ਕਿਸਾਨੀ ਅੰਦੋਲਨ ਦੇ ਖ਼ਾਸ ਚਿਹਰੇ ਮਰਹੂਮ ਦੀਪ ਸਿੱਧੂ ਬਾਰੇ ਉਹ ਗੱਲਾਂ, ਜੋ ਤੁਸੀਂ ਨਹੀਂ ਜਾਣਦੇ ਹੋਵੋਗੇ

Thursday, Feb 15, 2024 - 01:14 PM (IST)

ਕਿਸਾਨੀ ਅੰਦੋਲਨ ਦੇ ਖ਼ਾਸ ਚਿਹਰੇ ਮਰਹੂਮ ਦੀਪ ਸਿੱਧੂ ਬਾਰੇ ਉਹ ਗੱਲਾਂ, ਜੋ ਤੁਸੀਂ ਨਹੀਂ ਜਾਣਦੇ ਹੋਵੋਗੇ

ਐਂਟਰਟੇਨਮੈਂਟ ਡੈਸਕ : ਅਦਾਕਾਰ-ਕਾਰਕੁੰਨ ਦੀਪ ਸਿੱਧੂ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾਂ ਨੂੰ ਅੱਜ 2 ਸਾਲ ਹੋ ਚੁੱਕੇ ਹਨ। ਦੀਪ ਸਿੱਧੂ ਦੀ ਬਰਸੀ ਮੌਕੇ ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ। ਕਿਸਾਨ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਪਿਛਲੇ ਸਾਲ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਦੀਪ ਸਿੱਧੂ ਆਪਣੀ ਮਹਿਲਾ ਦੋਸਤ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੁੰਡਲੀ ਮਾਨੇਸਰ (ਕੇ. ਐੱਮ. ਪੀ.) ਹਾਈਵੇ ’ਤੇ ਵਾਪਰੇ ਸੜਕ ਹਾਦਸੇ ’ਚ ਦੀਪ ਸਿੱਧੂ ਦੀ ਮੌਤ ਹੋ ਗਈ ਸੀ। ਦੀਪ ਸਿੱਧੂ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ। ਅੱਜ ਤੁਹਾਨੂੰ ਅਸੀਂ ਦੀਪ ਸਿੱਧੂ ਦੀ ਜ਼ਿੰਦਗੀ ਦੇ ਕੁਝ ਅਹਿਮ ਪਹਿਲੂਆਂ ਬਾਰੇ ਦੱਸਣ ਜਾ ਰਹੇ ਹਾਂ–

ਵਕਾਲਤ ਦੀ ਕੀਤੀ ਪੜ੍ਹਾਈ
ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸੁਰਜੀਤ ਸਿੰਘ ਹੈ, ਜੋ ਪੇਸ਼ੇ ਤੋਂ ਵਕੀਲ ਸਨ। ਦੀਪ ਸਿੱਧੂ ਖ਼ੁਦ ਵੀ ਵਕਾਲਤ ਦੀ ਪੜ੍ਹਾਈ ਕਰ ਚੁੱਕੇ ਸਨ। ਕੁਝ ਸਮੇਂ ਲਈ ਉਨ੍ਹਾਂ ਵਕਾਲਤ ਕੀਤੀ, ਫਿਰ ਕਿੰਗ ਫਿਸ਼ਰ ਮਾਡਲ ਹੰਟ ਐਵਾਰਡ ਜਿੱਤਣ ਤੋਂ ਬਾਅਦ ਉਨ੍ਹਾਂ ਮਾਡਲਿੰਗ ਤੇ ਫ਼ਿਲਮਾਂ ’ਚ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ।

