ਦਿਵਿਆਂਗਾਂ ਬਾਰੇ ਟਿੱਪਣੀ ਦਾ ਮਾਮਲਾ, ਸਮਯ ਰੈਨਾ ਸਮੇਤ 5 ਕਾਮੇਡੀਅਨਾਂ ਖ਼ਿਲਾਫ ਕੇਸ ਰੱਦ
Saturday, Aug 15, 2026 - 09:25 AM (IST)
ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਮਯ ਰੈਨਾ ਸਮੇਤ 5 ਕਾਮੇਡੀਅਨਾਂ ਵਿਰੁੱਧ ਦਿਵਿਆਂਗਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਲਈ ਜਾਰੀ ਅਪਰਾਧਿਕ ਕਾਰਵਾਈ ਨੂੰ ਰੱਦ ਕਰ ਦਿੱਤਾ ਅਤੇ ਅਜਿਹੇ ਲੋਕਾਂ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਦੇ ਸਤਿਕਾਰ ਨੂੰ ਉਤਸ਼ਾਹਿਤ ਕਰਨ ਵਿਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਅਦਾਲਤ ਨੇ ਰੈਨਾ ਤੋਂ ਇਲਾਵਾ ਵਿਪੁਲ ਗੋਇਲ, ਬਲਰਾਜ ਪਰਮਜੀਤ ਸਿੰਘ ਘਈ, ਸੋਨਾਲੀ ਠੱਕਰ ਅਤੇ ਨਿਸ਼ਾਂਤ ਜਗਦੀਸ਼ ਤੰਵਰ ਖ਼ਿਲਾਫ ਐੱਫ. ਆਈ. ਆਰ. ਅਤੇ ਅਪਰਾਧਿਕ ਕਾਰਵਾਈ ਰੱਦ ਕਰ ਦਿੱਤੀ। ਸਿਖਰਲੀ ਅਦਾਲਤ ਨੇ ਮਾਰਚ ਵਿਚ ਦਿਵਿਆਂਗ ਲੋਕਾਂ ਲਈ ਸ਼ਤਰੰਜ ਟੂਰਨਾਮੈਂਟ ਆਯੋਜਿਤ ਕਰਨ ਅਤੇ ਦਿਵਿਆਂਗਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਬਾਰੇ ਜਾਗਰੂਕਤਾ ਵਧਾਉਣ ਵਿਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ।
ਇਨ੍ਹਾਂ ਸੰਸਥਾਵਾਂ ਵਿਚ ਉਹ ਸੰਸਥਾਵਾਂ ਵੀ ਸ਼ਾਮਲ ਹਨ ਜੋ ‘ਸਪਾਈਨਲ ਮਸਕੂਲਰ ਐਟ੍ਰੋਫੀ’ (ਐੱਸ. ਐੱਮ. ਏ.) ਵਰਗੀਆਂ ਦੁਰਲੱਭ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਦੀਆਂ ਹਨ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਕਿਹਾ ਕਿ ਜਦੋਂ ਸੱਚੀਆਂ ਕੋਸ਼ਿਸ਼ਾਂ ਹੁੰਦੀਆਂ ਹਨ, ਤਾਂ ਹਾਂ-ਪੱਖੀ ਨਤੀਜੇ ਜ਼ਰੂਰ ਨਿਕਲਦੇ ਹਨ। ਬੈਂਚ ਨੇ ਕਿਹਾ ਕਿ ਉਹ ਬਹੁਤ ਹੋਣਹਾਰ ਨੌਜਵਾਨ ਹਨ। ਜੇਕਰ ਉਨ੍ਹਾਂ ਨੇ ਹਾਂ-ਪੱਖੀ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਉਹ ਹਾਂ-ਪੱਖੀ ਨਤੀਜੇ ਲਿਆਉਣਗੇ।
