ਸੈਫ਼ ਅਲੀ ਖਾਨ ਦੇ ਘਰ ਕੋਰੋਨਾ ਦੀ ਦਸਤਕ, ਇੱਕ ਮੈਂਬਰ ਦੀ ਰਿਪੋਰਟ ਆਈ ਪਾਜ਼ੇਟਿਵ
Tuesday, Jul 14, 2020 - 08:38 AM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਫ਼ਿਲਮ ਉਦਯੋਗ ਨਾਲ ਜੁੜੇ ਕਈ ਕਲਾਕਾਰ ਵੀ ਇਸ ਦੀ ਚਪੇਟ 'ਚ ਆ ਚੁੱਕੇ ਹਨ ਅਤੇ ਕਈ ਸਿਤਾਰਿਆਂ ਦੇ ਸਟਾਫ਼ ਮੈਂਬਰਜ਼ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਅਤੇ ਪਰਿਵਾਰ ਤੋਂ ਇਲਾਵਾ ਕਈ ਆਰਟਿਸਟ ਪਾਜ਼ੇਟਿਵ ਪਾਏ ਗਏ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰ ਸਾਰਾ ਅਲੀ ਖਾਨ ਨੇ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ ਕੋਰੋਨਾ ਪਾਜ਼ੇਟਿਵ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟਾਈਨ ਸੈਂਟਰ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਕਈ ਸਿਤਾਰਿਆਂ ਦੇ ਸਟਾਫ ਮੈਂਬਰਜ਼ ਇਸ ਦੀ ਚਪੇਟ 'ਚ ਆ ਚੁੱਕੇ ਹਨ।
ਦੱਸ ਦਈਏ ਕਿ ਸਾਰਾ ਅਲੀ ਖਾਨ ਨੇ ਦੇਰ ਰਾਤ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਟੈਕਸਟ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ ਕੋਵਿਡ-19 ਪਾਜ਼ੇਟਿਵ ਹਨ। ਸਾਰਾ ਨੇ ਆਪਣੇ ਪੋਸਟ 'ਚ ਲਿਖਿਆ - 'ਮੈਂ ਤੁਹਾਨੂੰ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਡਰਾਈਵਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਬੀ. ਐੱਮ. ਸੀ. ਨੂੰ ਇਸ ਬਾਰੇ 'ਚ ਸੂਚਨਾ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਡਰਾਈਵਰ ਨੂੰ ਕੁਆਰੰਟਾਈਨ ਸੈਂਟਰ ਭੇਜ ਦਿੱਤਾ ਗਿਆ ਹੈ। ਮੇਰੇ ਪਰਿਵਾਰ ਦੇ ਲੋਕ ਤੇ ਘਰ ਦੇ ਸਾਰੇ ਸਟਾਫ਼ ਦੀ ਰਿਪੋਰਟ ਨੈਗੇਟਿਵ ਆਈ ਹੈ। ਬੀ. ਐੱਮ. ਸੀ. ਵੱਲੋਂ ਕੀਤੀ ਜਾ ਰਹੀ ਮਦਦ ਤੇ ਗਾਈਡਲਾਈਨ ਲਈ ਸ਼ੁਕਰੀਆ।'