ਸੁਕੇਸ਼ ਚੰਦਰਸ਼ੇਕਰ ਨੇ ਅਦਾਕਾਰਾ ਚਾਹਤ ਖੰਨਾ ਨੂੰ ਭੇਜਿਆ 100 ਕਰੋੜ ਦਾ ਕਾਨੂੰਨੀ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

02/11/2023 11:37:37 AM

ਮੁੰਬਈ (ਬਿਊਰੋ)– ਕਰੀਬ 200 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਦੋਸ਼ੀ ਸੁਕੇਸ਼ ਚੰਦਰਸ਼ੇਖਰ ਨੇ ਅਦਾਕਾਰਾ ਚਾਹਤ ਖੰਨਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਸੁਕੇਸ਼ ਨੇ ਅਦਾਕਾਰਾ ’ਤੇ ਆਪਣੀ ਸਾਖ ਖ਼ਰਾਬ ਕਰਨ ਦਾ ਦੋਸ਼ ਲਗਾਉਂਦਿਆਂ 100 ਕਰੋੜ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਦੋਸ਼ੀ ਸੁਕੇਸ਼ ਚੰਦਰਸ਼ੇਖਰ ਨੇ ਕਿਹਾ ਹੈ ਕਿ ਅਦਾਕਾਰਾ ਨੇ ਹਾਲ ਹੀ ’ਚ ਦਿੱਤੇ ਇੰਟਰਵਿਊ ’ਚ ਮੀਡੀਆ ’ਚ ਉਸ ਖ਼ਿਲਾਫ਼ ਗਲਤ ਜਾਣਕਾਰੀ ਸਾਂਝੀ ਕੀਤੀ ਹੈ। ਇਸ ਇੰਟਰਵਿਊ ਨੇ ਉਸ ਦੇ ਜਨਤਕ ਅਕਸ ’ਤੇ ਡੂੰਘਾ ਪ੍ਰਭਾਵ ਪਾਇਆ ਹੈ।

ਸੁਕੇਸ਼ ਚੰਦਰਸ਼ੇਖਰ ਵਲੋਂ ਕਿਹਾ ਗਿਆ ਹੈ ਕਿ ਜਿਸ ਕੇਸ ’ਚ ਸੁਕੇਸ਼ ਚੰਦਰਸ਼ੇਖਰ ਮੁਲਜ਼ਮ ਹਨ। ਇਹ ਮਾਮਲਾ ਹਾਲੇ ਅਦਾਲਤ ’ਚ ਵਿਚਾਰ ਅਧੀਨ ਹੈ। ਜਦੋਂ ਤੱਕ ਕਿਸੇ ਕੇਸ ’ਚ ਦੋਸ਼ੀ ਸਾਬਿਤ ਨਹੀਂ ਹੋ ਜਾਂਦਾ, ਉਦੋਂ ਤੱਕ ਕਿਸੇ ਵਿਅਕਤੀ ਨੂੰ ਉਸ ਦੋਸ਼ੀ ਵਿਰੁੱਧ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸੁਕੇਸ਼ ਵਲੋਂ ਕਿਹਾ ਗਿਆ ਹੈ ਕਿ ਚਾਹਤ ਖੰਨਾ ਨੇ ਮੀਡੀਆ ’ਚ ਇੰਟਰਵਿਊ ਦਿੰਦਿਆਂ ਮੇਰੇ ਬਾਰੇ ਜੋ ਗਲਤ ਤੇ ਅਪਮਾਨਜਨਕ ਗੱਲਾਂ ਕਹੀਆਂ, ਉਸ ਦਾ ਕਾਰਨ ਇਹ ਸੀ ਕਿ ਉਹ ਮੀਡੀਆ ਦਾ ਧਿਆਨ ਖਿੱਚ ਸਕੇ।

ਇਹ ਖ਼ਬਰ ਵੀ ਪੜ੍ਹੋ : ਪਤੀ ਆਦਿਲ ਖ਼ਾਨ ਤੋਂ ਆਪਣੇ 1.5 ਕਰੋੜ ਰੁਪਏ ਮੰਗ ਰਹੀ ਰਾਖੀ ਸਾਵੰਤ, ਦੇਖੋ ਵੀਡੀਓ

