B''Day Spl : ਵਿਦੇਸ਼ ਰਹਿੰਦੇ ਪਰਮੀਸ਼ ਵਰਮਾ ਨੂੰ ਆਪਣੇ ਇਸ ਸ਼ੌਕ ਕਾਰਨ ਮੁੜਨਾ ਪਿਆ ਸੀ ਪੰਜਾਬ

07/03/2020 1:24:52 PM

ਜਲੰਧਰ (ਬਿਊਰੋ) — ਪ੍ਰਸਿੱਧ ਮਾਡਲ, ਗਾਇਕ, ਅਦਾਕਾਰ ਤੇ ਵੀਡੀਓ ਨਿਰਦੇਸ਼ਕ ਦੇ ਤੌਰ 'ਤੇ ਜਾਣੇ ਜਾਂਦੇ ਪਰਮੀਸ਼ ਵਰਮਾ ਦਾ ਅੱਜ ਜਨਮਦਿਨ ਹੈ। ਪਰਮੀਸ਼ ਵਰਮਾ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਧਾਈ ਦਿੱਤੀ ਜਾ ਰਹੀ ਹੈ। ਪਰਮੀਸ਼ ਵਰਮਾ ਅੱਜ ਜਿਸ ਮੁਕਾਮ 'ਤੇ ਹਨ, ਉਸ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ।

ਪਰਮੀਸ਼ ਵਰਮਾ ਦਾ ਜਨਮ 3 ਜੁਲਾਈ 1990 ਨੂੰ ਪਿਤਾ ਡਾ. ਸਤੀਸ਼ ਕੁਮਾਰ ਵਰਮਾ ਅਤੇ ਮਾਤਾ ਪ੍ਰੋ. ਪਰਮਜੀਤ ਵਰਮਾ ਦੇ ਘਰ ਪਟਿਆਲਾ ਵਿਖੇ ਹੋਇਆ। ਡਾ. ਸਤੀਸ਼ ਕੁਮਾਰ ਵਰਮਾ ਨੇ ਪੰਜਾਬੀ ਸਾਹਿਤ ਅਤੇ ਰੰਗਮੰਚ ਦੇ ਖ਼ੇਤਰ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ।

ਪਰਮੀਸ਼ ਵਰਮਾ ਨੇ ਸਕੂਲ ਪੜ੍ਹਦਿਆਂ ਹੀ ਥੀਏਟਰ ਨਾਲ ਸਾਂਝ ਪਾ ਲਈ ਸੀ। ਉਹ ਸਕੂਲ 'ਚ ਹੁੰਦੇ ਫੈਸਟੀਵਲਾਂ ਅਤੇ ਪ੍ਰੋਗਰਾਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦਾ। ਫ਼ਿਰ ਉਹ ਹੋਟਲ ਮੈਨੇਜ਼ਮੈਂਟ ਦੀ ਪੜ੍ਹਾਈ ਦੇ ਚੱਲਦਿਆਂ ਆਸਟ੍ਰੇਲੀਆ ਜਾ ਵਸਿਆ। ਵਿਦੇਸ਼ 'ਚ ਰਹਿੰਦਿਆਂ ਉਨ੍ਹਾਂ ਨੇ ਖ਼ੂਬ ਮਿਹਨਤ ਕੀਤੀ ਪਰ ਅਦਾਕਾਰੀ ਦਾ ਸ਼ੌਂਕ ਉਨ੍ਹਾਂ ਨੂੰ ਮੁੜ ਪੰਜਾਬ ਲੈ ਆਇਆ।

ਪਰਮੀਸ਼ ਵਰਮਾ ਨੇ ਬਤੌਰ ਵੀਡੀਓ ਡਾਇਰੈਕਟਰ ਸਾਲ 2014 'ਚ ਸਭ ਤੋਂ ਪਹਿਲਾਂ ਗੀਤ 'ਜ਼ਿੰਮੇਵਾਰੀ ਭੁੱਖ ਤੇ ਦੂਰੀ' ਤਿਆਰ ਕੀਤਾ। ਇਸ ਤੋਂ ਗੀਤ ਤੋਂ ਬਾਅਦ ਪਰਮੀਸ਼ ਵਰਮਾ ਨੇ ਇੱਕ ਤੋਂ ਬਾਅਦ ਇੱਕ ਗੀਤਾਂ ਦਾ ਨਿਰਦੇਸ਼ਨ ਕੀਤਾ, ਕਈ ਗੀਤਾਂ 'ਚ ਉਨ੍ਹਾਂ ਨੇ ਬਤੌਰ ਮਾਡਲ ਕੰਮ ਵੀ ਕੀਤਾ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ 2011 'ਚ ਆਈ ਫ਼ਿਲਮ 'ਪੰਜਾਬ ਬੋਲਦਾ' 'ਚ ਵੀ ਅਹਿਮ ਕਿਰਦਾਰ ਨਿਭਾਇਆ ਸੀ।

ਇਸ ਤੋਂ ਬਾਅਦ 2017 'ਚ 'ਰੌਕੀ ਮੈਂਟਲ' ਨਾਲ ਪਰਮੀਸ਼ ਨੇ ਬਤੌਰ ਹੀਰੋ ਫਿਲਮੀ ਪਰਦੇ 'ਤੇ ਧਮਾਕੇਦਾਰ ਐਂਟਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ 'ਦਿਲ ਦੀਆਂ ਗੱਲਾਂ' ਅਤੇ 'ਸਿੰਘਮ' (2019) 'ਚ ਵੀ ਬਤੌਰ ਹੀਰੋ ਸ਼ਾਨਦਾਰ ਕਿਰਦਾਰ ਨਿਭਾਇਆ। ਇਸ ਸਮੇਂ ਪਰਮੀਸ਼ ਵਰਮਾ ਆਪਣੇ ਅਗਲੇ ਪ੍ਰੋਜੈਕਟਾਂ 'ਚ ਰੁੱਝਿਆ ਹੋਇਆ ਹੈ।


sunita

Content Editor

Related News