ਸਿੱਧੂ ਮੂਸੇ ਵਾਲਾ ਵੀ ਪਹੁੰਚੇਗਾ ਦਿੱਲੀ, ਮਾੜਾ ਬੋਲਣ ਵਾਲਿਆਂ ’ਤੇ ਕੱਢੀ ਭੜਾਸ
Sunday, Nov 29, 2020 - 07:25 PM (IST)
ਜਲੰਧਰ (ਬਿਊਰੋ)– ਸੋਸ਼ਲ ਮੀਡੀਆ ’ਤੇ ਨੈਗੇਟੀਵਿਟੀ ਨੂੰ ਦੇਖ ਆਖਿਰਕਾਰ ਸਿੱਧੂ ਮੂਸੇ ਵਾਲਾ ਨੂੰ ਵੀ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨੂੰ ਕਿਸਾਨਾਂ ਦੇ ਸਮਰਥਨ ਦੀ ਗੱਲ ਰੱਖਣੀ ਪਈ। ਸੋਸ਼ਲ ਮੀਡੀਆ ’ਤੇ ਇਹ ਚਰਚਾ ਖੂਬ ਛਿੜੀ ਹੋਈ ਸੀ ਕਿ ਸਿੱਧੂ ਮੂਸੇ ਵਾਲਾ ਇਕ ਦਿਨ ਪ੍ਰਦਰਸ਼ਨ ਦਾ ਹਿੱਸਾ ਬਣ ਕੇ ਬਾਅਦ ’ਚ ਕਿਸਾਨ ਸੰਘਰਸ਼ ’ਚ ਨਜ਼ਰ ਕਿਉਂ ਨਹੀਂ ਆਇਆ। ਆਖਿਰਕਾਰ ਇਨ੍ਹਾਂ ਚਰਚਾਵਾਂ ਵਿਚਾਲੇ ਸਿੱਧੂ ਮੂਸੇ ਵਾਲਾ ਬੀਤੇ ਦਿਨੀਂ ਲਾਈਵ ਹੋਇਆ ਤੇ ਆਪਣੇ ਚਾਹੁਣ ਵਾਲਿਆਂ ਨੂੰ ਕਿਸਾਨ ਸੰਘਰਸ਼ ’ਚ ਸ਼ਾਮਲ ਹੋਣ ਦੀ ਆਪਣੀ ਰਣਨੀਤੀ ਬਾਰੇ ਵੀ ਦੱਸਿਆ।
ਸਿੱਧੂ ਨੇ ਲਾਈਵ ਦੌਰਾਨ ਕਿਹਾ ਕਿ ਉਹ 30 ਨਵੰਬਰ ਨੂੰ ਦਿੱਲੀ ਪਹੁੰਚ ਰਿਹਾ ਹੈ। ਫ਼ਿਲਮ ਤੇ ਕੰਮ ’ਚ ਰੁੱਝੇ ਹੋਣ ਕਰਕੇ ਉਹ ਕਿਸਾਨ ਸੰਘਰਸ਼ ਦਾ ਹਿੱਸਾ ਨਹੀਂ ਬਣ ਸਕਿਆ। ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਕਾਮੇ ਜੁੜੇ ਹੋਏ ਸਨ ਤੇ ਉਸ ਨਾਲ ਬਾਕੀਆਂ ਦਾ ਨੁਕਸਾਨ ਹੁੰਦਾ, ਇਹ ਉਹ ਨਹੀਂ ਚਾਹੁੰਦਾ ਸੀ।
ਸੋਸ਼ਲ ਮੀਡੀਆ ਮੀਡੀਆ ’ਤੇ ਮਾੜਾ ਬੋਲਣ ਵਾਲਿਆਂ ’ਤੇ ਵੀ ਸਿੱਧੂ ਨੇ ਆਪਣੀ ਭੜਾਸ ਕੱਢੀ ਹੈ। ਸਿੱਧੂ ਨੇ ਕਿਹਾ ਕਿ ਨੈਗੇਟੀਵਿਟੀ ਫੈਲਾਉਣ ਦੀ ਕੋਸ਼ਿਸ਼ ਬਹੁਤ ਹੋ ਰਹੀ ਹੈ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਅਸੀਂ ਕਿਸਾਨਾਂ ਦੀ ਸੁਪੋਰਟ ਕਰ ਰਹੇ ਹਾਂ ਜਾਂ ਨਹੀਂ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜਾਂ ਰੌਲਾ ਪਾ ਕੇ ਉਹ ਕਿਸਾਨਾਂ ਦੇ ਨਾਲ ਖੜ੍ਹੇ। ਜਦੋਂ ਉਸ ਦਾ ਦਿਲ ਕਰਦਾ ਹੈ, ਉਹ ਕਿਸਾਨਾਂ ਦੇ ਸਮਰਥਨ ’ਚ ਪਹੁੰਚ ਜਾਂਦਾ ਹੈ।
ਕਿਸਾਨਾਂ ’ਤੇ ਬਣੀ ਇਸ ਮੁਸ਼ਕਿਲ ਘੜੀ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਹ ਸਮਾਂ ਇਕ-ਦੂਜੇ ਦੇ ਨਾਲ ਖੜ੍ਹਨ ਦਾ ਹੈ। ਸਾਨੂੰ ਇਕ-ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ। ਬੇਤੁੱਕੀਆਂ ਗੱਲਾਂ ਕਰਨ ਤੇ ਮਾੜਾ ਬੋਲਣ ਦਾ ਹੁਣ ਕੋਈ ਮਤਲਬ ਨਹੀਂ ਬਣਦਾ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਬੱਬੂ ਮਾਨ ਵੀ ਅਚਾਨਕ ਦਿੱਲੀ ਵਿਖੇ ਕਿਸਾਨ ਸੰਘਰਸ਼ ’ਚ ਪਹੁੰਚੇ। ਉਥੇ ਗਾਇਕ ਕਰਨ ਔਜਲਾ ਨੇ ਵੀ ਸੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਜਲਦ ਦਿੱਲੀ ਪਹੁੰਚ ਕੇ ਕਿਸਾਨਾਂ ਦੇ ਸਮਰਥਨ ਦੀ ਗੱਲ ਆਖੀ ਹੈ।