ਪ੍ਰਸ਼ੰਸਕ ਦੀ ਮਾਂ ਲਈ ਫ਼ਰਿਸ਼ਤਾ ਬਣੇ ਸਿਧਾਰਥ ਸ਼ੁਕਲਾ, ਔਖੀ ਘੜੀ 'ਚ ਘਰ ਪਹੁੰਚਾਇਆ ਆਕਸੀਜਨ ਸਿਲੰਡਰ

Wednesday, May 12, 2021 - 03:40 PM (IST)

ਪ੍ਰਸ਼ੰਸਕ ਦੀ ਮਾਂ ਲਈ ਫ਼ਰਿਸ਼ਤਾ ਬਣੇ ਸਿਧਾਰਥ ਸ਼ੁਕਲਾ, ਔਖੀ ਘੜੀ 'ਚ ਘਰ ਪਹੁੰਚਾਇਆ ਆਕਸੀਜਨ ਸਿਲੰਡਰ

ਨਵੀਂ ਦਿੱਲੀ (ਬਿਊਰੋ) : ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਭਾਰਤ 'ਚ ਤਬਾਹੀ ਮਚਾ ਰਹੀ ਹੈ। ਇਸ ਖ਼ਤਰਨਾਕ ਵਾਇਰਸ ਨਾਲ ਹਰ ਰੋਜ਼ ਹਜ਼ਾਰਾਂ ਲੋਕ ਮਰ ਰਹੇ ਹਨ। ਇੰਨਾ ਹੀ ਨਹੀਂ ਹਸਪਤਾਲਾਂ 'ਚ ਬੈੱਡ, ਦਵਾਈਆਂ ਅਤੇ ਆਕਸੀਜਨ ਦੀ ਵੀ ਭਾਰੀ ਘਾਟ ਹੈ। ਹਾਲਾਂਕਿ ਸਰਕਾਰਾਂ ਇਸ ਸਮੱਸਿਆ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੇ ਨਾਲ ਹੀ ਬਾਲੀਵੁੱਡ ਅਤੇ ਟੀਵੀ ਸਿਤਾਰੇ ਵੀ ਕੋਰੋਨਾ ਵਾਇਰਸ ਮਹਾਮਾਰੀ 'ਚ ਲੋਕਾਂ ਦੀ ਮਦਦ 'ਚ ਅੱਗੇ ਆ ਰਹੇ ਹਨ।

ਹੁਣ ਤਕ ਬਹੁਤ ਸਾਰੇ ਫ਼ਿਲਮੀ ਅਤੇ ਟੈਲੀਵਿਜ਼ਨ ਸਿਤਾਰਿਆਂ ਨੇ ਕੋਰੋਨਾ ਵਾਇਰਸ ਨਾਲ ਗ੍ਰਸਤ ਲੋਕਾਂ ਦੀ ਸਹਾਇਤਾ ਕੀਤੀ ਹੈ। ਇਸ ਦੌਰਾਨ ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਅਤੇ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਵੀ ਆਪਣੇ ਇਕ ਪ੍ਰਸ਼ੰਸਕ ਦੀ ਮਦਦ ਨਾਲ ਸੁਰਖੀਆਂ 'ਚ ਹਨ। ਦਰਅਸਲ, ਹਸਪਤਾਲਾਂ 'ਚ ਆਕਸੀਜਨ ਸਿਲੰਡਰ ਦੀ ਘਾਟ ਹੋਣ ਦੀਆਂ ਖ਼ਬਰਾਂ ਹਨ। ਅਜਿਹੀ ਸਥਿਤੀ 'ਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟਵਿੱਟਰ 'ਤੇ ਸਿਧਾਰਥ ਤੋਂ ਮੰਗੀ ਮਦਦ
ਸਿਧਾਰਥ ਸ਼ੁਕਲਾ ਦੇ ਇਕ ਪ੍ਰਸ਼ੰਸਕ ਨੇ ਹਾਲ ਹੀ 'ਚ ਉਸ ਨੂੰ ਆਪਣੀ ਮਾਂ ਲਈ ਆਕਸੀਜਨ ਸਿਲੰਡਰ ਦਾ ਪ੍ਰਬੰਧ ਕਰਨ ਲਈ ਮਦਦ ਦੀ ਮੰਗ ਕੀਤੀ, ਜਿਸ ਤੋਂ ਬਾਅਦ ਅਦਾਕਾਰ ਅਤੇ ਉਨ੍ਹਾਂ ਦੀ ਟੀਮ ਪ੍ਰਸ਼ੰਸਕ ਦੀ ਮਦਦ ਲਈ ਅੱਗੇ ਆਏ। ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਟਵਿੱਟਰ ਜ਼ਰੀਏ ਮਦਦ ਦੀ ਮੰਗ ਕੀਤੀ। ਇਸ ਤੋਂ ਬਾਅਦ 'ਦਿਲ ਸੇ ਦਿਲ ਤਕ' ਅਦਾਕਾਰ ਨੇ ਆਪਣੇ ਟਵੀਟ 'ਚ ਲਿਖਿਆ, 'ਭਰਾ ਮੈਂ ਕਿਸ ਨਾਲ ਸੰਪਰਕ ਕਰਾਂ, ਜੇ ਮੈਨੂੰ ਕੋਈ ਸਾਧਨ ਮਿਲਦਾ ਹੈ। ਤੁਹਾਡਾ ਨਾਂ ਕੀ ਹੈ, ਚੰਗੇ ਦੀ ਉਮੀਦ ਕਰੋ।' ਇਸ ਤੋਂ ਬਾਅਦ, ਸਿਧਾਰਥ ਸ਼ੁਕਲਾ ਅਤੇ ਉਨ੍ਹਾਂ ਦੀ ਟੀਮ ਨੇ ਪ੍ਰਸ਼ੰਸਕ ਦੀ ਮਦਦ ਕੀਤੀ ਅਤੇ ਉਸ ਨੂੰ ਆਕਸੀਜਨ ਸਿਲੰਡਰ ਪ੍ਰਦਾਨ ਕੀਤਾ।  

