‘ਪੰਚਾਇਤ’ ਸੀਜ਼ਨ 4 ’ਚ ਚੁਣਾਵੀ ਜੰਗ ਦਰਮਿਆਨ ਵਧੇਗਾ ਟਕਰਾਅ : ਅਕਸ਼ਤ ਵਿਜੇ ਵਰਗੀਆ
Saturday, Jun 21, 2025 - 01:36 PM (IST)

ਮੁੰਬਈ- ਕਿਸੇ ਮਸ਼ਹੂਰ ਤੇ ਸਭ ਦੀ ਪਸੰਦੀਦਾ ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ ‘ਪੰਚਾਇਤ’ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਆਪਣੇ 3 ਸੁਪਰਹਿੱਟ ਸੀਜ਼ਨ ਤੋਂ ਬਾਅਦ ਸੀਰੀਜ਼ ਦੇ ਮੇਕਰਜ਼ ‘ਪੰਚਾਇਤ’ ਦਾ ਸੀਜ਼ਨ-4 ਲੈ ਕੇ ਆ ਰਹੇ ਹਨ, ਜੋ 24 ਜੂਨ ਨੂੰ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਹੋਣ ਵਾਲਾ ਹੈ। ਸੀਰੀਜ਼ ਵਿਚ ਇਕ ਵਾਰ ਫਿਰ ਜਤਿੰਦਰ ਕੁਮਾਰ, ਨੀਨਾ ਗੁਪਤਾ, ਰਘੁਬੀਰ ਯਾਦਵ, ਫ਼ੈਜ਼ਲ ਮਲਿਕ, ਚੰਦਨ ਰਾਏ, ਸਾਨਵਿਕਾ, ਦੁਰਗੇਸ਼ ਕੁਮਾਰ, ਸੁਨੀਤਾ ਰਾਜਵਾਰ ਤੇ ਪੰਕਜ ਝਾਅ ਵਰਗੇ ਸ਼ਾਨਦਾਰ ਕਲਾਕਾਰ ਨਜ਼ਰ ਆਉਣ ਵਾਲੇ ਹਨ। ਇਸ ਸੀਜ਼ਨ ਨੂੰ ਦੀਪਕ ਕੁਮਾਰ ਮਿਸ਼ਰਾ ਤੇ ਚੰਦਨ ਕੁਮਾਰ ਨੇ ਮਿਲ ਕੇ ਬਣਾਇਆ ਹੈ, ਸਕ੍ਰਿਪਟ ਚੰਦਨ ਕੁਮਾਰ ਨੇ ਲਿਖੀ ਹੈ ਤੇ ਦੀਪਕ ਕੁਮਾਰ ਮਿਸ਼ਰਾ ਤੇ ਅਕਸ਼ਤ ਵਿਜੇ ਵਰਗੀਆ ਨੇ ਇਸ ਨੂੰ ਡਾਇਰੈਕਟ ਵੀ ਕੀਤਾ ਹੈ। ਸੀਰੀਜ਼ ਬਾਰੇ ਸਟਾਰ ਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼...
ਅੱਜ ਦੇ ਜ਼ਮਾਨੇ ’ਚ ਜ਼ਿਆਦਾ ਚੀਜਾਂ ਉਪਲਬਧ : ਜਤਿੰਦਰ ਕੁਮਾਰ
ਪ੍ਰ. ਫਿਲਮ ਮੇਕਿੰਗ ਦੇ ਪੁਰਾਣੇ ਦੌਰ ਤੇ ਹੁਣ ਓ.ਟੀ.ਟੀ. , ਡਿਜ਼ੀਟਲ ਪਲੇਟਫਾਰਮ ਦੇ ਜ਼ਮਾਨੇ ’ਚ ਫਿਲਮ ਬਣਾਉਣ ਦੇ ਤਰੀਕਿਆਂ ’ਚ ਕੀ ਫ਼ਰਕ ਮਹਿਸੂਸ ਕਰਦੇ ਹੋ?
