ਪੰਜਾਬੀ ਸਿਨੇਮਾ 'ਚ ਜਸਵਿੰਦਰ ਭੱਲਾ ਦਾ ਬੇਮਿਸਾਲ ਯੋਗਦਾਨ, ਜਾਣੋ 'ਚਾਚਾ ਚਤਰਾ' ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ
Thursday, May 04, 2023 - 01:47 PM (IST)
ਚੰਡੀਗੜ੍ਹ (ਵੈੱਬ ਡੈਸਕ) : 'ਚੱਕ ਦੇ ਫੱਟੇ', 'ਕੈਰੀ ਆਨ ਜੱਟਾ', 'ਡੈਡੀ ਕੂਲ ਮੁੰਡੇ ਫੂਲ' ਵਰਗੀਆਂ ਫ਼ਿਲਮਾਂ ਨਾਲ ਫ਼ਿਲਮ ਜਗਤ 'ਚ ਮਕਬੂਲ ਹੋਏ ਜਸਵਿੰਦਰ ਭੱਲਾ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 4 ਮਈ 1960 ਨੂੰ ਦੋਰਾਹਾ, ਪੰਜਾਬ 'ਚ ਹੋਇਆ। ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ, ਵਿਭਾਗ ਦੇ ਮੁਖੀ ਵੀ ਹਨ। ਉਨ੍ਹਾਂ ਨੇ ਆਪਣੀ ਬੀ. ਐੱਸ. ਸੀ. ਅਤੇ ਐਮ. ਐੱਸ. ਸੀ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਅਤੇ ਪੀ. ਐਚ. ਡੀ. ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਕੀਤੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੀ. ਏ. ਯੂ. 'ਚ ਸਹਾਇਕ ਪ੍ਰੋਫੈਸਰ ਵਜੋਂ ਕੀਤੀ। ਇੱਕ ਪ੍ਰੋਫੈਸਰ ਅਤੇ ਮੁਖੀ, ਪਸਾਰ ਸਿੱਖਿਆ ਵਿਭਾਗ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ 31 ਮਈ 2020 ਨੂੰ ਸਰਗਰਮ ਸੇਵਾ ਤੋਂ ਸੇਵਾ ਮੁਕਤ ਹੋਏ ਹਨ।
ਨਿੱਜੀ ਜੀਵਨ
ਜਸਵਿੰਦਰ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ, ਜੋ ਇਕ ਫਾਈਨ ਆਰਟਸ ਅਧਿਆਪਕ ਹੈ। ਉਨ੍ਹਾਂ ਦੇ ਬੇਟੇ ਦਾ ਨਾਮ ਪਖਰਾਜ ਭੱਲਾ ਹੈ। ਪੁਖਰਾਜ 2002 ਤੋਂ 'ਛਣਕਾਟਾ' ਦੇ ਕੁਝ ਕੈਸਟਾਂ 'ਚ ਵੀ ਆਇਆ ਹੈ।
ਹਾਸਰਸ ਕਲਾਕਾਰ ਵਜੋਂ ਵੀ ਜਾਣੇ ਜਾਂਦੇ ਨੇ
ਦੱਸ ਦਈਏ ਕਿ ਜਸਵਿੰਦਰ ਸਿੰਘ ਭੱਲਾ ਨੂੰ ਪੰਜਾਬੀ ਫ਼ਿਲਮ ਇੰਡਸਟਰੀ 'ਚ ਹਾਸਰਸ ਕਲਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਮੁੱਖ ਤੌਰ 'ਤੇ ਆਪਣੇ ਪ੍ਰੋਗਰਾਮ 'ਛਣਕਾਟਾ' ਅਤੇ ਕਿਰਦਾਰ 'ਚਾਚਾ ਚਤਰਾ' ਕਰਕੇ ਵੀ ਜਾਣਿਆ ਜਾਂਦਾ ਹੈ। ਜਸਵਿੰਦਰ ਭੱਲਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਦੁੱਲਾ ਭੱਟੀ' ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ।