PunjabKesari

‘ਰਮਤਾ ਜੋਗੀ’ ਨਾਲ ਸ਼ੁਰੂ ਕੀਤਾ ਫ਼ਿਲਮੀ ਸਫਰ
ਸਾਲ 2015 ’ਚ ਉਨ੍ਹਾਂ ਦੀ ਪਹਿਲੀ ਫ਼ਿਲਮ ‘ਰਮਤਾ ਜੋਗੀ’ ਆਈ। ਇਹ ਫ਼ਿਲਮ ਧਰਮਿੰਦਰ ਦੇ ਪ੍ਰੋਡਕਸ਼ਨ ਹਾਊਸ ਦੀ ਸੀ। ਇਸੇ ਫ਼ਿਲਮ ਦੇ ਚਲਦਿਆਂ ਦੀਪ ਸਿੱਧੂ ਧਰਮਿੰਦਰ ਦੇ ਪਰਿਵਾਰ ਦੇ ਨਜ਼ਦੀਕ ਆਏ। ਦੂਜੀ ਫ਼ਿਲਮ ਆਈ ‘ਜੋਰਾ 10 ਨੰਬਰੀਆ’, ਜੋ 2017 ’ਚ ਰਿਲੀਜ਼ ਹੋਈ। ਫ਼ਿਲਮ ’ਚ ਉਨ੍ਹਾਂ ਨੇ ਇਕ ਗੈਂਗਸਟਰ ਦਾ ਕਿਰਦਾਰ ਨਿਭਾਇਆ। ਇਹ ਫ਼ਿਲਮ ਕਾਫੀ ਸਫਲ ਸਿੱਧ ਹੋਈ। ਜਿਸ ਕਾਰਨ ਫ਼ਿਲਮ ਦਾ ਸੀਕੁਅਲ ਵੀ ਬਣਾਇਆ ਗਿਆ ਪਰ ਤਾਲਾਬੰਦੀ ਦੇ ਚਲਦਿਆਂ ਸੀਕੁਅਲ ਕੁਝ ਖ਼ਾਸ ਨਹੀਂ ਕਰ ਸਕਿਆ।

PunjabKesari

ਕਿਸਾਨ ਅੰਦੋਲਨ ਤੋਂ ਪਹਿਲਾਂ ਦੀਪ ਸਿੱਧੂ ਦੀ ਪਛਾਣ ਇਕ ਮਾਡਲ, ਅਦਾਕਾਰ, ਵਕੀਲ ਤੇ ਕਾਨੂੰਨੀ ਸਲਾਹਕਾਰ ਵਜੋਂ ਸੀ। ਹੁਣ ਤਕ ਦੀਪ ਸਿੱਧੂ ਨੇ 6 ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ’ਚ ‘ਰਮਤਾ ਜੋਗੀ’, ‘ਜੋਰਾ 10 ਨੰਬਰੀਆ’, ‘ਰੰਗ ਪੰਜਾਬ’, ‘ਸਾਡੇ ਆਲਾ’, ‘ਦੇਸੀ’ ਤੇ ‘ਜੋਰਾ ਦਿ ਸੈਕਿੰਡ ਚੈਪਟਰ’ ਸ਼ਾਮਲ ਹਨ।

PunjabKesari

ਏਕਤਾ ਕਪੂਰ ਲਈ ਲੀਗਲ ਹੈੱਡ ਵਜੋਂ ਕੀਤਾ ਕੰਮ
ਇਸ ਤੋਂ ਇਲਾਵਾ 3 ਸਾਲਾਂ ਤਕ ਉਨ੍ਹਾਂ ਨੇ ਏਕਤਾ ਕਪੂਰ ਦੇ ਬਾਲਾਜੀ ਟੈਲੀਫ਼ਿਲਮਜ਼ ’ਚ ਲੀਗਲ ਹੈੱਡ ਦੇ ਤੌਰ ’ਤੇ ਕੰਮ ਕੀਤਾ। ਇਸ ਦੌਰਾਨ ਦੀਪ ਸਿੱਧੂ ਨੂੰ ਏਕਤਾ ਵਲੋਂ ਸੀਰੀਅਲ ’ਚ ਕੰਮ ਕਰਨ ਦਾ ਆਫਰ ਵੀ ਮਿਲਿਆ ਪਰ ਦੀਪ ਸਿੱਧੂ ਨੇ ਠੁਕਰਾ ਦਿੱਤਾ। ਦੀਪ ਸਿੱਧੂ ਨੇ ਆਪਣੀ ਲੀਗਲ ਫਰਮ ਲੈਕਸ ਲੀਗਲ ਵੀ ਬਣਾਈ। 2019 ’ਚ ਦੀਪ ਸਿੱਧੂ ਸੰਨੀ ਦਿਓਲ ਦੀ ਚੋਣ ਮੁਹਿੰਮ ਕਾਰਨ ਮੁੜ ਸੁਰਖ਼ੀਆਂ ’ਚ ਆਏ।