ਅਸੀਂ ਤਾਂ ਹਾਲੇ ਸ਼ੁਰੂਆਤ ਕੀਤੀ ਹੈ ਅਤੇ ਬਹੁਤ ਨਵੇਂ ਦੌਰ ਦੇ ਜੋ ਓ.ਟੀ.ਟੀ. ਪਲੇਟਫਾਰਮ ਹਨ, ਉਨ੍ਹਾਂ ’ਤੇ ਅਸੀਂ ਚੀਜ਼ਾਂ ਬਣਾ ਰਹੇ ਹਾਂ ਤਾਂ ਮੈਨੂੰ ਅਸਲ ਵਿਚ ਪਤਾ ਨਹੀਂ ਕਿ ਪਹਿਲਾਂ ਫਿਲਮਾਂ ਕਿਵੇਂ ਬਣਦੀਆਂ ਸਨ ਜਾਂ ਉਹ ਬਿਹਤਰ ਤਰੀਕਾ ਸੀ ਜਾਂ ਫਿਰ ਹਾਲੇ ਜੋ ਨਵੀਂ ਪੀੜ੍ਹੀ ਜਿਸ ਤਰੀਕੇ ਨਾਲ ਬਣਾ ਰਹੀ ਹੈ, ਉਹ ਅਤੇ ਜਿਸ ਤਰ੍ਹਾਂ ਉਹ ਆਪਣੀਆਂ ਫਿਲਮਾਂ ’ਚ ਤਕਨੀਕ ਦੀ ਵਰਤੋਂ ਕਰ ਰਹੇ ਹਨ, ਮੇਰੇ ਲਈ ਤਾਂ ਉਹ ਤੁਲਨਾ ਕਰਨਾ ਥੋੜ੍ਹਾ ਮੁਸ਼ਕਲ ਹੋਵੇਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੇ ਜ਼ਮਾਨੇ ’ਚ ਜ਼ਿਆਦਾ ਚੀਜ਼ਾਂ ਮੁਹੱਈਆ ਹਨ ਤੇ ਜੇ ਪਹਿਲਾਂ ਦੀ ਜੇ ਫਿਲਮ ਮੇਕਿੰਗ ਦੀ ਗੱਲ ਕਰੀਏ ਤਾਂ ਮੁਸ਼ਕਲ ਸੀ। ਜੇ ਉਸ ਤਰ੍ਹਾਂ ਦੇ ਮਾਹੌਲ ’ਚ ਮੈਂ ਹੁੰਦਾ ਤਾਂ ਬੜਾ ਮੁਸ਼ਕਲ ਹੁੰਦਾ। ਇਸ ਤਰ੍ਹਾਂ ਦਾ ਕੰਮ ਲੱਭਣਾ ਜਾਂ ਇਸ ਤਰ੍ਹਾਂ ਦੀ ਕਹਾਣੀ ਲੱਭਣਾ ਜਾਂ ਇਸ ਤਰ੍ਹਾਂ ਦੀ ਪੁਜੀਸ਼ਨ ’ਤੇ ਆਉਣਾ। ਅੱਜ ਤੁਹਾਡੇ ਕੋਲ ਜ਼ਿਆਦਾ ਪਲੇਟਫਾਰਮ ਹਨ, ਜਿੱਥੇ ਤੁਸੀਂ ਆਪਣੀ ਕਲਾ ਦਿਖਾ ਸਕਦੇ ਹੋ। ਆਪਣੀ ਕਹਾਣੀ ਦੱਸ ਸਕਦੇ ਹੋ ਤੇ ਲੋਕਾਂ ਤੱਕ ਪਹੁੰਚ ਸਕਦੇ ਹੋ।
ਪ੍ਰ. ਤੁਹਾਡੀ ਸ਼ੁਰੂਆਤ ਕਿਵੇਂ ਹੋਈ ਤੇ ਹੁਣ ਤੱਕ ਦੇ ਸਫ਼ਰ ਬਾਰੇ ਦੱਸੋ।
ਮੇਰੀ ਸ਼ੁਰੂਆਤ ਯੂਟਿਊਬ ਤੋਂ ਹੋਈ। ਅਸੀਂ ਲੋਕ ਬਹੁਤ ਸਾਰੇ ਸਕੈਚੇਸ ਬਣਾਉਂਦੇ ਸੀ, 10-12 ਮਿੰਟ ਦੇ ਫਨੀ ਤੇ ਰਿਲੇਟੇਬਲ ਵੀਡੀਓ। ਅਜਿਹਾ ਕਾਫ਼ੀ ਸਾਲ ਚੱਲਿਆ। ਅਜਿਹਾ ਨਹੀਂ ਹੈ ਕਿ ਉਸ ਤੋਂ ਤੁਰੰਤ ਬਾਅਦ ਫਿਲਮਾਂ ਤੇ ਓ.ਟੀ.