ਭਾਜੜ ਤੋਂ ਬਾਅਦ ਅਦਾਕਾਰ ਵਿਜੇ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵਧਾਈ ਗਈ
Monday, Sep 29, 2025 - 01:27 PM (IST)

ਐਂਟਰਟੇਨਮੈਂਟ ਡੈਸਕ- ਸ਼ਨੀਵਾਰ ਨੂੰ ਮਸ਼ਹੂਰ ਅਦਾਕਾਰ ਅਤੇ ਸਿਆਸਤਦਾਨ ਥਲਾਪਤੀ ਵਿਜੇ ਦੀ ਰੈਲੀ ਵਿੱਚ ਮਚੀ ਭਗਦੜ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਘਟਨਾ 'ਚ ਕਰੀਬ 40 ਲੋਕ ਮਾਰੇ ਗਏ ਅਤੇ ਲਗਭਗ 100 ਜ਼ਖਮੀ ਹੋ ਗਏ। ਇਸ ਘਟਨਾ ਤੋਂ ਇੱਕ ਦਿਨ ਬਾਅਦ ਥਲਾਪਤੀ ਵਿਜੇ ਦੇ ਚੇਨਈ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ।
ਕਰੂਰ ਰੈਲੀ ਵਿੱਚ ਮਚੀ ਭਗਦੜ ਤੋਂ ਬਾਅਦ ਸ਼ਨੀਵਾਰ ਅੱਧੀ ਰਾਤ ਨੂੰ ਵਿਜੇ ਦੇ ਘਰ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਸਥਾਨਕ ਚੇਨਈ ਸ਼ਹਿਰ ਪੁਲਸ ਅਤੇ ਸੀਆਰਪੀਐਫ ਕਰਮਚਾਰੀ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਤਾਇਨਾਤ ਕੀਤੇ ਗਏ ਸਨ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਵਿਜੇ ਐਤਵਾਰ ਅੱਧੀ ਰਾਤ ਨੂੰ ਕਰੂਰ ਤੋਂ ਚੇਨਈ ਵਾਪਸ ਆਏ ਅਤੇ ਉਨ੍ਹਾਂ ਦੇ ਨੀਲੰਕਾਰੀ ਘਰ 'ਤੇ ਬੰਬ ਦੀ ਧਮਕੀ ਦਾ ਫੋਨ ਆਇਆ। ਪੁਲਸ ਤੁਰੰਤ ਅਲਰਟ ਹੋ ਗਈ, ਬੰਬ ਡਿਸਰੋਜ਼ਲ, ਸਨਿਫਰ ਡਾਗ ਅਤੇ ਸੀਆਰਪੀਐਫ ਕਰਮਚਾਰੀ ਤਾਇਨਾਤ ਕੀਤੇ ਗਏ। ਚੇਨਈ ਸ਼ਹਿਰ ਪੁਲਸ ਨੇ ਪੂਰੇ ਖੇਤਰ ਦੀ ਤਲਾਸ਼ੀ ਲਈ ਹੈ। ਹਾਲਾਂਕਿ ਅਜੇ ਤੱਕ ਕੁਝ ਨਹੀਂ ਮਿਲਿਆ ਹੈ, ਸੁਰੱਖਿਆ ਹੋਰ ਵੀ ਸਖ਼ਤ ਕਰ ਦਿੱਤੀ ਗਈ ਹੈ।
ਵਿਜੇ ਨੇ ਭਗਦੜ 'ਤੇ ਦੁੱਖ ਪ੍ਰਗਟ ਕੀਤਾ
ਥਲਾਪਤੀ ਵਿਜੇ ਨੇ ਆਪਣੀ ਰੈਲੀ ਵਿੱਚ ਲਗਭਗ 40 ਲੋਕਾਂ ਦੀ ਮੌਤ ਅਤੇ ਜ਼ਖਮੀਆਂ 'ਤੇ ਦੁੱਖ ਪ੍ਰਗਟ ਕਰਦੇ ਹੋਏ ਇੱਕ ਲੰਬੀ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ, "ਮੈਂ ਟੁੱਟ ਗਿਆ ਹਾਂ। ਇਹ ਦਰਦ ਅਸਹਿ ਹੈ। ਕੋਈ ਵੀ ਸ਼ਬਦ ਇਸ ਨੁਕਸਾਨ ਨੂੰ ਸੱਚਮੁੱਚ ਭਰ ਨਹੀਂ ਸਕਦੇ। ਮੇਰੀਆਂ ਭਾਵਨਾਵਾਂ ਪਰਿਵਾਰਾਂ ਨਾਲ ਹਨ।" ਅਦਾਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਵੀ ਕੀਤਾ।