ਸੋਨਾਲੀ ਕਤਲ ਕੇਸ : ਸੁਧੀਰ ਨੇ 12,000 'ਚ ਖਰੀਦੀ ਸੀ ਡਰੱਗ, ਸਾਜ਼ਿਸ਼ ਰਚ ਕੇ ਸੋਨਾਲੀ ਨੂੰ ਮਾਰਿਆ

08/30/2022 3:54:37 PM

ਹਿਸਾਰ (ਸਵਾਮੀ) - ਗੋਆ ਪੁਲਸ ਨੇ ਸੋਨਾਲੀ ਦੇ ਕਤਲ ਦੀ ਕਹਾਣੀ ਬਿਆਨ ਕਰ ਦਿੱਤੀ ਹੈ। ਇਸ ਰਿਪੋਰਟ ਅਨੁਸਾਰ, ਸੋਨਾਲੀ ਨੂੰ ਸੁਧੀਰ ਸਾਂਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਨੇ ਹੀ ਡਰੱਗਸ ਦਿੱਤੀ ਅਤੇ ਸਾਜ਼ਿਸ਼ ਰਚ ਕੇ ਮਾਰਿਆ। ਰੂਮ ਬੁਆਏ ਦੱਤਾ ਪ੍ਰਸਾਦ ਨੇ ਸੁਧੀਰ ਨੂੰ 12 ਹਜ਼ਾਰ ਰੁਪਏ ਵਿਚ ਡਰੱਗਸ ਮੁਹੱਈਆ ਕਰਵਾਈ। ਸੁਧੀਰ ਨੇ ਹੀ ਡਰੱਗਸ ਖਰੀਦੀ ਸੀ ਅਤੇ ਪਾਣੀ ਵਿਚ ਮਿਲਾ ਕੇ ਬੋਤਲ ਨਾਲ ਸੋਨਾਲੀ ਨੂੰ ਪਿਆਈ ਸੀ। ਗੋਆ ਪੁਲਸ ਮੁਤਾਬਕ, ਸੁਧੀਰ ਸਾਂਗਵਾਨ ਤੋਂ ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਸੋਨਾਲੀ ਨੂੰ ਜੋ ਡਰੱਗ ਦਿੱਤੀ ਗਈ, ਉਹ ਮੈਥੇਮਫੇਟਾਮਾਈਨ ਸੀ।

ਅੰਜੁਨਾ ਥਾਣਾ ਪੁਲਸ ਨੇ ਕੇਸ ਦੀ ਹਿਸਟਰੀ ਰਿਪੋਰਟ ਬਣਾ ਲਈ ਹੈ। ਜੇਕਰ ਮਾਮਲਾ ਸੀ. ਬੀ. ਆਈ. ਨੂੰ ਸੌਂਪ ਦਿੱਤਾ ਜਾਏਗਾ ਤਾਂ ਇਹੀ ਕੇਸ ਹਿਸਟਰੀ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਚਰਚਾ ਵਿਚ ਆਇਆ ਇਹ ਕੇਸ ਸੀ. ਬੀ. ਆਈ ਨੂੰ ਸੌਂਪਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਮੁੱਦੇ ’ਤੇ ਗੋਆ ਪੁਲਸ ਅਤੇ ਉਥੋਂ ਦੇ ਸੀ. ਐੱਮ. ਪ੍ਰਮੋਦ ਸਾਵੰਤ ਵਿਚਾਲੇ ਗੱਲਬਾਤ ਚੱਲ ਰਹੀ ਹੈ।
ਸੋਨਾਲੀ ਫੋਗਾਟ ਦੇ ਭਰਾ ਰਿੰਕੂ ਢਾਕਾ ਦਾ ਦਾਅਵਾ ਹੈ ਕਿ ਸੁਧੀਰ ਸਾਂਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਨੇ ਕੇਸ ਦੇ ਕਈ ਅਹਿਮ ਸਬੂਤ ਨਸ਼ਟ ਕਰ ਦਿੱਤੇ ਹਨ। ਦੋਵਾਂ ਨੇ ਸੋਨਾਲੀ ਦੇ ਮੋਬਾਈਲ ਫੋਨ ਨਾਲ ਛੇੜਛਾੜ ਕੀਤੀ। ਇਸ ਦੇ ਨਾਲ ਹੀ ਉਸ ਦੇ ਕਮਰੇ ਵਿਚੋਂ ਕਈ ਚੀਜ਼ਾਂ ਗਾਇਬ ਕਰ ਦਿੱਤੀਆਂ। ਦੋਵੇਂ 23 ਅਗਸਤ ਦੀ ਸਵੇਰ ਨੂੰ ਸੋਨਾਲੀ ਦੀ ਮੌਤ ਤੋਂ ਬਾਅਦ, 25 ਅਗਸਤ ਦੀ ਸ਼ਾਮ ਤੱਕ ਗੋਆ ਪੁਲਸ ਨੂੰ ਗੁੰਮਰਾਹ ਕਰਦੇ ਰਹੇ। ਇਹ ਸਭ ਰਿੰਕੂ ਨੇ ਫੇਸਬੁੱਕ ਪੇਜ ’ਤੇ ਇਕ ਵੀਡੀਓ ਪੋਸਟ ਕਰ ਕੇ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ ‘ਚ ਲੋੜੀਂਦਾ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਵਿਦੇਸ਼ 'ਚ ਗ੍ਰਿਫ਼ਤਾਰ

