਨੌਜਵਾਨ ਡਾ. ਪਰਮਜੀਤ ਸਿੰਘ ਕੱਟੂ ਦੁਆਰਾ ਲਿਖੀ ਤੇ ਨਿਰਦੇਸ਼ਤ ਡਾਕੂਮੈਂਟਰੀ ਫ਼ਿਲਮ ‘ਦੀ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਨੂੰ 68ਵੇਂ ਰਾਸ਼ਟਰੀ ਫ਼ਿਲਮ ਐਵਾਰਡਜ਼ ਵਿੱਚ ਬੈਸਟ ਇਨਵੈਸਟੀਗੇਟਿਵ ਫ਼ਿਲਮ ਦਾਐਵਾਰਡ ਮਿਲਿਆ ਹੈ। ਇਸ ਵਾਰ ਰਾਸ਼ਟਰੀ ਐਵਾਰਡਾਂ ’ਚ ਪੰਜਾਬ ਦੀ ਲਾਜ ਰੱਖਣ ਵਾਲੀ ਇਹ ਇਕਲੌਤੀ ਫ਼ਿਲਮ ਹੈ। ਇਸ ਫ਼ਿਲਮ ਦੇ ਨਿਰਮਾਤਾ ਸਰਦਾਰ ਕਰਨਵੀਰ ਸਿੰਘ ਸਿਵੀਆ ਹਨ ਜੋ ਲੰਮੇ ਸਮੇਂ ਤੋਂ ਸਮਾਜ ਸੇਵਾ ਅਤੇ ਕਲਾਤਮਕ ਸਿਰਜਣਾਵਾਂ ਦੇ ਖ਼ੇਤਰ ’ਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ।
ਇਹ ਫ਼ਿਲਮ ਪਹਿਲੀ ਭਾਰਤੀ ਜੰਗ ਦੇ ਅਣਗੌਲੀ ਨਾਇਕ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ਦੁਆਲੇ ਘੁੰਮਦੀ ਹੈ। ਪ੍ਰੀਤਮ ਸਿੰਘ ਦਾ ਜਨਮ 05 ਅਕਤੂਬਰ 1911 ਨੂੰ ਦੀਨਾ ਸਾਹਿਬ ਵਿਖੇ ਹੋਇਆ ਜਿੱਥੇ ਦਸਮ ਗੁਰੂ ਨੇ ਜ਼ਫ਼ਰਨਾਮਾ ਰਚਿਆ। ਦੂਜੇ ਵਿਸ਼ਵ ਯੁੱਧ ’ਚ ਸਿੰਘਾਪੁਰ ਦੇ ਮੋਰਚੇ ’ਤੇ ਲੜ ਰਹੇ ਸਨ ਪਰ ਜੰਗ ਦੌਰਾਨ ਦੁਸ਼ਮਣ ਦੇ ਕੈਂਪ ’ਚ ਫ਼ੜੇ ਗਏ। 4 ਮਈ 1942 ਨੂੰ ਆਪਣੇ ਦੋ ਸਾਥੀਆਂ ਕੈਪਟਨ ਬਲਵੀਰ ਸਿੰਘ ਤੇ ਕੈਪਟਨ ਜੀ.ਆਰ. ਪ੍ਰਭ ਨਾਲ ਉਥੋਂ ਬਚ ਕੇ ਨਿਕਲਣ ’ਚ ਕਾਮਯਾਬ ਹੋਏ। ਮਲਾਇਆ ਥਾਈਲੈਂਡ ਅਤੇ ਬਰਮਾ ਦੇ ਜੰਗਲਾਂ, ਪਹਾੜਾਂ, ਨਦੀਆਂ ਦਾ ਸਫ਼ਰ ਤੈਅ ਕਰਦਿਆਂ ਛੇ ਮਹੀਨਿਆਂ ਬਾਅਦ ਆਖ਼ਰ ਭਾਰਤ ਪਹੁੰਚ ਗਏ।
