ਸੀ. ਆਈ. ਡੀ. ਦੀ ਜੋੜੀ ਹੁਣ ਆਹਮੋ-ਸਾਹਮਣੇ, ‘ਹੈਲੋ, ਨੌਕ ਨੌਕ ਕੌਨ ਹੈ? ’ਚ ਦਿਖੇਗਾ ਨਵਾਂ ਟਕਰਾਅ
Wednesday, Oct 01, 2025 - 09:51 AM (IST)

ਮੁੰਬਈ- ਡਾਇਰੈਕਟਰ ਪ੍ਰਬਲ ਬਰੂਆ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਹੈਲੋ, ਨੌਕ ਨੌਕ ਕੌਨ ਹੈ?’ ਜਲਦੀ ਹੀ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। ਇਸ ਸਸਪੈਂਸ-ਥ੍ਰਿਲਰ ਫਿਲਮ ਵਿਚ ਦਯਾਨੰਦ ਸ਼ੈੱਟੀ, ਆਦਿਤਿਆ ਸ਼੍ਰੀਵਾਸਤਵ, ਸੋਨਾਲੀ ਕੁਲਕਰਨੀ, ਬਰਖਾ ਬਿਸ਼ਟ, ਜ਼ਰੀਨਾ ਵਹਾਬ, ਲਿਲੀਪੁਟ ਅਤੇ ਸਾਹਿਲ ਉੱਪਲ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਪ੍ਰੋਡਿਊਸ ਵੀ ਖ਼ੁਦ ਫਿਲਮ ਦੇ ਐਕਟਰ ਦਯਾਨੰਦ ਸ਼ੈੱਟੀ ਨੇ ਕੀਤਾ ਹੈ। ਇਸ ਰਾਹੀਂ ਦਯਾਨੰਦ ਸ਼ੈੱਟੀ ਪਹਿਲੀ ਵਾਰ ਬਤੌਰ ਪ੍ਰੋਡਿਊਸਰ ਇਸ ਫਿਲਮ ਨਾਲ ਜੁੜੇ ਹਨ। ਇਹ ਫਿਲਮ 7 ਨਵੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਬਾਰੇ ਐਕਟਰ ਦਯਾਨੰਦ ਸ਼ੈੱਟੀ, ਆਦਿਤਿਆ ਸ਼੍ਰੀਵਾਸਤਵ ਅਤੇ ਡਾਇਰੈਕਟਰ ਪ੍ਰਬਲ ਬਰੂਆ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਸਾਡਾ ਕੰਮ ਐਕਟਿੰਗ ਹੈ, ਰਾਜਨੀਤੀ ਕਰਨਾ ਨਹੀਂ : ਦਯਾਨੰਦ ਸ਼ੈੱਟੀ
ਪ੍ਰ. ਫਿਲਮ ਦਾ ਟਾਈਟਲ ਹੈਲੋ, ਨੌਕ ਨੌਕ ਕੌਨ ਹੈ? ਕਿੱਥੇ ਆਇਆ?
ਮੈਂ ਤਾਂ ਸਿਰਫ਼ ਨਾਂ ਦਾ ਪ੍ਰੋਡਿਊਸਰ ਹਾਂ। ਟਾਈਟਲ ਤੇ ਬਾਕੀ ਸਾਰੀਆਂ ਚੀਜ਼ਾਂ ਪ੍ਰਬਲ ਸਰ ਦੇ ਹੱਥ ਵਿਚ ਹਨ। ਅਸੀਂ ਮਿਲ ਕੇ ਕਈ ਨਾਮ ਸੋਚੇ ਪਰ ਅੰਤ ਵਿਚ ਸਭ ਨੂੰ ਇਹੀ ਲੱਗਿਆ ਕਿ ‘ਨੌਕ ਨੌਕ ਕੌਨ ਹੈ?’ ਸਭ ਤੋਂ ਬਿਹਤਰ ਰਹੇਗਾ।
ਪ੍ਰ. ਤੁਹਾਨੂੰ ਇਸ ਫਿਲਮ ਨੇ ਪ੍ਰੋਡਿਊਸਰ ਬਣਨ ਲਈ ਕਿਵੇਂ ਪ੍ਰੇਰਿਤ ਕੀਤਾ?