ਉੱਥੇ ਹੀ ਸੋਨਾਵੀ ਦੇ ਮੂੰਹ ਬੋਲੇ ਭਰਾ ਰਿਸ਼ਭ ਨੇ ਕਿਹਾ ਕਿ ਸੋਨਾਲੀ ਦਾ ਭਰੋਸਾ ਜਿੱਤਣ ਲਈ ਸੁਧੀਰ ਉਸ ਨੂੰ ਇਕ ਤਾਂਤਰਿਕ ਕੋਲ ਵੀ ਲੈ ਕੇ ਗਿਆ ਸੀ। ਸੁਧੀਰ ਨੇ ਤਾਂਤਰਿਕ ਤੋਂ ਸੋਨਾਲੀ ਨੂੰ ਕਹਾਇਆ ਸੀ ਕਿ ਉਹ ਆਪਣੇ ਆਲੇ-ਦੁਆਲੇ ਸਿਰਫ ਅਜਿਹੇ ਵਿਅਕਤੀ ਨੂੰ ਰੱਖੇ, ਜੋ ਉਸ ਦਾ ਵਿਸ਼ਵਾਸਪਾਤਰ ਹੋਵੇ। ਇੱਥੇ ਹੀ ਸੋਨਾਲੀ ਧੋਖਾ ਖਾ ਗਈ।

ਬ੍ਰਿਜਘਾਟ ਵਿਚ ਅਸਥੀਆਂ ਪ੍ਰਵਾਹ
ਭਾਜਪਾ ਨੇਤਰੀ ਸੋਨਾਲੀ ਫੋਗਾਟ ਦੀਆਂ ਅਸਥੀਆਂ ਨੂੰ ਤੀਰਥ ਨਗਰੀ ਬ੍ਰਿਜਘਾਟ ਵਿਚ ਪ੍ਰਵਾਹ ਦਿੱਤਾ ਗਿਆ। ਉਸ ਦੀ ਧੀ ਯਸ਼ੋਧਰਾ ਨੇ ਵੈਦਿਕ ਮੰਤਰਾਂ ਦੇ ਜਾਪ ਨਾਲ ਆਪਣੀ ਮਾਂ ਦੀਆਂ ਅਸਥੀਆਂ ਗੰਗਾ ਵਿਚ ਪ੍ਰਵਾਹ ਕੀਤੀਆਂ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੋਨਾਲੀ ਫੋਗਾਟ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕੀਤੀ।

ਇਹ ਖ਼ਬਰ ਵੀ ਪੜ੍ਹੋ : ‘ਗੋਡਿਆਂ ਭਾਰ ਜਿਊਣ ਨਾਲੋਂ ਚੰਗਾ ਹੈ ਖੜ੍ਹੇ ਹੋ ਕੇ ਮਰ ਜਾਣਾ’, ਸਿੱਧੂ ਦੇ ਇੰਸਟਾ ਅਕਾਊਂਟ ’ਤੇ ਸਾਂਝੀ ਹੋਈ ਨਵੀਂ ਤਸਵੀਰ

ਪੀ. ਏ. ਸੁਧੀਰ ਅਤੇ ਸੁਖਵਿੰਦਰ ਨੂੰ ਅੱਜ ਹਰਿਆਣਾ ਲਿਆ ਸਕਦੀ ਹੈ ਗੋਆ ਪੁਲਸ
ਗੋਆ ਪੁਲਸ ਭਾਜਪਾ ਨੇਤਰੀ ਅਤੇ ਟਿਕਟਾਕ ਸਟਾਰ ਸੋਨਾਲੀ ਫੋਗਾਟ ਦੇ ਕਤਲ ਦੇ ਮੁਲਜ਼ਮ ਪੀ. ਏ. ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੂੰ ਜਾਂਚ ਦੇ ਸਿਲਸਿਲੇ ਵਿਚ ਮੰਗਲਵਾਰ ਨੂੰ ਹਿਸਾਰ ਅਤੇ ਗੁਰੂਗ੍ਰਾਮ ਲਿਆ ਸਕਦੀ ਹੈ। ਪੁਲਸ ਨੇ ਉੱਥੋਂ ਦੀ ਅਦਾਲਤ ਤੋਂ ਦੋਵਾਂ ਦਾ 10 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ ਕਲੱਬ ਦੇ ਮਾਲਕ ਅਤੇ 2 ਨਸ਼ਾ ਸਮੱਗਲਰਾਂ ਨੂੰ 5 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।

ਦੱਸਣਯੋਗ ਹੈ ਕਿ 23 ਅਗਸਤ ਨੂੰ ਗੋਆ ਦੇ ਕਰਲੀਜ਼ ਰੈਸਟੋਰੈਂਟ ਵਿਚ ਹੋਏ ਕਤਲ ਕਾਂਡ ਦੀ ਜਾਂਚ ਗੋਆ ਦੇ ਅੰਜੁਨਾ ਥਾਣੇ ਦੀ ਪੁਲਸ ਕਰ ਰਹੀ ਹੈ। ਸੁਧੀਰ ਅਤੇ ਸੁਖਵਿੰਦਰ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸੋਨਾਲੀ ਫੋਗਾਟ ਦੇ ਪੀ. ਏ. ਸੁਧੀਰ ਸਾਂਗਵਾਨ, ਉਸ ਦੇ ਸਾਥੀ ਸੁਖਵਿੰਦਰ ਅਤੇ ਰੂਮ ਬੁਆਏ ਦੱਤਾ ਪ੍ਰਸਾਦ ਗਾਂਵਕਰ, ਕਰਲੀਜ਼ ਕਲੱਬ ਦੇ ਮਾਲਕ ਐਡਵਿਨ ਅਤੇ ਰਮਾ ਮਾਂਡਰੇਕਰ ਨੂੰ ਮੁਲਜ਼ਮ ਬਣਾਇਆ ਗਿਆ ਹੈ। ਫਿਲਹਾਲ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ।

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News