ਟੀ. ’ਚ ਕੰਮ ਮਿਲਣ ਲੱਗਿਆ ਪਰ ਮੇਰੇ ਮਨ ’ਚ ਹਮੇਸ਼ਾ ਸੀ ਕਿ ਅਸਲੀ ਕਹਾਣੀਆਂ ਕਦੋਂ ਕਹਾਂਗਾ। 3-4 ਸਾਲ ਬਾਅਦ ਵੀ ਇਹੀ ਸਵਾਲ ਸੀ, ਯਾਰ ਕਦੋਂ ਲਾਂਗ ਫਾਰਮੈੱਟ ਚੀਜ਼ਾਂ ਮਿਲਣਗੀਆਂ। ਉਹ ਇੰਤਜ਼ਾਰ ਬਹੁਤ ਲੰਬਾ ਚੱਲਿਆ 6-7 ਸਾਲ ਦਾ। ਫਿਰ ਪਹਿਲੀ ਫਿਲਮ ਮਿਲੀ, ਜੋ ਥੀਏਟਰ ’ਚ ਰਿਲੀਜ਼ ਹੋਈ ਤੇ ਲੋਕਾਂ ਨੂੰ ਬਹੁਤ ਪਸੰਦ ਆਈ, ਖ਼ਾਸ ਕਰ ਕੇ ਮੇਰੇ ਸ਼ਹਿਰ, ਮੇਰੇ ਖ਼ਾਨਦਾਨ ’ਚ। ਇਹੀ ਇਕ ਸੰਘਰਸ਼ ਰਿਹਾ।
ਸੀਰੀਜ਼ ਚੋਣਾਂ ਦੇ ਆਲੇ-ਦੁਆਲੇ ਘੁੰਮਦੀ ਹੈ : ਅਕਸ਼ਤ ਵਿਜੇ ਵਰਗੀਆ
ਪ੍ਰ. ਇਸ ਵਾਰ ਸ਼ੋਅ ਵਿਚ ਕੀ ਨਵਾਂ ਦੇਖਣ ਨੂੰ ਮਿਲੇਗਾ?
ਇਸ ਵਾਰ ਦੀ ਸੀਰੀਜ਼ ਚੋਣਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਸੀਜ਼ਨ ’ਚ ਜੋ ਸੰਘਰਸ਼ ਹੈ, ਉਸ ਨੂੰ ਹੋਰ ਜ਼ਿਆਦਾ ਉਭਾਰ ਕੇ ਦਿਖਾਇਆ ਗਿਆ ਹੈ। ਪਿਛਲੇ ਸੀਜ਼ਨ ਵਿਚ ਜਿਸ ਚੁਣਾਵੀ ਮਾਹੌਲ ਦੀ ਨੀਂਹ ਰੱਖੀ ਗਈ ਸੀ, ਉਸ ਆਧਾਰ ਨੂੰ ਇਸ ਸੀਜ਼ਨ ਵਿਚ ਹੋਰ ਡੂੰਘਾਈ ਦਿੱਤੀ ਗਈ ਹੈ। ਇਸ ਵਾਰ ਚੋਣਾਂ ਸੱਚਮੁੱਚ ਵਿਚ ਸਾਹਮਣੇ ਹਨ ਤੇ ਉਸ ਦੇ ਆਲੇ-ਦੁਆਲੇ ਕਹਾਣੀ ਦਾ ਟਕਰਾਅ ਹੋਰ ਵੀ ਜ਼ਿਆਦਾ ਤੀਬਰ ਹੋ ਗਿਆ ਹੈ। ਇਸ ਵਾਰ ਕਹਾਣੀ ਨੂੰ ਰਚਦੇ ਸਮੇਂ ਉਸ ਸੰਘਰਸ਼ ਨੂੰ ਹੋਰ ਜ਼ਿਆਦਾ ਮਜ਼ਬੂਤ ਤੇ ਇਨਟੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਭੋਪਾਲ ਬਹੁਤ ਹੀ ਧੀਮੀ ਤੇ ਸਕੂਨ ਭਰੀ ਜ਼ਿੰਦਗੀ ਵਾਲਾ ਸ਼ਹਿਰ : ਚੰਦਰ ਰਾਏ
ਪ੍ਰ. ਸੀਰੀਜ਼ ਦੀ ਸ਼ੂਟਿੰਗ ਭੋਪਾਲ ਨੇੜੇ ਹੋਈ, ਉੱਥੋਂ ਦਾ ਮਾਹੌਲ ਸੀਰੀਜ਼ ’ਤੇ ਕਿੰਨਾ ਅਸਰ ਪਾਉਂਦਾ ਹੈ?