ਖੇਤੀਬਾੜੀ ਵਿਭਾਗ, ਪੰਜਾਬ 'ਚ ਏ. ਆਈ/ਏ. ਡੀ. ਓ. ਵਜੋਂ ਨਿਭਾਈ ਸੇਵਾ
ਜਸਵਿੰਦਰ ਭੱਲਾ ਨੇ ਬੀ. ਐੱਸ. ਸੀ. ਖੇਤੀਬਾੜੀ (ਆਨਰਜ਼) ਅਤੇ ਐੱਮ. ਐੱਸ. ਸੀ (ਐਕਸਟੈਂਸ਼ਨ ਐਜੂਕੇਸ਼ਨ) ਦੀ ਡਿਗਰੀ 1982 ਅਤੇ 1985 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਪੀ. ਏ. ਯੂ. 'ਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਪੰਜਾਬ 'ਚ ਏ. ਆਈ/ਏ. ਡੀ.ਓ. ਵਜੋਂ ਸੇਵਾ ਨਿਭਾਈ ਸੀ। ਜਸਵਿੰਦਰ ਭੱਲਾ ਸਾਲ 1989 'ਚ ਪੀ. ਏ. ਯੂ. ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ 'ਚ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਸ਼ਾਮਲ ਹੋਏ ਸਨ ਤੇ ਆਪਣੀ ਪੀ. ਐੱਚ. ਡੀ. (ਐਗਰੀ. ਐਕਸਟੈਂਸ਼ਨ) ਸਾਲ 2000 ਦੇ ਦੌਰਾਨ ਸੀ. ਸੀ. ਐੱਸ. ਯੂ, ਮੇਰਠ ਤੋਂ ਇਕ ਸੇਵਾ-ਦੌਰਾਨ ਵਿਦਿਆਰਥੀ ਦੇ ਤੌਰ 'ਤੇ ਪੂਰੀ ਕੀਤੀ।
ਕਾਮੇਡੀ ਕਰੀਅਰ
ਜਸਵਿੰਦਰ ਭੱਲਾ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਪ੍ਰਦਰਸ਼ਨਾਂ 'ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਜਸਵਿੰਦਰ ਭੱਲਾ ਅਤੇ ਦੋ ਸਹਿਪਾਠੀਆਂ ਨੂੰ 1975 'ਚ ਆਲ ਇੰਡੀਆ ਰੇਡੀਓ ਲਈ ਚੁਣਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਰੂਪ 'ਚ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ 'ਚ ਕਾਮੇਡੀ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਸਾਲ 1988 'ਚ ਆਪਣੇ ਪੇਸ਼ੇਵਰ ਕਰੀਅਰ ਨੂੰ ਸਹਿਕਾਰਤਾ ਬਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸੇਟ 'ਛਣਕਾਟਾ' 1988 ਨਾਲ ਅਰੰਭ ਕੀਤਾ। ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਸਹਿਪਾਠੀ ਸਨ।
