ਅਫ਼ਗਾਨਿਸਤਾਨ ਦੀ ਦਹਿਸ਼ਤ ਵੇਖ ਪੰਜਾਬੀ ਕਲਾਕਾਰ ਵੀ ਹੈਰਾਨ, ਸੋਸ਼ਲ ਮੀਡੀਆ ''ਤੇ ਕਰ ਰਹੇ ਨੇ ਅਰਦਾਸਾਂ
Tuesday, Aug 17, 2021 - 12:59 PM (IST)
ਚੰਡੀਗੜ੍ਹ (ਬਿਊਰੋ) - ਅਫ਼ਗਾਨਿਸਤਾਨ (Afghanistan crisis) 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਹਾਲਾਤ ਵਿਗੜਦੇ ਜਾ ਰਹੇ ਹਨ, ਜਿਸ ਦੇ ਕਈ ਵੀਡੀਓਜ਼ ਲਗਾਤਾਰ ਹੀ ਵਾਇਰਲ ਹੋ ਰਹੇ ਹਨ। ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਲੋਕ ਅਫ਼ਗਾਨਿਸਤਾਨ ਤੋਂ ਨਿਕਲਣ ਲਈ ਜੱਦੋਜਹਿਦ ਕਰਦੇ ਨਜ਼ਰ ਆਏ ਅਤੇ ਜਹਾਜ਼ ਦੇ ਟਾਇਰਾਂ 'ਤੇ ਵੀ ਚੜ੍ਹੇ ਨਜ਼ਰ ਆਏ। ਉਡਾਣ ਦੌਰਾਨ ਕਈ ਯਾਤਰੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।
ਇਸ ਤੋਂ ਬਾਅਦ ਹੁਣ ਅਫ਼ਗਾਨਿਸਤਾਨ ਦੇ ਇਨ੍ਹਾਂ ਲੋਕਾਂ ਦੀ ਸਲਾਮਤੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਰੇਸ਼ਮ ਸਿੰਘ ਅਨਮੋਲ ਅਤੇ ਜਸਬੀਰ ਜੱਸੀ ਨੇ ਵੀ ਅਫ਼ਗਾਨਿਸਤਾਨ ਦੇ ਲੋਕਾਂ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ। ਗਾਇਕ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ 'ਚ ਲੋਕ ਇੱਧਰ ਉੱਧਰ ਭੱਜਦੇ ਹੋਏ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਤਾਲਿਬਾਨ ਦੇ ਕਬਜ਼ੇ ਕਾਰਨ ਉੱਥੋਂ ਦੀਆਂ ਔਰਤਾਂ ਦੀ ਜ਼ਿੰਦਗੀ ਵੀ ਕਾਫ਼ੀ ਔਖੀ ਹੋ ਗਈ ਹੈ। ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਤਾਲਿਬਾਨੀ ਸ਼ਾਸਨ ਦੇ ਪਹਿਲੇ ਦਿਨ ਹੀ ਲੜਾਕੂਆਂ ਨੇ ਬਿਊਟੀ ਸੈਲੂਨ ਦੇ ਬਾਹਰ ਲੱਗੀ ਤਸਵੀਰ ਪਾੜ ਦਿੱਤੀ ਕਿਉਂਕਿ ਉਨ੍ਹਾਂ ਨੇ ਬੁਰਕਾ ਨਹੀਂ ਪਹਿਨਿਆ ਸੀ।
ਇਸੇ ਦੌਰਾਨ ਅਫ਼ਗਾਨਿਸਤਾਨ ਦੀ ਸਥਿਤੀ 'ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਮਾਮਲੇ 'ਤੇ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਫ਼ਗਾਨ 'ਚ ਅੱਜ ਜੋ ਹਾਲਾਤ ਬਣੇ ਹਨ ਉਸ ਲਈ ਜ਼ਿੰਮੇਵਾਰ ਅਸ਼ਰਫ ਗਨੀ ਖੁਦ ਹਨ। ਉਨ੍ਹਾਂ ਨੂੰ ਤਾਂ ਆਪਣੇ ਲੋਕਾਂ ਦੀ ਮਦਦ ਲਈ ਉੱਥੇ ਮੌਜੂਦ ਰਹਿਣਾ ਚਾਹੀਦਾ ਸੀ ਪਰ ਉਹ ਖੁਦ ਭੱਜ ਗਏ। ਜਿੱਥੋਂ ਤਕ ਸਾਡੀਆਂ ਫੌਜਾਂ ਹਟਾਏ ਜਾਣ ਦੀ ਗੱਲ ਹੈ ਅਸੀਂ ਆਪਣੇ ਇਸ ਫੈਸਲੇ 'ਤੇ ਕਾਇਮ ਰਹਾਂਗੇ। ਹਾਲਾਂਕਿ ਅੱਤਵਾਦ ਖ਼ਿਲਾਫ ਸਾਡੀ ਜੰਗ ਜਾਰੀ ਰਹੇਗੀ।