ਅਸੀਂ ਤਿੰਨੋਂ ਗਾਰਡਨ ਵਿਚ ਬੈਠੇ ਸੀ, ਉਦੋਂ ਪ੍ਰਬਲ ਸਰ ਨੇ ਵਨ-ਲਾਈਨਰ ਸੁਣਾਇਆ। ਉਹ ਦਿਮਾਗ਼ ’ਚ ਵਸ ਗਿਆ। ਸ਼ੁਰੂ ਵਿਚ ਸੋਚਿਆ ਕਿਸੇ ਚੰਗੇ ਪ੍ਰੋਡਿਊਸਰ ਨੂੰ ਲੱਭਾਂਗੇ ਪਰ ਜਦੋਂ ਮੁਸ਼ਕਲਾਂ ਆਈਆਂ ਤਾਂ ਤੈਅ ਕੀਤਾ ਕਿ ਖ਼ੁਦ ਹੀ ਜ਼ਿੰਮੇਵਾਰੀ ਚੁੱਕੀ ਜਾਵੇ। ਪ੍ਰਬਲ ਸਰ ਕਲੋਜ਼-ਡੋਰ ਡਰਾਮਾ ਦੇ ਮਾਸਟਰ ਹਨ ਅਤੇ ਇਹੀ ਇਸ ਫਿਲਮ ਦੀ ਜਾਨ ਹੈ।
ਪ੍ਰ. ਹਾਲ ਹੀ ਵਿਚ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਵਿਵਾਦ ਹੋਇਆ ਅਤੇ ਕੁਝ ਫਿਲਮਾਂ ਦੀ ਰਿਲੀਜ਼ ਵੀ ਰੋਕੀ ਗਈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
ਮੈਂ ਕ੍ਰਿਕਟ ਜ਼ਿਆਦਾ ਫਾਲੋ ਨਹੀਂ ਕਰਦਾ ਪਰ ਹਾਲਾਤ ਜਿਹੋ ਜਿਹੇ ਹਨ, ਮੈਨੂੰ ਲੱਗਦਾ ਹੈ ਮੈਚ ਨਹੀਂ ਹੋਣਾ ਚਾਹੀਦਾ ਸੀ। ਹਾਂ, ਕਾਰਨ ਕੀ ਹੈ ਉਹ ਵੱਡੇ ਪੱਧਰ ’ਤੇ ਪਤਾ ਲੱਗਦਾ ਹੈ। ਜੇ ਮੇਰੀ ਫਿਲਮ ਵਿਚ ਕੋਈ ਅਜਿਹਾ ਕਲਾਕਾਰ ਹੁੰਦਾ, ਜੋ ਦੇਸ਼ ਖ਼ਿਲਾਫ਼ ਬਿਆਨ ਦਿੰਦਾ ਤਾਂ ਅਗਲੀ ਵਾਰ ਮੈਂ ਉਸ ਨੂੰ ਕਾਸਟ ਨਹੀਂ ਕਰਦਾ। ਸਾਡਾ ਕੰਮ ਐਕਟਿੰਗ ਕਰਨਾ ਹੈ, ਰਾਜਨੀਤੀ ਕਰਨਾ ਨਹੀਂ।
ਮੈਂ ਹਮੇਸ਼ਾ ਨਵੇਂ ਜੇਨਰ ਵਿਚ ਕੰਮ ਕਰਨਾ ਪਸੰਦ ਕਰਦਾ ਹਾਂ: ਪ੍ਰਬਲ ਬਰੂਆ
ਪ੍ਰ. ਕੀ ਇਹ ਆਈਡੀਆ ਕਿਤੇ ਸੈੱਟ ’ਤੇ ਵਾਰ-ਵਾਰ ਨੌਕ-ਨੌਕ ਕਰਨ ਤੋਂ ਤਾਂ ਨਹੀਂ ਆਇਆ?