ਇਸ ਹੌਸਲੇ ਤੇ ਦਲੇਰਾਨਾ ਕਾਰਜ ਲਈ ਪ੍ਰੀਤਮ ਸਿੰਘ ਨੂੰ ਵੱਕਾਰੀ ਮੈਡਲ ‘ਮਲਿਟਰੀ ਕਰਾਸ’ ਨਾਲ ਸਨਮਾਨਿਆ ਗਿਆ।ਭਾਰਤ ਦੀ ਆਜ਼ਾਦੀ ਤੋਂ ਬਾਅਦ ਪ੍ਰੀਤਮ ਸਿੰਘ ਸ੍ਰੀਨਗਰ ਵਿਖੇ ਭਾਰਤੀ ਫ਼ੌਜ ਦੀ ਫ਼ੈਸਲਾਕੁੰਨ ਸ਼ਾਲਟੈਂਗ ਦੀ ਲੜਾਈ ’ਚ ਸ਼ਾਮਿਲ ਹੋਏ ਅਤੇ ਤਿੰਨ ਮਹੀਨਿਆਂ ’ਚ ਹੀ ਪਾਕਿਸਤਾਨੀ ਫ਼ੌਜ ਨੂੰ ਉੜੀ ਤੋਂ ਵੀ ਪਿੱਛੇ ਧੱਕ ਦਿੱਤਾ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦਿਆਂ 20 ਨਵੰਬਰ 1947 ਨੂੰ ਪੁਣਛ ਨੂੰ ਬਚਾਉਣ ਭੇਜਿਆ ਗਿਆ। ਲਗਭਗ ਡੇਢ ਸਾਲ ਦੇ ਖ਼ਤਰਨਾਕ ਫੌਜੀ ਅਪ੍ਰੇਸ਼ਨ ਤੋਂ ਦੌਰਾਨ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ 50000 ਲੋਕਾਂ ਦੀ ਜਾਨ ਬਚਾਈ, ਜਿਸ ਕਰਕੇ ਪੁੰਛ ਅਤੇ ਜੰਮੂ-ਕਸ਼ਮੀਰ ਦਾ ਬਹੁਤ ਵੱਡਾ ਹਿੱਸਾ ਅੱਜ ਭਾਰਤ ’ਚ ਸ਼ਾਮਿਲ ਹੈ ਪਰ ਕੁਝ ਗਲਤ ਇਲਜ਼ਾਮਾਂ ਕਰਕੇ ਉਨ੍ਹਾਂ ਦਾ ਕੋਰਟ-ਮਾਰਸ਼ਲ ਕਰ ਦਿੱਤਾ ਗਿਆ ਸੀ।
ਪੌਣੀ ਸਦੀ ਬਾਅਦ ਇਸ ਕਹਾਣੀ ਨੂੰ ਤੱਥਾਂ ਅਤੇ ਅੰਤਰਰਾਸ਼ਟਰੀ ਮਿਆਰਾਂ ਰਾਹੀਂ ਪੇਸ਼ ਕਰਨ ਕਰਕੇ ਇਸ ਫ਼ਿਲਮ ਨੂੰ ਸਰਵੋਤਮ ਖ਼ੋਜੀ ਫ਼ਿਲਮ ਲਈ ਚੁਣਿਆ ਗਿਆ ਹੈ। ਇਸ ਫ਼ਿਲਮ ਦਾ ਨਿਰਮਾਣ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਕੀਤਾ ਗਿਆ ਹੈ। ਇਹ ਫ਼ਿਲਮ ਟੀਮ ਦੀ ਲਗਪਗ ਤਿੰਨ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਫ਼ਿਲਮ ਲਈ ਪਿੱਠਵਰਤੀ ਆਵਾਜ਼ ਬਾਲੀਵੁੱਡ ਦੇ ਨਾਮਵਰ ਅਦਾਕਾਰ ਜ਼ਾਕਰ ਹੁਸੈਨ ਨੇ ਦਿੱਤੀ ਹੈ ਅਤੇ ਇਸ ਫ਼ਿਲਮ ਦਾ ਪੋਸਟ ਪ੍ਰੋਡਕਸ਼ਨ ਦਾ ਕਾਰਜ ਮੁੰਬਈ ਦੇ ਬਿਹਤਰੀਨ ਸਟੂਡੀਓਜ਼ ’ਚ ਮਾਨਵ ਸ਼ਰੋਤਰੀਆ ਦੀ ਅਗਵਾਈ ’ਚ ਹੋਇਆ ਹੈ।