ਪ੍ਰਸ਼ੰਸਕ ਨੇ ਟਵਿੱਟਰ 'ਤੇ ਕੀਤਾ ਧੰਨਵਾਦ
ਇਸ ਤੋਂ ਬਾਅਦ ਪ੍ਰਸ਼ੰਸਕ ਨੇ ਟਵਿੱਟਰ 'ਤੇ ਅਦਾਕਾਰ ਦਾ ਧੰਨਵਾਦ ਵੀ ਕੀਤਾ। ਉਸ ਨੇ ਆਪਣੇ ਟਵੀਟ 'ਚ ਲਿਖਿਆ, 'ਸਿਧਾਰਥ ਸ਼ੁਕਲਾ ਤੁਹਾਡਾ ਬਹੁਤ ਬਹੁਤ ਧੰਨਵਾਦ ਭਰਾ। ਤੁਸੀਂ ਅਤੇ ਤੁਹਾਡੀ ਟੀਮ ਨੇ ਮਿਲ ਕੇ ਮੇਰੀ ਮਦਦ ਕੀਤੀ। ਤੁਹਾਡੇ ਜਵਾਬ ਦੇ ਤੁਰੰਤ ਬਾਅਦ ਮੈਨੂੰ ਤੁਹਾਡੀ ਟੀਮ ਦਾ ਇਕ ਫੋਨ ਆਇਆ।' ਪ੍ਰਸ਼ੰਸਕ ਨੇ ਟਵੀਟ 'ਚ ਅੱਗੇ ਲਿਖਿਆ, 'ਟੀਮ ਨੇ ਮੈਨੂੰ ਦੱਸਿਆ ਕਿ ਕਿਥੇ ਜਾਣਾ ਹੈ, ਕਿਵੇਂ ਇਕ ਆਕਸੀਜਨ ਸਿਲੰਡਰ ਲਿਆਉਣਾ ਹੈ ਅਤੇ ਅੰਤ 'ਚ ਮੈਨੂੰ ਆਪਣੀ ਮਾਂ ਲਈ ਇਕ ਆਕਸੀਜਨ ਸਿਲੰਡਰ ਮਿਲ ਗਿਆ।' 
ਦੱਸ ਦਈਏ ਕਿ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਕੁਮੈਂਟ ਕਰਕੇ ਸਿਧਾਰਥ ਸ਼ੁਕਲਾ ਦੀ ਪ੍ਰਸ਼ੰਸਾ ਕਰ ਰਹੇ ਹਨ।


author

sunita

Content Editor

Related News