ਅਸਲ ਵਿਚ ਇਹ ਡਾਇਲਾਗ ਫਿਲਮ ਵਿਚ ਵਾਰ-ਵਾਰ ਆਉਂਦਾ ਹੈ ਕੌਣ ਹੈ? ਬਰਖਾ ਦੇ ਕਿਰਦਾਰ ਨਾਲ ਇਹ ਕਾਫ਼ੀ ਜੁੜਿਆ ਹੈ। ਜਦੋਂ ਟੀਮ ਵਿਚ ਡਿਸਕਸ਼ਨ ਹੋਈ ਤਾਂ ਸਭ ਨੂੰ ਇਹੀ ਨਾਂ ਸਭ ਤੋਂ ਫਿੱਟ ਲੱਗਿਆ।
ਪ੍ਰ. ਇਕ ਨਿਰਦੇਸ਼ਕ ਦੇ ਤੌਰ ’ਤੇ ਇਸ ਫਿਲਮ ਵਿਚ ਤੁਸੀਂ ਕੀ ਨਵਾਂ ਪ੍ਰਯੋਗ ਕੀਤਾ ਹੈ?
ਮੈਂ ਲੰਬੇ ਸਮੇਂ ਤੋਂ ਆਦਿਤਿਆ ਤੇ ਦਯਾਨੰਦ ਨਾਲ ਕੰਮ ਕਰਦਾ ਆਇਆ ਹਾਂ ਖ਼ਾਸ ਕਰ ਕੇ ਸੀ.ਆਈ.ਡੀ. ਵਿਚ, ਦੋਵਾਂ ਦੀ ਕੈਮਿਸਟਰੀ ਕਮਾਲ ਦੀ ਹੈ ਪਰ ਇਸ ਵਾਰ ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਵੱਖ ਕਿਰਦਾਰਾਂ ਵਿਚ ਪੇਸ਼ ਕੀਤਾ । ਇਹ ਦੋਵੋਂ ਦੋਸਤ ਨਹੀਂ ਬਲਕਿ ਅਜਿਹੇ ਕਿਰਦਾਰ ਨਿਭਾਅ ਰਹੇ ਹਨ, ਜੋ ਇਕ-ਦੂਜੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ। ਇਹੀ ਫਿਲਮ ਦੀ ਸਭ ਤੋਂ ਵੱਡੀ ਯੂ.ਐੱਸ.ਪੀ. ਹੈ।
ਪ੍ਰ. ਇੰਨੀ ਲੇਅਰਡ ਸਟੋਰੀਜ਼ ਤੇ ਗ੍ਰੇ-ਸ਼ੇਡ ਕਰੈਕਟਰਜ਼ ਦਾ ਖ਼ਿਆਲ ਕਿੱਥੋਂ ਆਇਆ ਹੈ?
ਇਹ ਤਾਂ ਸਾਲਾਂ ਦਾ ਅਨੁਭਵ ਹੈ। ਜਿਵੇਂ ਖਾਣਾ ਬਣਾਉਣ ਵਾਲੇ ਤੋਂ ਪੁੱਛੋ ਕਿ ਸਵਾਦ ਕਿਵੇਂ ਆਉਂਦਾ ਹੈ, ਉਵੇਂ ਹੀ ਹੈ। ਹੁਣ ਇਹ ਪ੍ਰੋਸੈੱਸ ਬਣ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫਿਲਮ ਵਿਚ ਕੋਈ ਕਨਵੈਂਸ਼ਨਲ ਹੀਰੋ-ਹੀਰੋਇਨ ਜਾਂ ਵਿਲੇਨ ਨਹੀਂ। ਹਰ ਕਿਰਦਾਰ ਕਦੇ ਹੀਰੋ ਲੱਗਦਾ ਹੈ, ਕਦੇ ਵਿਲੇਨ, ਕਦੇ ਪਾਗ਼ਲ।
ਪ੍ਰ. ਅੱਗੇ ਤੁਸੀਂ ਕਿਸ ਜੇਨਰ ਨੂੰ ਐਕਸਪਲੋਰ ਕਰਨਾ ਚਾਹੋਗੇ?
ਥ੍ਰਿਲਰ ਤਾਂ ਮੈਂ ਬਹੁਤ ਕੀਤਾ ਹੈ। ‘ਗੁਟਰਗੂ’ ਵਰਗੀ ਕਾਮੇਡੀ ਵੀ ਬਣਾਈ ਹੈ ਅਤੇ ਬੱਚਿਆਂ ਦੇ ਸ਼ੋਅ ਵੀ। ਅਗਲੀ ਸਕ੍ਰਿਪਟ ’ਤੇ ਕੰਮ ਕਰ ਰਿਹਾ ਹਾਂ, ਜੋ ਡਰਾਮਾ ਹੈ। ਬਤੌਰ ਨਿਰਦੇਸ਼ਕ ਮੈਂ ਹਮੇਸ਼ਾ ਨਵੇਂ ਜੇਨਰ ਵਿਚ ਕੰਮ ਕਰਨਾ ਪਸੰਦ ਕਰਦਾ ਹਾ।
ਮੈਂ ਫਿਲਮ ਵਿਚ ਮਿਸਟਰੀ ਮੈਨ : ਆਦਿਤਿਆ ਸ਼੍ਰੀਵਾਸਤਵ
ਪ੍ਰ. ਇਸ ਫਿਲਮ ਵਿਚ ਆਪਣੇ ਕਿਰਦਾਰ ਬਾਰੇ ਦੱਸੋ?
ਜਿਵੇਂ ਕਿ ਟ੍ਰੇਲਰ ਵਿਚ ਦੇਖਿਆ ਹੋਵੇਗਾ ਮੈਂ ਮਿਸਟਰੀ ਮੈਨ ਹਾਂ। ਜ਼ਿਆਦਾ ਕੁਝ ਦੱਸ ਨਹੀਂ ਸਕਦਾ ਕਿਉਂਕਿ ਫਿਲਮ ਦਾ ਸਸਪੈਂਸ ਇੱਥੇ ਹੀ ਟਿਕਿਆ ਹੈ ਪਰ ਇੰਨਾ ਕਹਿ ਸਕਦਾ ਹਾਂ ਕਿ ਹਰ ਕਿਰਦਾਰ ਯੂਨੀਕ ਹੈ ਅਤੇ ਇਸ ਫਿਲਮ ਦਾ ਅਸਲੀ ਹੀਰੋ ਸ਼ਾਇਦ ਦਰਵਾਜ਼ਾ ਹੈ ਕਿਉਂਕਿ ਹਰ ਵਾਰ ਨੌਕ-ਨੌਕ ਹੁੰਦੇ ਹੀ ਕਹਾਣੀ ਕਰਵਟ ਬਦਲਦੀ ਹੈ।
ਪ੍ਰ. ਸੈੱਟ ’ਤੇ ਕੰਮ ਕਰਦੇ ਸਮੇਂ ਕੀ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ?
ਜੀ ਹਾਂ, ਬਹੁਤ ਕੰਫਰਟੇਬਲ ਮਾਹੌਲ ਸੀ। ਜਿਵੇਂ ਪਿਕਨਿਕ ਹੋ ਰਹੀ ਹੋਵੇ। ਸਾਰੇ ਇਕ-ਦੂਜੇ ਨੂੰ ਜਾਣਦੇ ਹਨ ਤਾਂ ਕੰਮ ਆਸਾਨ ਅਤੇ ਮਜ਼ੇਦਾਰ ਹੋ ਗਿਆ। ਮੈਂ ਪ੍ਰਬਲ ਸਰ ਲਈ ਖ਼ਾਸ ਗੱਲ ਕਹਾਂਗਾ ਕਿ ਉਹ ਮੱਛੀ ਬਹੁਤ ਵਧੀਆ ਬਣਾਉਂਦੇ ਹਨ ਅਤੇ ਦਯਾਨੰਦ ਖਵਾਉਂਦੇ ਬਹੁਤ ਚੰਗੇ ਤਰੀਕੇ ਨਾਲ ਹਨ। ਅਸੀਂ ਤਿੰਨੋਂ ਖਾਣ-ਪੀਣ ਦੇ ਸ਼ੌਕੀਨ ਹਾਂ ਤੇ ਸ਼ੂਟਿੰਗ ਦੇ ਵਿਚਕਾਰ ਵੀ ਸਭ ਤੋਂ ਚੰਗਾ ਖਾਣਾ ਕਿੱਥੇ ਮਿਲੇਗਾ, ਇਹੀ ਲੱਭਦੇ ਰਹਿੰਦੇ ਸੀ।
ਪ੍ਰ. ਇੰਡਸਟਰੀ ਵਿਚ ਕਿਹੜਾ ਬਦਲਾਅ ਤੁਸੀਂ ਜ਼ਰੂਰੀ ਮੰਨਦੇ ਹੋ?
