ਪੰਜਾਬੀ ਗਾਇਕ AP ਢਿੱਲੋ ਨੇ ਲੈਜੈਂਡਰੀ ਰੌਕ ਬੈਂਡ 'Linkin Park' ਨਾਲ ਕੀਤੀ ਮੁਲਾਕਾਤ, ਆਖ 'ਤੀ ਇਹ ਗੱਲ
Wednesday, Jan 21, 2026 - 10:24 AM (IST)
ਮੁੰਬਈ - ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸਟਾਰ ਏ.ਪੀ. ਢਿੱਲੋਂ ਨੇ ਹਾਲ ਹੀ ਵਿਚ ਦੁਨੀਆ ਭਰ ਵਿਚ ਮਸ਼ਹੂਰ ਰੌਕ ਬੈਂਡ ਲਿੰਕਿਨ ਪਾਰਕ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ। ਇਸ ਯਾਦਗਾਰੀ ਪਲ ਦੀਆਂ ਤਸਵੀਰਾਂ ਏ.ਪੀ. ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਲਿੰਕਿਨ ਪਾਰਕ ਦਾ ਕੀਤਾ ਧੰਨਵਾਦ
ਤਸਵੀਰਾਂ ਸਾਂਝੀਆਂ ਕਰਦਿਆਂ 'ਐਕਸਕਿਊਜ਼' ਫੇਮ ਗਾਇਕ ਨੇ ਲਿਖਿਆ, "ਇਨ੍ਹਾਂ ਲੈਜੈਂਡਸ ਨੂੰ ਮਿਲ ਕੇ ਮਾਣ ਮਹਿਸੂਸ ਹੋ ਰਿਹਾ ਹੈ, ਮੈਨੂੰ ਪ੍ਰੇਰਿਤ ਕਰਨ ਲਈ ਤੁਹਾਡਾ ਧੰਨਵਾਦ।" ਏ.ਪੀ. ਢਿੱਲੋਂ ਨੇ ਦੱਸਿਆ ਕਿ ਲਿੰਕਿਨ ਪਾਰਕ ਦਾ ਉਨ੍ਹਾਂ ਦੇ ਸੰਗੀਤਕ ਸਫ਼ਰ 'ਤੇ ਡੂੰਘਾ ਪ੍ਰਭਾਵ ਰਿਹਾ ਹੈ।
ਕੌਣ ਹੈ ਲਿੰਕਿਨ ਪਾਰਕ?
ਸਾਲ 1996 ਵਿਚ ਬਣਿਆ ਇਹ ਬੈਂਡ ਦੁਨੀਆ ਦੇ ਸਭ ਤੋਂ ਸਫਲ ਰੌਕ ਬੈਂਡਾਂ ਵਿਚੋਂ ਇਕ ਮੰਨਿਆ ਜਾਂਦਾ ਹੈ, ਜਿਸ ਨੇ ਹੁਣ ਤੱਕ 100 ਮਿਲੀਅਨ ਤੋਂ ਵੱਧ ਰਿਕਾਰਡ ਵੇਚੇ ਹਨ। ਬੈਂਡ ਨੇ ਦੋ ਗ੍ਰੈਮੀ ਅਵਾਰਡ ਅਤੇ ਕਈ ਹੋਰ ਅੰਤਰਰਾਸ਼ਟਰੀ ਸਨਮਾਨ ਜਿੱਤੇ ਹਨ। ਸਾਲ 2017 ਵਿਚ ਮੁੱਖ ਗਾਇਕ ਚੈਸਟਰ ਬੈਨਿੰਗਟਨ ਦੀ ਮੌਤ ਤੋਂ ਬਾਅਦ ਬੈਂਡ ਕੁਝ ਸਾਲਾਂ ਲਈ ਸ਼ਾਂਤ ਰਿਹਾ ਸੀ, ਪਰ 2024 ਵਿਚ ਐਮਿਲੀ ਆਰਮਸਟ੍ਰਾਂਗ ਅਤੇ ਕੋਲਿਨ ਬ੍ਰਿਟੇਨ ਵਰਗੇ ਨਵੇਂ ਮੈਂਬਰਾਂ ਨਾਲ ਇਸ ਦੀ ਮੁੜ ਵਾਪਸੀ ਹੋਈ ਹੈ।
ਏ.ਪੀ. ਢਿੱਲੋਂ ਦੀਆਂ ਪ੍ਰਾਪਤੀਆਂ
ਜ਼ਿਕਰਯੋਗ ਹੈ ਕਿ ਏ.ਪੀ. ਢਿੱਲੋਂ ਨੇ 2019 ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਬਹੁਤ ਘੱਟ ਸਮੇਂ ਵਿਚ 'ਬ੍ਰਾਊਨ ਮੁੰਡੇ' ਵਰਗੇ ਗੀਤਾਂ ਨਾਲ ਵਿਸ਼ਵ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ। ਉਹ 2023 ਵਿਚ ਕੈਨੇਡਾ ਦੇ ਵੱਕਾਰੀ ਜੂਨੋ ਅਵਾਰਡਸ ਵਿਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵੀ ਬਣੇ ਸਨ।
