ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ ''ਅੰਗਰੇਜ਼''
Tuesday, Aug 04, 2015 - 05:38 PM (IST)
ਮੈਲਬੋਰਨ (ਮਨਦੀਪ ਸਿੰਘ ਸੈਣੀ)- ਪਿਛਲੇ ਦਿਨੀਂ ਵਿਸ਼ਵ ਭਰ ਵਿਚ ਰਿਲੀਜ਼ ਹੋਈ ਪੰਜਾਬੀ ਫਿਲਮ ''ਅੰਗਰੇਜ਼'' ਵਿਦੇਸ਼ਾਂ ਵਿਚ ਵੀ ਧੁੰਮਾਂ ਪਾ ਰਹੀ ਹੈ। 1945 ਦੇ ਪੁਰਾਤਨ ਪੰਜਾਬ ਦੇ ਰੀਤੀ-ਰਿਵਾਜ, ਪਿਆਰ-ਮੁਹੱਬਤ, ਰਹਿਣ-ਸਹਿਣ ਨੂੰ ਪੇਸ਼ ਕਰਦੀ ਇਸ ਫਿਲਮ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਦਰਸ਼ਕ ਸਿਨੇਮਾਘਰਾਂ ਵਿਚ ਪਹੁੰਚ ਰਹੇ ਹਨ। ਰੇਡੀਓ ''ਹਾਂਜ਼ੀ'' ਦੇ ਮੁੱਖ ਪ੍ਰਬੰਧਕ ਰਣਜੋਧ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਦਰਸ਼ਕਾਂ ਵਲੋਂ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਤੇ ਸਾਰੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ''ਅੰਗਰੇਜ਼'' ਫਿਲਮ ਨੇ ਇਸ ਹਫਤੇ ਰਿਲੀਜ਼ ਹੋਈਆਂ ਹਿੰਦੀ ਅਤੇ ਅੰਗਰੇਜ਼ੀ ਫਿਲਮਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਇਸ ਫਿਲਮ ਨੇ ਪੰਜਾਬੀ ਸਿਨੇਮਾ ਦਾ ਮਿਆਰ ਹੋਰ ਉੱਚਾ ਚੁੱਕਿਆ ਹੈ, ਜਿਸ ਨੂੰ ਦਰਸ਼ਕ ਲੰਮੇ ਸਮੇਂ ਤਕ ਯਾਦ ਕਰਨਗੇ। ਲੇਖਕ ਅੰਬਰਦੀਪ ਸਿੰਘ ਅਤੇ ਨਿਰਮਾਤਾ ਸਿਮਰਜੀਤ ਸਿੰਘ ਵਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਅਮਰਿੰਦਰ ਗਿੱਲ, ਬੀਨੂੰ ਢਿੱਲੋਂ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਦਿੱਤੀ ਸ਼ਰਮਾ, ਸਰਗੁਨ ਮਹਿਤਾ, ਐਮੀ ਵਿਰਕ ਸਮੇਤ ਕਈ ਕਲਾਕਾਰਾਂ ਨੇ ਅਦਾਕਾਰੀ ਦੇ ਜਲਵੇ ਬਿਖੇਰੇ ਹਨ। ਸੰਗੀਤਕਾਰ ਜਤਿੰਦਰ ਸ਼ਾਹ ਦੀਆਂ ਸੰਗੀਤਕ ਧੁੰਨਾਂ ਨਾਲ ਸ਼ਿੰਗਾਰੀ ਇਸ ਫਿਲਮ ਦੇ ਗੀਤ ਬੇਹੱਦ ਮਕਬੂਲੀਅਤ ਹਾਸਲ ਕਰ ਰਹੇ ਹਨ।