ਅਜਿਹਾ ਤਾਂ ਕੁਝ ਨਹੀਂ ਲੱਗਦਾ ਪਰ ਬਸ ਮੈਂ ਇੰਨਾ ਕਹਾਂਗਾ ਕਿ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਹਰ ਪ੍ਰਾਜੈਕਟ ਆਸਾਨੀ ਅਤੇ ਸਕਾਰਾਤਮਕ ਮਾਹੌਲ ’ਚ ਪੂਰਾ ਹੋਵੇ। ਫੀਸ ਕਦੋਂ ਮਿਲੀ, ਇਹ ਬਾਅਦ ਦੀ ਗੱਲ ਹੈ। ਅਸਲੀ ਮਹੱਤਵ ਚੰਗੇ ਕੰਮ ਦਾ ਹੈ ਅਤੇ ਸਹੀ ਟੀਮਵਰਕ ਦਾ ਹੈ।
ਮੇਰਾ ਕਿਰਦਾਰ ਸਹਿਮਿਆ ਤੇ ਅਸੁਰੱਖਿਅਤ : ਬਰਖਾ ਸੇਨ ਗੁਪਤਾ
ਪ੍ਰ. ਨੌਕ-ਨੌਕ ਨਾਂ ਪਿੱਛੇ ਕੀ ਰਾਜ਼ ਹੈ?
ਇਸ ਵਿਚ ਬਹੁਤ ਸਾਰੇ ਲੋਕ ਹਨ ਆਦਿਤਿਆ ਜੀ, ਦਯਾ ਜੀ ਅਤੇ ਦਰਵਾਜ਼ਾ ਮੇਰੇ ਪਿੱਛੇ ਹੈ। ਭਾਵ ਨੌਕ-ਨੌਕ ਮੇਰੇ ਦਰਵਾਜ਼ੇ ’ਤੇ ਹੋ ਰਿਹਾ ਹੈ। ਕੌਣ ਆ ਰਿਹਾ ਹੈ, ਕੀ ਆ ਰਿਹਾ ਹੈ, ਕੀ ਕਰਨ ਆ ਰਿਹਾ ਹੈ-ਇਹੀ ਤਾਂ ਪੂਰਾ ਸਸਪੈਂਸ ਹੈ।
ਪ੍ਰ. ਤੁਹਾਨੂੰ ਆਪਣੇ ਕਿਰਦਾਰ ਦੀ ਕਿਹੜੀ ਲੇਅਰ ਜਾਂ ਪਹਿਲੂ ਸਭ ਤੋਂ ਜ਼ਿਆਦਾ ਪਸੰਦ ਆਇਆ?
ਮੇਰਾ ਕਿਰਦਾਰ ਥੋੜ੍ਹਾ ਡਰਿਆ ਹੋਇਆ, ਸਹਿਮਿਆ ਹੋਇਆ ਅਤੇ ਅਸੁਰੱਖਿਅਤ ਹੈ ਅਤੇ ਮੈਂ ਰੀਅਲ ਲਾਈਫ ਵਿਚ ਵੀ ਥੋੜ੍ਹੀ ਅਸੁਰੱਖਿਅਤ ਹਾਂ। ਇਸ ਲੇਅਰ ਨਾਲ ਮੈਂ ਰਿਲੇਟ ਕਰ ਪਾਈ।
ਪ੍ਰ. ਜਦੋਂ ਤੁਸੀਂ ਬੇਟੀ ਸੀ ਅਤੇ ਹੁਣ ਜਦੋਂ ਮਾਂ ਹੋ ਤਾਂ ਕੀ ਫ਼ਰਕ ਮਹਿਸੂਸ ਹੁੰਦਾ ਹੈ?
ਹੁਣ ਸਮਝ ਆਉਂਦਾ ਹੈ ਕਿ ਮਾਂ ਜੋ ਗਿਆਨ ਦਿੰਦੀ ਸੀ, ਉਹ ਸਹੀ ਸੀ। ਮਾਂ ਬਣਨ ਤੋਂ ਬਾਅਦ ਮੈਨੂੰ ਪੇਸ਼ੈਂਸ਼ ਆਇਆ ਹੈ ਅਤੇ ਆਪਣੀ ਮਾਂ ਲਈ ਰਿਸਪੈਕਟ ਵੀ ਵਧ ਗਈ ਹੈ।
ਮੈਂ ਹੀ ਨੌਕ-ਨੌਕ ਕਰ ਰਹੀ : ਸੋਨਾਲੀ ਕੁਲਕਰਨੀ
ਪ੍ਰ. ਸੈੱਟ ’ਤੇ ਦਯਾਨੰਦ ਸਰ ਕਿਵੇਂ ਸਨ? ਇਕ ਪ੍ਰੋਡਿਊਸਰ ਦੀ ਤਰ੍ਹਾਂ ਜਾਂ ਕੋ-ਐਕਟਰ ਦੀ ਤਰ੍ਹਾਂ?
ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਪ੍ਰੋਡਿਊਸਰ ਹਨ। ਉਨ੍ਹਾਂ ਨੇ ਜ਼ਿੰਮੇਵਾਰੀ ਦੂਜਿਆਂ ਨੂੰ ਦਿੱਤੀ ਅਤੇ ਖ਼ੁਦ ਇਕ ਕੋ-ਐਕਟਰ ਦੀ ਤਰ੍ਹਾਂ ਪੇਸ਼ ਆਏ। ਪਰਫਾਰਮੈਂਸ ’ਤੇ ਪੂਰਾ ਧਿਆਨ ਦਿੱਤਾ।
ਪ੍ਰ. ਫਿਲਮ ਵਿਚ ਆਪਣੇ ਕਿਰਦਾਰ ਬਾਰੇ ਦੱਸੋ?
ਮੈਂ ਪੂਜਾ ਦਾ ਕਿਰਦਾਰ ਨਿਭਾਅ ਰਹੀ ਹਾਂ। ਮੈਂ ਹੀ ਨੌਕ-ਨੌਕ ਕਰ ਰਹੀ ਹਾਂ। ਇਕ ਬਹੁਤ ਅਜੀਬ ਸਥਿਤੀ ਵਿਚ ਫਸੀ ਹਾਂ ਅਤੇ ਉਸ ਤੋਂ ਨਿਕਲਣਾ ਚਾਹੁੰਦੀ ਹਾਂ। ਉਹੀ ਬਰਖਾ ਦਾ ਕਿਰਦਾਰ ਇਕ ਸਰਪ੍ਰਾਈਜ਼ ਦਾ ਸਾਹਮਣਾ ਕਰ ਰਿਹਾ ਹੈ।
ਪ੍ਰ. ਡਾਇਰੈਟਰ ਪ੍ਰਬਲ ਸਰ ਨਾਲ ਕੰਮ ਕਰਨਾ ਕਿਵੇਂ ਦਾ ਰਿਹਾ?
ਉਹ ਇਕ ਹਾਰਡ ਟਾਸਕ ਮਾਸਟਰ ਹਨ। ਬਹੁਤ ਡਿਟੇਲਿੰਗ ਵਿਚ ਜਾਂਦੇ ਹਨ। ਕਦੇ-ਕਦੇ ਲੱਗਦਾ ਹੈ ਕਿ ਸਮਝ ਆ ਗਿਆ, ਹੁਣ ਅੱਗੇ ਵਧਦੇ ਹਾਂ ਪਰ ਫਿਰ ਲੱਗਦਾ ਹੈ ਨਹੀਂ, ਸਰ ਸਹੀ ਕਹਿ ਰਹੇ ਹਨ। ਉਹ ਜੋ ਮਿਹਨਤ ਕਰਦੇ ਹਨ, ਉਸ ਦਾ ਨਤੀਜਾ ਦਿਸਦਾ ਹੈ।
ਪ੍ਰ. ਇਹ ਫਿਲਮ ਕਿਉਂ ਦੇਖੀਏ?
ਫਿਲਮ ਦੀ ਕਹਾਣੀ ਬਹੁਤ ਸ਼ਾਨਦਾਰ ਹੈ, ਜਿਸ ਵਿਚ ਅੱਗੇ ਕੀ ਹੋਵੇਗਾ ਇਹ ਪ੍ਰਿਡਿਕਟ ਕਰਨਾ ਮੁਸ਼ਕਿਲ ਹੈ। ਅਜਿਹੇ ਹੀ ਸਿਨੇਮਾ ਲਈ ਲੋਕ ਥੀਏਟਰ ਤੱਕ ਆਉਂਦੇ ਹਨ।