ਘਰ ''ਚ ਫਾਇਰਿੰਗ ਮਗਰੋਂ ਸੁਰੱਖਿਆ ਖ਼ਤਰਿਆਂ ਦੇ ਬਾਵਜੂਦ ਦਿਸ਼ਾ ਪਟਾਨੀ ਦੀ ਪਹਿਲੀ Public Appearance
Monday, Sep 15, 2025 - 01:26 PM (IST)

ਮੁੰਬਈ (ਏਜੰਸੀ) – ਬਰੇਲੀ ਸਥਿਤ ਘਰ ‘ਤੇ ਫਾਇਰਿੰਗ ਦੀ ਘਟਨਾ ਤੋਂ ਬਾਅਦ ਸੁਰੱਖਿਆ ਖ਼ਤਰਿਆਂ ਦੇ ਮੱਦੇਨਜ਼ਰ, ਅਦਾਕਾਰਾ ਦਿਸ਼ਾ ਪਟਾਨੀ ਨੇ ਨਿਊਯਾਰਕ ਫੈਸ਼ਨ ਵੀਕ Calvin Klein Collection Spring 2026 ਵਿੱਚ ਆਪਣੀ ਪਹਿਲੀ ਅੰਤਰਰਾਸ਼ਟਰੀ ਪੇਸ਼ਕਾਰੀ ਦਿੱਤੀ। ਕ੍ਰੀਏਟਿਵ ਡਾਇਰੈਕਟਰ ਵੇਰੋਨਿਕਾ ਲਿਓਨੀ ਵੱਲੋਂ ਸ਼ੋਅ ਵਿੱਚ ਦਿਸ਼ਾ ਨੇ ਕਾਲੇ ਰੰਗ ਦੀ V-ਨੈਕ, ਸਟ੍ਰੈਪੀ, ਸੀਕੁਇਨਸ ਅਤੇ ਐਮਬ੍ਰੋਇਡਰੀ ਵਾਲੀ ਮੈਕਸੀ ਡ੍ਰੈਸ ਪਹਿਨੀ। ਉਨ੍ਹਾਂ ਨੇ ਖੁਲੇ ਵਾਲ, ਨੈਚਰਲ ਮੈਕਅੱਪ ਅਤੇ ਸਲੀਕ ਬਲੈਕ ਹੀਲਜ਼ ਨਾਲ ਮਿਨੀਮਲ ਗਲੈਮ ਲੁੱਕ ਨੂੰ ਪੂਰਾ ਕੀਤਾ।
ਦਿਸ਼ਾ, ਜੋ Calvin Klein ਦੀ ਬ੍ਰਾਂਡ ਐਂਬੈਸਡਰ ਵੀ ਹਨ, ਨੂੰ ਇਸ ਇਵੈਂਟ ਦੌਰਾਨ ਸੂਪਰਮਾਡਲ ਅਤੇ ਅਦਾਕਾਰਾ ਕੈਰੋਲਿਨ ਮਰਫੀ ਅਤੇ ਮਾਡਲ ਸਾਬਰੀਨਾ ਧੋਵਰੇ ਐਲਬਾ ਨਾਲ ਗੱਲਬਾਤ ਕਰਦੇ ਦੇਖਿਆ ਗਿਆ। ਸ਼ੋਅ ਵਿੱਚ ਹਾਲੀਵੁੱਡ ਅਤੇ ਵਿਸ਼ਵਪੱਧਰੀ ਸਿਤਾਰੇ ਵੀ ਮੌਜੂਦ ਸਨ। ਇਸ ਪੇਸ਼ਕਾਰੀ ਦੀ ਖਾਸ ਮਹੱਤਤਾ ਇਸ ਲਈ ਵੀ ਹੈ ਕਿਉਂਕਿ ਦਿਸ਼ਾ ਆਪਣੀ ਹਾਲੀਵੁੱਡ ਫਿਲਮ “Holiguards Saga — The Portal of Force” ਦੀ ਲਈ ਤਿਆਰ ਹੈ। ਇਸ ਫਿਲਮ ਦੇ ਮੁੱਖ ਅਦਾਕਾਰਾਂ ਵਿੱਚ ਕੇਵਿਨ ਸਪੇਸੀ, ਡੌਲਫ ਲੁੰਡਗਰੇਨ, ਟਾਇਰਿਸ ਗਿਬਸਨ, ਬ੍ਰਿਆਨਾ ਹਿਲਡਬਰੈਂਡ, ਦਿਸ਼ਾ ਪਟਾਨੀ ਅਤੇ ਏਰਿਕ ਰੋਬਰਟਸ ਸ਼ਾਮਲ ਹਨ।
ਇੱਥੇ ਦੱਸ ਦੇਈਏ ਕਿ ਦਿਸ਼ਾ ਦੇ ਬਰੇਲੀ ਸਥਿਤ ਘਰ ਦੇ ਬਾਹਰ ਸ਼ੁੱਕਰਵਾਰ ਸਵੇਰੇ ਫਾਇਰਿੰਗ ਹੋਈ ਸੀ, ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਹਮਲਾ ਅਧਿਆਤਮਕ ਗੁਰੂ ਪ੍ਰੇਮਾਨੰਦ ਮਹਾਰਾਜ ਅਤੇ ਅਨਿਰੁੱਧਚਾਰਿਆ ਮਹਾਰਾਜ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਰੋਹਿਤ ਗੋਲਡੀ ਬਰਾਰ ਸਮੂਹ ਨੇ ਲਈ ਹੈ। ਦਿਸ਼ਾ ਦੀ ਛੋਟੀ ਭੈਣ ਖੁਸ਼ਬੂ ਨੇ ਅਧਿਆਤਮਕ ਗੁਰੂ ਅਨਿਰੁੱਧਚਾਰਿਆ ਦੀ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਵਾਲੀਆਂ ਔਰਤਾਂ ਦੇ ਬਾਰੇ ਵਿਚ ਕੀਤੀਆਂ ਗਈਆਂ ਟਿੱਪਣੀਆਂ ਦੀ ਖੁੱਲ੍ਹ ਕੇ ਨਿੰਦਾ ਕੀਤੀ ਸੀ, ਜਿਸਨੂੰ ਹਮਲੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਖੁਸ਼ਬੂ ਨੇ ਪਹਿਲਾਂ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਦੀਆਂ ਟਿੱਪਣੀਆਂ ਪ੍ਰੇਮਾਨੰਦ ਮਹਾਰਾਜ ਖਿਲਾਫ ਨਹੀਂ ਸਨ।