ਭੋਪਾਲ ਬਹੁਤ ਧੀਮੀ ਅਤੇ ਸਕੂਨ ਭਰੀ ਜ਼ਿੰਦਗੀ ਵਾਲਾ ਸ਼ਹਿਰ ਹੈ। ਮੈਂ ਅੱਜ ਵੀ ਜਦੋਂ 10 ਸਾਲ ਬਾਅਦ ਜਾਂਦਾ ਹਾਂ ਤਾਂ ਸਭ ਕੁਝ ਉਵੇਂ ਹੀ ਲੱਗਦਾ ਹੈ। ਲੋਕ ਇਕ ਹੀ ਵਿਸ਼ੇ ’ਤੇ ਪੂਰਾ ਦਿਨ ਗੱਲ ਕਰਦੇ ਹਨ, ਆਰਾਮ ਨਾਲ ਜਿਉਂਦੇ ਹਨ। ਪੋਹਾ-ਜਲੇਬੀ ਤਾਂ ਹਰ ਸਵੇਰ ਦਾ ਨਾਸ਼ਤਾ ਹੈ। ਥੋੜ੍ਹਾ ਅੱਗੇ ਹਾਂ, ਅਸੀਂ ਭੋਪਾਲ ਤੋਂ ਪਰ ਫਿਰ ਵੀ ਉੱਥੋਂ ਦਾ ਸਵਾਦ ਸਾਡੇ ਇੱਥੇ ਵੀ ਹੈ। ਪੋਹੇ ’ਚ ਜੀਰਾਵਨ ਜ਼ਰੂਰ ਹੋਣਾ ਚਾਹੀਦਾ ਹੈ ਤੇ ਭੋਪਾਲ ਦੀ ਜਲੇਬੀ ਉਹ ਤਾਂ ਅਸੀਂ ਅੱਜ ਵੀ ਸੈੱਟ ’ਤੇ ਮੰਗਵਾਉਂਦੇ ਹਾਂ।
ਹਾਲੇ ਮੈਂ ਉਂਝ ਹੀ ਹਾਂ : ਨੀਨਾ ਗੁਪਤਾ
ਪ੍ਰ. ਤੁਹਾਡੇ ਕਿਰਦਾਰ ’ਚ ਸੀਜ਼ਨ 1 ਤੋਂ ਹੁਣ ਨਵੇਂ ਸੀਜ਼ਨ ਤੱਕ ਕਈ ਬਦਲਾਅ ਹਨ । ਅਜਿਹੇ ਪਰਿਵਰਤਨ ਵਿਚ ਕੀ ਚੁਣੌਤੀ ਹੁੰਦੀ ਹੈ?
ਕਿਰਦਾਰ ਵਿਚ ਕੁਝ ਨਵਾਂ ਹੋ ਸਕਦਾ ਹੈ ਪਰ ਮੈਂ ਹਾਲੇ ਉਂਝ ਹੀ ਹਾਂ। ਮੈਂ ਬਦਲੀ ਨਹੀਂ ਹਾਂ। ਮੈਂ ਹਾਲਾਤ ਦੇ ਹਿਸਾਬ ਨਾਲ ਹਾਂ। ਪੰਚਾਇਤ ਵਿਚ ਚੀਕ ਰਹੀ ਹਾਂ ਤਾਂ ਵੀ ਅਤੇ ਘਰ ’ਚ ਸ਼ਾਂਤ ਹਾਂ ਤਾਂ ਵੀ। ਅਜਿਹਾ ਨਹੀਂ ਕਿ ਮੈਂ ਬਦਲ ਗਈ ਹਾਂ ਪਰ ਮੇਰੇ ਵਿਚ ਕੁਝ ਬਦਲਾਅ ਆਏ ਹਨ। ਅੱਜ ਵੀ ਮੇਰਾ ਹੀ ਜ਼ਿੰਮਾ ਹੈ ਕਿ ਪਤੀ ਨੂੰ ਖਾਣਾ ਦੇਣਾ ਜਾਂ ਰਿੰਕੀ ਦੀ ਚਿੰਤਾ ਕਰਨੀ ਹੈ ਜਾਂ ਗੁਆਂਢੀਆਂ ਨੂੰ ਕੁਝ ਕਹਿਣਾ ਹੈ।
ਪ੍ਰ. ਕੀ ਤੁਹਾਨੂੰ ਕਦੇ ਪੁਰਾਣੇ ਜ਼ਮਾਨੇ ਦੀਆਂ ਫਿਲਮਾਂ, ਕਲਾਕਾਰਾਂ ਅਤੇ ਉਸ ਦੌਰ ਦੇ ਰੋਮਾਂਸ ਦੀ ਘਾਟ ਮਹਿਸੂਸ ਹੁੰਦੀ ਹੈ ?
