ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਫਿਲਮ ‘ਹੇ ਸੀਰੀ ਵੇ ਸੀਰੀ’
Friday, Nov 22, 2024 - 10:01 AM (IST)
ਜਲੰਧਰ- ਪੰਜਾਬੀ ਫਿਲਮ ‘ਹੇ ਸੀਰੀ ਵੇ ਸੀਰੀ’ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ’ਚ ਆਰਿਆ ਬੱਬਰ, ਸ਼ਵੇਤਾ ਇੰਦਰਾ ਕੁਮਾਰ, ਹਰਦੀਪ ਗਿੱਲ ਤੇ ਅਨੀਤਾ ਦੇਵਗਨ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫਿਲਮ ਨੂੰ ਅਵਤਾਰ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਜ਼ੀ ਸਟੂਡੀਓਜ਼ ਤੇ ਏ ਵੇਵਬੈਂਡ ਪ੍ਰੋਡਕਸ਼ਨ ਵਲੋਂ ਬਣਾਇਆ ਗਿਆ ਹੈ। ਫਿਲਮ ਦੀ ਪ੍ਰਮੋਸ਼ਨ ਦੌਰਾਨ ਸਟਾਰ ਕਾਸਟ ਨੇ ਖ਼ਾਸ ਗੱਲਬਾਤ ਕੀਤੀ, ਜੋ ਹੇਠ ਲਿਖੇ ਅਨੁਸਾਰ ਹੈ–
ਫਿਲਮ ਦਾ ਤਜਰਬਾ ਕਿਵੇਂ ਦਾ ਰਿਹਾ?
ਅਨੀਤਾ ਦੇਵਗਨ– ਫਿਲਮ ਸ਼ੂਟ ਕਰਦਿਆਂ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਫਿਲਮ ਕਿਹੋ-ਜਿਹੀ ਬਣਨ ਵਾਲੀ ਹੈ ਪਰ ਜਦੋਂ ਇਸ ਫਿਲਮ ਦੀ ਅਸੀਂ ਡਬਿੰਗ ਕੀਤੀ, ਉਦੋਂ ਅਸੀਂ ਹੈਰਾਨ ਰਹਿ ਗਏ ਕਿ ਫਿਲਮ ਇੰਨੀ ਜ਼ਿਆਦਾ ਵਧੀਆ ਬਣ ਗਈ ਹੈ। ਫਿਰ ਟੀਮ ਨੇ ਇਹ ਫ਼ੈਸਲਾ ਲਿਆ ਕਿ ਇਸ ਨੂੰ ਹਿੰਦੀ ’ਚ ਵੀ ਰਿਲੀਜ਼ ਕੀਤਾ ਜਾਵੇਗਾ। ਹੁਣ ਇਹ ਫਿਲਮ ਪੰਜਾਬੀ ਦੇ ਨਾਲ-ਨਾਲ ਹਿੰਦੀ ’ਚ ਵੀ ਇਕੋ ਦਿਨ ਰਿਲੀਜ਼ ਹੋਈ ਹੈ।
ਸਟਾਰ ਕਿੱਡ ਹੋਣ ਦੇ ਚੱਲਦਿਆਂ ਕਿੰਨੀ ਕੁ ਜ਼ਿੰਮੇਵਾਰੀ ਰਹਿੰਦੀ ਹੈ?