PunjabKesari

ਧਰਮਿੰਦਰ ਨੂੰ ਗੌਡਫਾਦਰ ਮੰਨਦੇ ਸਨ ਦੀਪ ਸਿੱਧੂ
ਦੀਪ ਸਿੱਧੂ ਨੂੰ ਬਾਲੀਵੁੱਡ ਅਦਾਕਾਰ ਤੇ ਭਾਜਪਾ ਦੇ ਗੁਰਦਾਸਪੁਰ ਤੋਂ ਐੱਮ. ਪੀ. ਸੰਨੀ ਦਿਓਲ ਦੇ ਕਾਫੀ ਕਰੀਬੀ ਮੰਨਿਆ ਜਾਂਦਾ ਸੀ। ਚਰਚਾ ਸੀ ਕਿ ਦੀਪ ਸਿੱਧੂ ਰਾਜਨੀਤੀ ’ਚ ਆਉਣ ਦੇ ਸੁਪਨੇ ਦੇਖ ਰਹੇ ਸਨ, ਜਦੋਂ ਸੰਨੀ ਦਿਓਲ ਨੂੰ ਭਾਜਪਾ ਨੇ ਗੁਰਦਾਸਪੁਰ ਤੋਂ ਟਿਕਟ ਦੇ ਦਿੱਤੀ। ਸੰਨੀ ਦਿਓਲ ਦੀ ਸਾਰੀ ਚੋਣ ਮੁਹਿੰਮ ਦੀਪ ਸਿੱਧੂ ’ਤੇ ਟਿਕੀ ਹੋਈ ਸੀ। ਦੀਪ ਸਿੱਧੂ ਦੀ ਪਹਿਲੀ ਫ਼ਿਲਮ ‘ਰਮਤਾ ਜੋਗੀ’ ਧਰਮਿੰਦਰ ਦੇ ਪ੍ਰੋਡਕਸ਼ਨ ਹਾਊਸ ਦੀ ਹੀ ਸੀ, ਜਿਸ ਕਾਰਨ ਦੀਪ ਸਿੱਧੂ ਧਰਮਿੰਦਰ ਨੂੰ ਆਪਣਾ ਗੌਡਫਾਦਰ ਮੰਨਦੇ ਸਨ। ਸੰਨੀ ਦਿਓਲ ਦੀ ਚੋਣ ਮੁਹਿੰਮ ਨਾਲ ਜੁੜੇ ਹੋਣ ਕਾਰਨ ਦੀਪ ਸਿੱਧੂ ਦੀਆਂ ਤਸਵੀਰਾਂ ਭਾਜਪਾ ਨੇਤਾਵਾਂ ਨਾਲ ਵੀ ਸਾਹਮਣੇ ਆਈਆਂ, ਜਦਕਿ ਸੰਨੀ ਦਿਓਲ ਖ਼ੁਦ ਕਹਿ ਚੁੱਕੇ ਹਨ ਕਿ ਦੀਪ ਸਿੱਧੂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ।