ਮੈਂ ਤਾਂ ਸਭ ਕੁਝ ਮਿਸ ਕਰਦੀ ਹਾਂ। ਮੈਨੂੰ ਉਸ ਦੌਰ ਦਾ ਰੋਮਾਂਸ ਬਹੁਤ ਯਾਦ ਆਉਂਦਾ ਹੈ। ਕਾਸ਼ ਮੈਂ ਉਸ ਜ਼ਮਾਨੇ ਵਿਚ ਪੈਦਾ ਹੋਈ ਹੁੰਦੀ। ਕਾਸ਼ ਮੈਂ ਵਹੀਦਾ ਜੀ ਜਾਂ ਮਧੂਬਾਲਾ ਜੀ ਵਾਂਗ ਕੁਝ ਕਰ ਸਕਦੀ। ਮੈਨੂੰ ਉਹ ਗਾਣੇ ਯਾਦ ਆਉਂਦੇ ਹਨ, ਉਨ੍ਹਾਂ ਦੇ ਬੋਲ, ਉਨ੍ਹਾਂ ਦਾ ਜਾਦੂ ਉਹ ਮੈਂ ਮਿਸ ਕਰਦੀ ਹਾਂ। ਉਸ ਸਮੇਂ ਦੇ ਹੈਂਡਸਮ ਹੀਰੋ ਦਲੀਪ ਕੁਮਾਰ, ਦੇਵਾਨੰਦ ਉਹ ਸਭ ਮੈਨੂੰ ਬਹੁਤ ਯਾਦ ਆਉਂਦੇ ਹਨ। ਸੱਚ ਕਹਾਂ ਤਾਂ ਮੈਨੂੰ ਉਸ ਦੌਰ ਦੀ ਹਰ ਚੀਜ਼ ਦੀ ਘਾਟ ਮਹਿਸੂਸ ਹੁੰਦੀ ਹੈ ਕਿਉਂਕਿ ਜੋ ਠਹਿਰਾਅ ਉਸ ਸਮੇਂ ਦੀਆਂ ਫਿਲਮਾਂ ਤੇ ਜ਼ਿੰਦਗੀ ਵਿਚ ਸੀ, ਉਹ ਹੁਣ ਨਹੀਂ ਹੈ।
ਅੱਜ ਦੀ ਦੁਨੀਆ ਬਹੁਤ ਤੇਜ਼ ਹੈ, ਹਰ ਕੋਈ ਬਸ ਭੱਜ ਰਿਹਾ ਹੈ। ਮੈਨੂੰ ਤਾਂ ਲੱਗਦਾ ਹੈ ਕਿ ਮੂਵ ਆਨ ਤਾਂ ਕਰਨਾ ਹੀ ਪੈਂਦਾ ਹੈ ਕਿਉਂਕਿ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਹੈ ਵੀ ਨਹੀਂ ਪਰ ਹਾਂ ਮੈਂ ਸੁਪਨਾ ਤਾਂ ਦੇਖ ਹੀ ਸਕਦੀ ਹਾਂ ਨਾ। ਉਸ ਦੌਰ ਦਾ ਸੁਪਨਾ, ਉਸ ਦੀ ਖ਼ੂਬਸੂਰਤੀ ਦਾ, ਉਸ ਦੀ ਮਾਸੂਮੀਅਤ ਦਾ।
ਪ੍ਰ. ਜਦੋਂ ਤੁਸੀਂ ਕਰੀਅਰ ਸ਼ੁਰੂ ਕੀਤਾ ਸੀ ਤਾਂ ਸਭ ਤੋਂ ਵੱਡਾ ਸੰਘਰਸ਼ ਕੀ ਸੀ? ਕੋਈ ਅਜਿਹੀ ਚੀਜ਼ ਜੋ ਤੁਹਾਨੂੰ ਵਾਰ-ਵਾਰ ਚੁਣੌਤੀ ਦੇ ਰਹੀ ਸੀ?