7 ਦਿਨਾਂ ’ਚ ਮੰਗਿਆ ਜਵਾਬ
ਸੁਕੇਸ਼ ਚੰਦਰਸ਼ੇਖਰ ਦੇ ਵਕੀਲ ਨੇ ਚਾਹਤ ਖੰਨਾ ਨੂੰ ਕਾਨੂੰਨੀ ਨੋਟਿਸ ਭੇਜ ਕੇ 7 ਦਿਨਾਂ ਦੇ ਅੰਦਰ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਮੁਆਫ਼ੀ ਮੰਗਣ ਲਈ ਮੀਡੀਆ ਬਿਆਨ ਜਾਰੀ ਕਰਨ ਲਈ ਕਿਹਾ ਹੈ। ਸੁਕੇਸ਼ ਦੇ ਵਕੀਲ ਨੇ ਕਿਹਾ ਹੈ ਕਿ ਜੇਕਰ ਚਾਹਤ ਖੰਨਾ ਵਲੋਂ 7 ਦਿਨਾਂ ਅੰਦਰ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਤਾਂ ਉਸ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਚਾਹਤ ਖੰਨਾ ਨੇ ਕੀ ਕਿਹਾ?
ਚਾਹਤ ਖੰਨਾ ਨੇ 29 ਜਨਵਰੀ ਨੂੰ ਇਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਸ ਨੂੰ ਇਕ ਸਮਾਗਮ ਦੇ ਨਾਂ ’ਤੇ ਮੁੰਬਈ ਤੋਂ ਦਿੱਲੀ ਬੁਲਾਇਆ ਗਿਆ ਸੀ। ਉਸੇ ਸਮੇਂ ਇਕ ਔਰਤ ਜਿਸ ਨੇ ਆਪਣਾ ਨਾਂ ਏਂਜਲ ਖ਼ਾਨ (ਪਿੰਕੀ ਇਰਾਨੀ) ਦੱਸਿਆ, ਉਸ ਨੂੰ ਸਮਾਗਮ ਦੀ ਬਜਾਏ ਤਿਹਾੜ ਲੈ ਗਈ, ਜਿਥੇ ਉਸ ਦੀ ਮੁਲਾਕਾਤ ਸੁਕੇਸ਼ ਨਾਲ ਹੋਈ। ਚਾਹਤ ਦੇ ਅਨੁਸਾਰ ਸੁਕੇਸ਼ ਉਸ ਨੂੰ ਇਕ ਪ੍ਰਸਿੱਧ ਸਾਊਥ ਟੀ. ਵੀ. ਚੈਨਲ ਦਾ ਮਾਲਕ ਤੇ ਜੈਲਲਿਤਾ ਦਾ ਭਤੀਜੇ ਬਣ ਕੇ ਮਿਲਿਆ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸੁਕੇਸ਼ ਨੇ ਉਸ ਨੂੰ ਗੋਡਿਆਂ ਭਾਰ ਬੈਠ ਕੇ ਵਿਆਹ ਲਈ ਪ੍ਰਪੋਜ਼ ਕੀਤਾ ਸੀ।

ਸੁਕੇਸ਼ ਨੇ ਆਖੀ ਸੀ ਇਹ ਗੱਲ
ਚਾਹਤ ਦੇ ਇਸ ਦਾਅਵੇ ਤੋਂ ਬਾਅਦ ਸੁਕੇਸ਼ ਨੇ ਜੇਲ ਤੋਂ ਚਿੱਠੀ ਲਿਖੀ। ਉਸ ਨੇ ਕਿਹਾ ਸੀ ਕਿ ਉਹ ਕਾਰੋਬਾਰ ਦੇ ਸਿਲਸਿਲੇ ’ਚ ਚਾਹਤ ਨੂੰ ਮਿਲਿਆ ਸੀ। ਉਹ ਇਕ ਫ਼ਿਲਮ ਪ੍ਰੋਡਕਸ਼ਨ ਆਫਰ ਲਈ ਉਸ ਨੂੰ ਮਿਲਣ ਆਈ ਸੀ। ਸੁਕੇਸ਼ ਨੇ ਚਾਹਤ ਨੂੰ ਗੋਲਡ ਡਿੱਗਰ ਕਿਹਾ ਸੀ ਤੇ ਉਸ ਦੇ ਪ੍ਰਪੋਜ਼ ਦੇ ਦਾਅਵੇ ਤੋਂ ਇਨਕਾਰ ਕੀਤੀ ਸੀ। ਦੱਸ ਦੇਈਏ ਕਿ ਦਿੱਲੀ ਪੁਲਸ ਨੇ ਪਟਿਆਲਾ ਹਾਊਸ ਕੋਰਟ ’ਚ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ 134 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News