ਇਨ੍ਹਾਂ ਫ਼ਿਲਮਾਂ 'ਚ ਕੀਤਾ ਕੰਮ
ਜਸਵਿੰਦਰ ਭੱਲਾ ਨੇ ਪੰਜਾਬੀ ਫ਼ਿਲਮਾਂ ਜਿਵੇਂ 'ਮਹੌਲ ਠੀਕ ਹੈ', 'ਜੀਜਾ ਜੀ', 'ਜਿਹਨੇ ਮੇਰਾ ਦਿਲ ਲੁੱਟਿਆ', 'ਪਾਵਰ ਕੱਟ', 'ਕਬੱਡੀ ਇਕ ਵਾਰ ਫਿਰ', 'ਆਪਾਂ ਫਿਰ ਮਿਲਾਂਗੇ', 'ਮੇਲ ਕਰਾ ਦੇ ਰੱਬਾ', 'ਕੈਰੀ ਆਨ ਜੱਟਾ', 'ਜੱਟ ਐਂਡ ਜੂਲੀਟ', 'ਜੱਟ ਐਂਡ ਜੂਲੀਅਨ 2', 'ਜੱਟ ਏਅਰਵੇਜ਼', 'ਵੇਖ ਬਰਾਤਾਂ ਚੱਲੀਆਂ', 'ਬੈਂਡ ਵਾਜੇ', 'ਗੋਲਕ ਬੂਗਨੀ ਬੈਂਕ ਤੇ ਬਟੂਆ', 'ਮੈਰਿਜ ਪੈਲੇਸ', 'ਪਾਵਰ ਕੱਟ', 'ਕੈਰੀ ਆਨ ਜੱਟਾ-2', 'ਨੌਕਰ ਵਹੁਟੀ ਦਾ' ਆਦਿ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੀ ਕਲਾ ਦੇ ਜ਼ਰੀਏ ਕਿਹਾ ਕਿ ਮੇਰੀਆਂ ਫ਼ਿਲਮਾਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੀਆਂ ਹਨ, ਜਿਵੇਂ ਕਿ ਕੰਨਿਆ ਭਰੂਣ ਹੱਤਿਆ, ਨਸ਼ੀਲੀਆਂ ਦਵਾਈਆਂ ਅਤੇ ਬੇਰੁਜ਼ਗਾਰੀ।
ਦੱਸ ਦਈਏ ਕਿ ਜਸਵਿੰਦਰ ਭੱਲਾ ਨੂੰ ਬਿਹਤਰੀਨ ਪੰਜਾਬੀ ਕਾਮੇਡੀਅਨ ਪੁਰਸਕਾਰਾਂ ਦਾ ਮਾਣ ਹਾਸਲ ਹੈ। ਉਨ੍ਹਾਂ ਦੇ ਡਾਇਲਾਗ ਡਿਲਿਵਰੀ ਨੂੰ ਪੰਜਾਬੀ ਕਾਮੇਡੀਅਨਾਂ 'ਚ ਸਭ ਤੋਂ ਤੇਜ਼ ਮੰਨਿਆ ਗਿਆ ਹੈ।
ਮਸ਼ਹੂਰ ਡਾਇਲਾਗਸ
ਜਸਵਿੰਦਰ ਸਿੰਘ ਭੱਲਾ ਦੀ ਖ਼ਾਸੀਅਤ ਹੈ ਕਿ ਜਿੱਥੇ ਉਨ੍ਹਾਂ ਦੀ ਕਾਮੇਡੀ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ, ਉੱਥੇ ਹੀ ਉਨ੍ਹਾਂ ਵੱਲੋਂ ਬੋਲੇ ਡਾਇਲਾਗ ਵੀ ਬੇਹੱਦ ਮਸ਼ਹੂਰ ਹੋਏ ਹਨ। ਇਹ ਡਾਇਲਾਗ ਇਸ ਕਦਰ ਮਸ਼ਹੂਰ ਹੋਏ ਹਨ ਕਿ ਉਨ੍ਹਾਂ 'ਤੇ ਕਈ ਟਿਕ ਟਾਕ ਵੀਡੀਓਜ਼ ਵੀ ਬਣ ਚੁੱਕੀਆਂ ਹਨ ਅਤੇ ਕਈ ਡਾਇਲਾਗ ਤਾਂ ਆਮ ਹੀ ਲੋਕ ਬੋਲਦੇ ਸੁਣਾਈ ਦਿੰਦੇ ਹਨ। ਇਨ੍ਹਾਂ 'ਚੋਂ ਕੁਝ ਡਾਇਲਾਗ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਜਿਵੇਂ ਕਿ 'ਢਿੱਲੋਂ ਨੇ ਕਾਲਾ ਕੋਟ ਐਵੇਂ ਨੀਂ ਪਾਇਆ', 'ਗੰਦੀ ਔਲਾਦ ਨਾ ਮਜ਼ਾ ਨਾ ਸਵਾਦ' (ਫ਼ਿਲਮ ਕੈਰੀ ਆਨ ਜੱਟਾ), '365 ਚਲਿੱਤਰ ਨਾਰ ਦੇ, ਸਾਰਾ ਸਾਲ ਬੰਦੇ ਨੂੰ ਮਾਰਦੇ' (ਲੱਕੀ ਦੀ ਅਣ ਲੱਕੀ ਸਟੋਰੀ), 'ਆਂਡੇ ਮੋਗੇ ਤੇ ਕੁੜ ਕੁੜ ਮਲੋਟ, ਮੈਂ ਤਾਂ ਭੰਨ ਦਉਂ ਬੁੱਲਾਂ ਨਾਲ ਅਖਰੋਟ' (ਚੱਕ ਦੇ ਫੱਟੇ), 'ਹਵੇਲੀ ਤੇ ਸਹੇਲੀ ਏਨੀ ਛੇਤੀ ਨਹੀਂ ਬਣਦੀ' (ਜਹੀਨੇ ਮੇਰਾ ਦਿਲ ਲੁੱਟਿਆ), 'ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ' (ਜੱਟ ਐਂਡ ਜੂਲੀਅਟ), 'ਮਾੜੀ ਸੋਚ ਤੇ ਪੈਰ ਦੀ ਮੋਚ, ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ' (ਜੱਟ ਬੁਆਏਜ਼ ਪੁੱਤ ਜੱਟਾਂ ਦੇ), 'ਇਕ ਤੇਰੀ ਅੜ੍ਹ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕੋਈ' (ਰੰਗੀਲੇ), 'ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੀ ਨੂੰ ਨਾ ਦੇਵੇ' (ਜੱਟ ਏਅਰਵੇਜ਼)।
ਪੰਜਾਬੀ ਸਿਨੇਮਾ ਦੀ ਤਰੱਕੀ 'ਚ ਪਾਇਆ ਵੱਡਾ ਯੋਗਦਾਨ
ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਦੇ ਨਾਲ-ਨਾਲ ਜਸਵਿੰਦਰ ਭੱਲਾ ਨੇ ਪੰਜਾਬੀ ਸਿਨੇਮਾ ਦੀ ਤਰੱਕੀ 'ਚ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ 'ਮਾਹੌਲ ਠੀਕ ਹੈ' (1999) ਤੋਂ ਹੋਈ। ਇਸ ਫ਼ਿਲਮ 'ਚ ਉਨ੍ਹਾਂ ਨੇ ਇੰਸਪੈਕਟਰ ਦਾ ਕਿਰਦਾਰ ਸ਼ਾਨਦਾਰ ਢੰਗ ਨਾਲ ਨਿਭਾਇਆ। ਇਸ ਫ਼ਿਲਮ 'ਚ ਬਾਲ ਮੁਕੰਦ ਸ਼ਰਮਾ ਵੀ ਪੁਲਸ ਵਾਲੇ ਦੇ ਕਿਰਦਾਰ 'ਚ ਨਜ਼ਰ ਆਏ। ਇਸ ਫ਼ਿਲਮ 'ਚ ਮਰਹੂਮ ਕਾਮੇਡੀ ਕਿੰਗ ਜਸਪਾਲ ਭੱਟੀ ਨੇ ਵੀ ਦਮਦਾਰ ਕਿਰਦਾਰ ਨਿਭਾਇਆ ਹੈ। ਇਸ ਤੋਂ ਬਾਅਦ ਤਾਂ ਹੁਣ ਤਕ ਜਸਵਿੰਦਰ ਭੱਲਾ ਨੇ ਇਕ ਤੋਂ ਇਕ ਸ਼ਾਨਦਾਰ ਕਿਰਦਾਰ ਪੰਜਾਬੀ ਫ਼ਿਲਮਾਂ 'ਚ ਨਿਭਾਇਆ ਹੈ। ਇਨ੍ਹਾਂ 'ਚੋਂ ਬਹੁਤੇ ਕਿਰਦਾਰ ਤਾਂ ਸਰੋਤਿਆਂ ਦੇ ਦਿਲੋਂ ਦਿਮਾਗ 'ਚ ਇਸ ਕਦਰ ਵੱਸੇ ਹੋਏ ਹਨ ਕਿ ਜਦੋਂ ਵੀ ਭੱਲਾ ਬਾਰੇ ਕੋਈ ਗੱਲ ਚੱਲਦੀ ਹੈ ਤਾਂ ਉਹ ਕਿਰਦਾਰ ਆਪ ਮੁਹਾਰੇ ਅੱਖਾਂ ਮੂਹਰੇ ਘੁੰਮਣ ਲੱਗਦੇ ਹਨ।
ਨੋਟ- ਜਸਵਿੰਦਰ ਭੱਲਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।