ਇਕ ਨਹੀਂ, ਪੂਰੀ ਜ਼ਿੰਦਗੀ ਹੀ ਸੰਘਰਸ਼ ਸੀ। ਨਾ ਰਹਿਣ ਦਾ ਟਿਕਾਣਾ, ਨਾ ਕੰਮ ਦਾ, ਨਾ ਖਾਣ ਦਾ। ਹਰ ਦੂਜੇ ਦਿਨ ਦਿੱਲੀ ਭੱਜਣਾ, ਉਥੋਂ ਮਸਾਲੇ, ਖਾਣਾ, ਬਦਾਮ ਸਭ ਲੈ ਕੇ ਆਉਣਾ। ਜਦੋਂ ਕੰਮ ਮਿਲਦਾ ਵੀ ਸੀ ਤਾਂ ਸੰਘਰਸ਼ ਤਾਂ ਕਾਫ਼ੀ ਰਿਹਾ।
ਮੈਂ ਵੀ ਕਈ ਕੰਮ ਮਨ੍ਹਾ ਕੀਤੇ, ਖ਼ੁਦ ਦੀ ਕਦਰ ਕਰਨਾ ਵੀ ਜ਼ਰੂਰੀ : ਸੁਨੀਤਾ ਰਾਜਵਾਰ
ਪ੍ਰ. ਪੁਰਾਣੇ ਜ਼ਮਾਨੇ ਦੀਆਂ ਕਿਹੜੀਆਂ ਚੀਜ਼ਾਂ ਨੂੰ ਯਾਦ ਕਰਦੇ ਹੋ?
ਜਿਵੇਂ ਕਿ ਨੀਨਾ ਜੀ ਨੇ ਕਿਹਾ ਕਿ ਪੁਰਾਣੀਆਂ ਜੋ ਫਿਲਮਾਂ ਸਨ, ਉਨ੍ਹਾਂ ਦਾ ਜੋ ਕੰਸੈਪਟ ਹੁੰਦਾ ਸੀ ਸਾਡੇ ਕੋਲ। ਇੰਨੀਆਂ ਚੰਗੀਆਂ ਫਿਲਮਾਂ ਹਨ, ਜਿਵੇਂ ਗੁਰੂਦੱਤ ਜੀ ਦੀਆਂ, ਰਾਜ ਕਪੂਰ ਜੀ ਦੀਆਂ। ਉਸ ਸਮੇਂ ਦੀਆਂ ਜੋ ਹੀਰੋਇਨਾਂ ਸਨ, ਉਨ੍ਹਾਂ ਦਾ ਜੋ ਰੋਮਾਂਸ ਅਤੇ ਅਦਾਇਗੀ ਸੀ, ਉਹ ਅੱਜ ਨਹੀਂ ਹੈ। ਇਸ ਤੋਂ ਇਲਾਵਾ ਮਿਊਜ਼ਿਕ ਜਿਵੇਂ ਕੱਵਾਲੀ, ਕੈਬਰੇ ਇਨ੍ਹਾਂ ਸਭ ਨੂੰ ਬਹੁਤ ਮਿਸ ਕਰਦੀ ਹਾਂ, ਜੋ ਅੱਜ ਸਾਡੇ ਕੋਲ ਨਹੀਂ ਹੈ। ਉਸ ਕਲਚਰ ਨੂੰ ਮਿਸ ਕਰਦੀ ਹਾਂ। ਮੈਨੂੰ ਤਾਂ ਸਿਰਫ਼ ਮੇਡ ਦੇ ਰੋਲ ਮਿਲਦੇ ਸਨ। ਅਜਿਹਾ ਲੱਗਦਾ ਸੀ ਜਿਵੇਂ ਜੇ ਮੈਂ ਇਕ ਸੀਨ ਹੋਰ ਕਰ ਲਿਆ ਤਾਂ ਗਿੰਨੀਜ਼ ਬੁੱਕ ’ਚ ਨਾਂ ਆ ਜਾਵੇਗਾ ਮੇਡ ਦੇ ਰੋਲ ਲਈ। ਫਿਰ ਮੈਂ ਮਨ੍ਹਾ ਕਰਨਾ ਸ਼ੁਰੂ ਕੀਤਾ। ਇਹ ਕਰਨਾ ਜ਼ਰੂਰੀ ਸੀ ਤਾਂ ਕਿ ਸੈਲਫ ਰਿਸਪੈਕਟ ਬਣੀ ਰਹੇ। ਇਹੀ ਜ਼ਰੂਰੀ ਹੁੰਦਾ ਹੈ ਖ਼ੁਦ ਦੀ ਕਦਰ ਕਰਨਾ।