ਇਹ ਫ਼ਿਲਮ ਡਾਕੂਮੈਂਟਰੀ ਅਤੇ ਫ਼ੀਚਰ ਫ਼ਿਲਮ ਦਾ ਸੁਮੇਲ ਹੈ ਇਸ ਲਈ ਇਸ ਨੂੰ ਡਾਕੂ ਡਰਾਮਾ ਵਰਗ ’ਚ ਗਿਣਿਆ ਜਾਂਦਾ ਹੈ। ਡਾਕੂਮੈਂਟਰੀ ਭਾਗ ਲਈ ਜਿਥੇ ਦੂਜੇ ਵਿਸ਼ਵ ਯੁੱਧ ਅਤੇ ਉੱਨੀ ਸੌ ਸੰਤਾਲੀ ਦੇ ਤਮਾਮ ਸਰੋਤ ਵੇਖੇ ਗਏ ਉਥੇ ਡਰਾਮਾ ਭਾਗ ਲਈ ਬਿਹਤਰੀਨ ਅਦਾਕਾਰਾਂ ਨੂੰ ਸ਼ਾਮਲ ਕੀਤਾ ਗਿਆ। ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਰੋਲ ਨੌਜਵਾਨ ਅਦਾਕਾਰ ਧਨਵੀਰ ਸਿੰਘ ਦੁਆਰਾ ਨਿਭਾਇਆ ਗਿਆ ਹੈ ਜੋ ਦਸਵੀਂ ਫ਼ਿਲਮ ਅਤੇ ਮੁਗਲੇ-ਆਜ਼ਮ ਸੰਗੀਤਕ ਨਾਟਕ ਦੀ ਸ਼ਹਿਜ਼ਾਦਾ ਸਲੀਮ ਵਜੋਂ ਮਕਬੂਲ ਹੈ। ਇਸ ਦੇ ਨਾਲ ਹੀ ਮਹਾਂਬੀਰ ਭੁੱਲਰ ਅਤੇ ਪਾਲੀ ਸੰਧੂ ਵਰਗੇ ਅਦਾਕਾਰ ਇਸ ਫ਼ਿਲਮ ਦਾ ਹਿੱਸਾ ਹਨ।
ਇਸ ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਡਾ.ਪਰਮਜੀਤ ਸਿੰਘ ਕੱਟੂ ਨੇ ਪੰਜਾਬੀ ਦੀ ਪੀ.ਐੱਚ.ਡੀ ਦੀ ਡਿਗਰੀ ਕੀਤੀ ਹੋਈ ਹੈ ਅਤੇ ਇਸ ਤੋਂ ਪਹਿਲਾਂ ਚਾਰ ਲਘੂ ਫ਼ਿਲਮਾਂ ਦਾ ਲੇਖਣ ਤੇ ਨਿਰਦੇਸ਼ਨ ਕਰ ਚੁੱਕਾ ਹੈ ਤੇ ਉਸ ਦੀਆਂ ਫ਼ਿਲਮਾਂ ਦੀ ਖਾਸੀਅਤ ਹੁੰਦੀ ਹੈ ਕਿ ਉਹ ਦੁਨੀਆਂ ਭਰ ਦੇ ਨਾਮਵਰ ਫ਼ਿਲਮ ਮੁਕਾਬਲਿਆਂ ’ਚ ਭਾਗ ਲੈਂਦੀਆਂ ਅਤੇ ਜੇਤੂ ਰਹਿੰਦੀਆਂ ਹਨ। ਮਿਸਾਲ ਵਜੋਂ ਨੈਸ਼ਨਲ ਐਵਾਰਡ ਜੇਤੂ ਡਾਕੂਮੈਂਟਰੀ ਫ਼ਿਲਮ ‘ਦੀ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਨੂੰ ਵੀ ਇਸ ਤੋਂ ਪਹਿਲਾਂ ਪੰਦਰਾਂ ਤੋਂ ਵਧੇਰੇ ਅੰਤਰਰਾਸ਼ਟਰੀ ਐਵਾਰਡ ਮਿਲ ਚੁੱਕੇ ਹਨ। ਜਿਨ੍ਹਾਂ ’ਚ ਲਾਸ ਏਂਜਲਸ ਫ਼ਿਲਮ ਐਵਾਰਡ, ਤੇਰਵਾਂ ਦਾਦਾ ਸਾਹਿਬ ਫ਼ਾਲਕੇ ਫ਼ਾਲਮ ਫ਼ੈਸਟੀਵਲ, ਨਵੀਂ ਦਿੱਲੀ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ ਸਮੇਤ ਰੋਮ ਸਵੀਡਨ ਇਟਲੀ ਲੰਡਨ ਆਦਿ ਥਾਵਾਂ ਦੇ ਅੰਤਰਰਾਸ਼ਟਰੀ ਫ਼ਿਲਮ ਮੇਲਿਆਂ ’ਚ ਵੀ ਜੇਤੂ ਰਹੀ ਹੈ। ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਦਾ ਇਹ ਪਹਿਲਾ ਵੱਡਾ ਫ਼ਿਲਮੀ ਪ੍ਰਾਜੈਕਟ ਹੈ ਤੇ ਪਹਿਲੇ ਹੀ ਪ੍ਰਾਜੈਕਟ ਦਾ ਰਾਸ਼ਟਰੀ ਫ਼ਿਲਮ ਐਵਾਰਡ ਲਈ ਚੁਣਿਆ ਜਾਣਾ ਉਸ ਦੀ ਮਿਹਨਤ ਅਤੇ ਕਾਬਲੀਅਤ ਦੀ ਗਵਾਹੀ ਭਰਦਾ ਹੈ।
ਇਹ ਫ਼ਿਲਮ ਆਪਣੇ ਆਪ ’ਚ ਕਈ ਪੱਖਾਂ ਤੋਂ ਵਿਲੱਖਣ ਵੀ ਹੈ। ਪੰਜਾਬ ’ਚ ਇਸ ਪੱਧਰ ਦਾ ਡਾਕੂ-ਡਰਾਮਾ ਵਰਗ ਦਾ ਕੋਈ ਫ਼ਿਲਮੀ ਪ੍ਰਾਜੈਕਟ ਇਸ ਤੋਂ ਪਹਿਲਾਂ ਵੇਖਣ ਨੂੰ ਨਹੀਂ ਮਿਲਦਾ। ਨੈਸ਼ਨਲ ਫ਼ਿਲਮ ਐਵਾਰਡਾਂ ਦੇ ਅਠਾਹਠ ਸਾਲਾਂ ਦੇ ਇਤਿਹਾਸ ’ਚ ਨਾਨ-ਫੀਚਰ ਕੈਟਾਗਰੀ ’ਚ ਜਿੱਤਣ ਵਾਲੀ ਪੰਜਾਬ ਦੀ ਇਹ ਪਹਿਲੀ ਫ਼ਿਲਮ ਹੈ। ਇਹ ਫ਼ਿਲਮ ਜਲਦ ਹੀ ਕਿਸੇ ਵੱਡੇ ਅੰਤਰਰਾਸ਼ਟਰੀ ਓ.ਟੀ.ਟੀ ਪਲੇਟਫ਼ਾਰਮ ’ਤੇ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਫ਼ਿਲਮ ਦੀਆਂ ਪ੍ਰਾਪਤੀਆਂ ਤੋਂ ਇਹ ਨਿਸ਼ਚੇ ਹੀ ਕਿਹਾ ਜਾ ਸਕਦਾ ਹੈ ਕਿ ਫ਼ਿਲਮ ਪੰਜਾਬੀ ਸਿਨੇਮਾ ਦੇ ਨਾਲ ਨਾਲ ਵਿਸ਼ਵ ਸਿਨੇਮਾ ’ਚ ਵੀ ਨਵੇਂ ਮੀਲ ਪੱਥਰ ਵਜੋਂ ਜਾਣੀ ਜਾਵੇਗੀ।
ਕੁਲਦੀਪ ਸਿੰਘ
ਰਿਸਰਚ ਸਕਾਲਰ,
ਪੰਜਾਬੀ ਵਿਭਾਗ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