PunjabKesari

ਕਿਸਾਨ ਆਗੂਆਂ ਦੇ ਫ਼ੈਸਲਿਆਂ ’ਤੇ ਚੁੱਕਦੇ ਰਹੇ ਸਵਾਲ
ਦੀਪ ਸਿੱਧੂ ਨੂੰ ਕਿਸਾਨ ਅੰਦੋਲਨ ਦੌਰਾਨ ਕਿਸਾਨ ਆਗੂਆਂ ਨੇ ਦਿੱਲੀ ਬਾਰਡਰ ’ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਸੀ। ਦੀਪ ਸਿੱਧੂ ਸੋਸ਼ਲ ਮੀਡੀਆ ਰਾਹੀਂ ਕਿਸਾਨ ਆਗੂਆਂ ’ਤੇ ਸਵਾਲ ਚੁੱਕਦੇ ਰਹਿੰਦੇ ਸਨ।

PunjabKesari

ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦਾ ਦੋਸ਼
ਦੀਪ ਸਿੱਧੂ ’ਤੇ 26 ਜਨਵਰੀ 2021 ਨੂੰ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦਾ ਦੋਸ਼ ਲੱਗਾ। ਹਾਲਾਂਕਿ ਇਸ ਤੋਂ ਬਾਅਦ ਦੀਪ ਸਿੱਧੂ ਨੇ ਬਿਆਨ ਦਿੱਤਾ ਕਿ ਉਨ੍ਹਾਂ ਨੇ ਆਪਣੇ ਲੋਕਤਾਂਤਰਿਕ ਅਧਿਕਾਰ ਤਹਿਤ ਨਿਸ਼ਾਨ ਸਾਹਿਬ ਦਾ ਝੰਡਾ ਲਾਲ ਕਿਲ੍ਹੇ ’ਤੇ ਲਹਿਰਾਇਆ ਪਰ ਭਾਰਤ ਦੇ ਝੰਡੇ ਨੂੰ ਨਹੀਂ ਹਟਾਇਆ ਗਿਆ।

PunjabKesari

26 ਜਨਵਰੀ ਦੀ ਘਟਨਾ ਤੋਂ ਬਾਅਦ ਕੱਟੀ ਜੇਲ੍ਹ
ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਤੋਂ ਬਾਅਦ ਦੀਪ ਸਿੱਧੂ ਵਿਵਾਦਾਂ ’ਚ ਆ ਗਏ। ਕਿਸਾਨ ਆਗੂ ਵੀ ਦੀਪ ਸਿੱਧੂ ਖ਼ਿਲਾਫ਼ ਹੋ ਗਏ। ਆਲਮ ਇਹ ਰਿਹਾ ਕਿ ਦੀਪ ਸਿੱਧੂ ਪਿੱਛੇ ਪੁਲਸ ਲੱਗ ਗਈ ਤੇ ਉਸ ਦੀ ਗ੍ਰਿਫ਼ਤਾਰੀ ਵੀ ਹੋਈ। ਹਾਲਾਂਕਿ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਉਹ ਮੁੜ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਚੁੱਕਣ ਲੱਗ ਗਏ।

PunjabKesari

29 ਸਤੰਬਰ 2021 ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਕੀਤੀ ਸ਼ੁਰੂਆਤ
ਦੀਪ ਸਿੱਧੂ ਨੇ ‘ਵਾਰਿਸ ਪੰਜਾਬ ਦੇ’ ਨਾਂ ਦੀ ਜਥੇਬੰਦੀ ਦੀ ਸ਼ੁਰੂਆਤ ਵੀ ਕੀਤੀ। ਦੀਪ ਸਿੱਧੂ ਨੇ ਕਿਹਾ ਸੀ ਕਿ ਇਹ ਜਥੇਬੰਦੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜੇਗੀ ਤੇ ਪੰਜਾਬ ਦੇ ਅਸਲ ਸੱਭਿਆਚਾਰ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗੀ।

PunjabKesari


author

sunita

Content Editor

Related News