ਆਰਿਆ ਬੱਬਰ– ਮੇਰੇ ਸਿਰ ’ਤੇ ਮੇਰੇ ਕੰਮ ਦੀ ਜ਼ਿੰਮੇਵਾਰੀ ਹੈ। ਮੈਂ ਇਹੀ ਸੋਚ ਕੇ ਕੰਮ ਕਰਦਾ ਹਾਂ ਕਿ ਮੈਂ ਕੁਝ ਅਜਿਹਾ ਨਾ ਕਰ ਦੇਵਾਂ, ਜਿਹੜਾ ਮੈਂ ਆਪਣੇ ਮਾਪਿਆਂ ਨੂੰ ਨਾ ਦਿਖਾ ਸਕਾਂ। ਜੇ ਮੈਂ ਉਨ੍ਹਾਂ ਨੂੰ ਦਿਖਾ ਸਕਦਾ ਹਾਂ ਤਾਂ ਇਸ ਦਾ ਮਤਲਬ ਹੈ ਕਿ ਮੈਂ ਠੀਕ ਕੰਮ ਕਰ ਰਿਹਾ ਹਾਂ। ਮੈਨੂੰ ਪਿਤਾ ਨੇ ਕਦੇ ਵੀ ਕਿਸੇ ਕੰਮ ਨੂੰ ਕਰਨ ਤੋਂ ਮਨ੍ਹਾ ਨਹੀਂ ਕੀਤਾ। ਇਮਾਨਦਾਰੀ ਨਾਲ ਕੰਮ ਕਰਨਾ ਹੀ ਮੇਰਾ ਮਸਕਦ ਹੈ, ਜੋ ਮੈਂ ਕਰ ਰਿਹਾ ਹਾਂ।
ਤੁਹਾਨੂੰ ਫਿਲਮ ਡਾਇਰੈਕਟ ਕਰਦਿਆਂ ਕਿੰਨਾ ਮਜ਼ਾ ਆਇਆ?
ਅਵਤਾਰ ਸਿੰਘ– ਅਸੀਂ ਇਸ ਫਿਲਮ ਦੀ ਸ਼ੂਟਿੰਗ ਗੀਤਾਂ ਨੂੰ ਮਿਲਾ ਕੇ ਸਿਰਫ਼ 17 ਦਿਨਾਂ ’ਚ ਖ਼ਤਮ ਕੀਤੀ। ਡਾਇਰੈਕਟਰ ਕੋਲ ਕੋਈ ਰਾਕੇਟ ਸਾਇੰਸ ਜਾਂ ਜਾਦੂ ਦੀ ਛੜੀ ਨਹੀਂ ਹੁੰਦੀ। ਡਾਇਰੈਕਟਰ ਕੋਲ ਜਾਦੂ ਦੀਆਂ ਛੜੀਆਂ ਵਰਗੇ ਕਲਾਕਾਰ ਹੁੰਦੇ ਹਨ। ਜਿੰਨੇ ਵਜੇ ਅਸੀਂ ਸ਼ੂਟ ਪਲਾਨ ਕੀਤਾ ਹੁੰਦਾ ਸੀ, ਅਸੀਂ ਉਨੇ ਵਜੇ ਹੀ ਸ਼ੁਰੂ ਕਰਦੇ ਸੀ। ਕਈ ਕਲਾਕਾਰ ਡਾਇਲਾਗ ਤੇ ਸੀਨ ਯਾਦ ਕਰਨ ’ਚ ਹੀ ਸਮਾਂ ਬਰਬਾਦ ਕਰ ਦਿੰਦੇ ਹਨ ਪਰ ਇਹ ਬਹੁਤ ਪਰਫੈਕਟ ਕਾਸਟ ਸੀ ਇਸ ਫਿਲਮ ਲਈ। ਇਨ੍ਹਾਂ ਨਾਲ ਕੰਮ ਕਰ ਕੇ ਬੇਹੱਦ ਮਜ਼ਾ ਆਇਆ।
ਪੰਜਾਬੀ ਸਿਨੇਮਾ ਨੂੰ ਲੈ ਕੇ ਤੁਹਾਡੀ ਕੀ ਸੋਚ ਹੈ?
ਹਰਦੀਪ ਗਿੱਲ– ਪੰਜਾਬੀ ਸਿਨੇਮਾ ਦੀ ਉਮਰ ਅਜੇ ਬਹੁਤ ਜ਼ਿਆਦਾ ਨਹੀਂ ਹੋਈ ਹੈ। ਸਾਡੇ ਸਿਨੇਮੇ ’ਚ ਹੁਣ ਚੰਗੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਵੇਂ-ਨਵੇਂ ਵਿਸ਼ਿਆਂ ’ਤੇ ਫਿਲਮਾਂ ਬਣ ਰਹੀਆਂ ਹਨ। ਪੰਜਾਬੀ ਜਿਹੜੇ ਕੰਮ ਨੂੰ ਹੱਥ ਪਾਉਣ, ਉਥੇ ਬੱਲੇ-ਬੱਲੇ ਕਰਵਾ ਕੇ ਹੱਟਦੇ ਹਨ। ਇਥੇ ਵੀ ਅਸੀਂ ਵਧੀਆ ਸਿਨੇਮਾ ਬਣਾਉਣ ’ਚ ਕਾਮਯਾਬ ਹੋਵਾਂਗੇ। ਪੰਜਾਬੀ ਸਿਨੇਮਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ।
ਪੰਜਾਬੀ ਫਿਲਮ ਕਰਨ ’ਚ ਇੰਨਾ ਸਮਾਂ ਕਿਉਂ ਲੱਗਾ ਦਿੱਤਾ?
ਸ਼ਵੇਤਾ ਇੰਦਰਾ ਕੁਮਾਰ– ਮੈਨੂੰ ਲੱਗਦਾ ਹੈ ਕਿ ਇਹ ਸਭ ਕੁਝ ਕਿਸਮਤ ’ਤੇ ਨਿਰਭਰ ਕਰਦਾ ਹੈ। ਸ਼ਾਇਦ ਇਹੀ ਮੇਰੇ ਲਈ ਪੰਜਾਬੀ ਫਿਲਮ ਇੰਡਸਟਰੀ ’ਚ ਆਉਣ ਦਾ ਸਹੀ ਸਮਾਂ ਸੀ। ਮੈਨੂੰ ਇਕ ਚੰਗੀ ਟੀਮ ਮਿਲੀ। ਮੈਂ ਖ਼ੁਸ਼ਕਿਸਮਤ ਹਾਂ ਕਿ ਮੈਂ ਇਸ ਫ਼ਿਲਮ ਦਾ ਹਿੱਸਾ ਬਣੀ। ਮੈਂ ਪਿਛਲੇ 4-5 ਸਾਲਾਂ ਤੋਂ ਪੰਜਾਬੀ ਸੰਗੀਤ ਬਹੁਤ ਸੁਣਿਆ ਹੈ ਤੇ ਪੰਜਾਬੀ ਫਿਲਮਾਂ ਦੇਖਣਾ ਵੀ ਮੈਨੂੰ ਪਸੰਦ ਹੈ।
ਫਿਲਮ ਦੀ ਪ੍ਰਮੋਸ਼ਨ ਦੌਰਾਨ ਕੀ ਹੁੰਗਾਰਾ ਮਿਲ ਰਿਹਾ ਹੈ?
ਆਰਿਆ ਬੱਬਰ– ਮੈਨੂੰ ਪ੍ਰਮੋਸ਼ਨ ’ਚ ਬਹੁਤ ਮਜ਼ਾ ਆ ਰਿਹਾ ਹੈ। ਜਦੋਂ ਕੋਈ ਫ਼ਿਲਮ ਵਧੀਆ ਹੁੰਦੀ ਹੈ, ਫਿਰ ਉਸ ਨੂੰ ਤੁਸੀਂ ਪ੍ਰਮੋਟ ਭਾਵੇਂ ਘੱਟ ਕਰੋ ਜਾਂ ਜ਼ਿਆਦਾ, ਦਰਸ਼ਕਾਂ ਨੂੰ ਉਸ ਫਿਲਮ ਦੀ ਰੂਹ ਦਾ ਪਤਾ ਲੱਗ ਜਾਂਦਾ ਹੈ। ‘ਹੇ ਸੀਰੀ ਵੇ ਸੀਰੀ’ ਨਾਲ ਵੀ ਇਹੀ ਹੋ ਰਿਹਾ ਹੈ ਤੇ ਦਰਸ਼ਕਾਂ ਨੂੰ ਇਕ ਅਹਿਸਾਸ ਮਿਲ ਗਿਆ ਹੈ ਕਿ ਇਸ ਫਿਲਮ ’ਚ ਕੁਝ ਵੱਖਰਾ ਦੇਖਣ ਨੂੰ ਮਿਲਣ ਵਾਲਾ ਹੈ।