ਆਸਕਰ ਨੇ 99ਵੇਂ ਅਤੇ 100ਵੇਂ ਸਮਾਰੋਹਾਂ ਲਈ ਪ੍ਰਸਾਰਣ ਤਰੀਕਾਂ ਦਾ ਕੀਤਾ ਐਲਾਨ

Wednesday, Apr 08, 2026 - 03:46 PM (IST)

ਆਸਕਰ ਨੇ 99ਵੇਂ ਅਤੇ 100ਵੇਂ ਸਮਾਰੋਹਾਂ ਲਈ ਪ੍ਰਸਾਰਣ ਤਰੀਕਾਂ ਦਾ ਕੀਤਾ ਐਲਾਨ

ਲਾਸ ਏਂਜਲਸ (ਏਜੰਸੀ) : ਸਿਨੇਮਾ ਜਗਤ ਦੇ ਸਭ ਤੋਂ ਵੱਕਾਰੀ ਪੁਰਸਕਾਰ 'ਆਸਕਰ' (ਅਕੈਡਮੀ ਅਵਾਰਡਸ) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਅਤੇ ABC ਨੈੱਟਵਰਕ ਨੇ ਆਪਣੇ ਅਗਲੇ 2 ਮਹੱਤਵਪੂਰਨ ਸਮਾਰੋਹਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 99ਵਾਂ ਆਸਕਰ ਸਮਾਰੋਹ 14 ਮਾਰਚ 2027 ਨੂੰ ਅਤੇ 100ਵਾਂ ਆਸਕਰ ਸਮਾਰੋਹ 5 ਮਾਰਚ 2028 ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਐਲਾਨ ਦੇ ਨਾਲ ਹੀ ਆਸਕਰ ਦੇ ਇਤਿਹਾਸ ਵਿੱਚ ਇੱਕ ਵੱਡੇ ਬਦਲਾਅ ਦੀ ਵੀ ਪੁਸ਼ਟੀ ਹੋ ਗਈ ਹੈ।

ਟੀਵੀ ਤੋਂ ਯੂਟਿਊਬ ਵੱਲ ਹਿਜਰਤ

ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਹ ਸਮਾਰੋਹ ਲੰਬੇ ਸਮੇਂ ਤੋਂ ਆਪਣੇ ਮੂਲ ਨੈੱਟਵਰਕ 'ਤੇ ਪ੍ਰਸਾਰਿਤ ਹੋਣ ਵਾਲੇ ਅੰਤਿਮ ਸਮਾਰੋਹ ਹੋਣਗੇ। ਸਾਲ 2029 ਤੋਂ ਆਸਕਰ ਦਾ ਪ੍ਰਸਾਰਣ ਪੂਰੀ ਤਰ੍ਹਾਂ ਯੂਟਿਊਬ (YouTube) 'ਤੇ ਤਬਦੀਲ ਹੋ ਜਾਵੇਗਾ। ਡਿਜੀਟਲ ਯੁੱਗ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਬਦਲ ਜਾਵੇਗਾ ਆਸਕਰ ਦਾ ਵੈਨਿਊ

ਸਿਰਫ਼ ਚੈਨਲ ਹੀ ਨਹੀਂ, ਸਗੋਂ ਆਸਕਰ ਦਾ ਵੈਨਿਊ ਵੀ ਬਦਲਣ ਜਾ ਰਿਹਾ ਹੈ। ਸਾਲ 2028 ਦਾ 100ਵਾਂ ਸਮਾਰੋਹ ਹਾਲੀਵੁੱਡ ਦੇ ਮਸ਼ਹੂਰ ਡੌਲਬੀ ਥੀਏਟਰ ਵਿੱਚ ਹੋਣ ਵਾਲਾ ਆਖਰੀ ਪ੍ਰੋਗਰਾਮ ਹੋਵੇਗਾ। ਅਕੈਡਮੀ ਨੇ AEG ਕੰਪਨੀ ਨਾਲ 10 ਸਾਲਾਂ ਦਾ ਸਮਝੌਤਾ ਕੀਤਾ ਹੈ, ਜਿਸ ਤਹਿਤ 2029 ਤੋਂ ਇਹ ਸ਼ੋਅ ਲਾਸ ਏਂਜਲਸ ਦੇ ਡਾਊਨਟਾਊਨ ਸਥਿਤ ਪੀਕਾਕ ਥੀਏਟਰ ਵਿੱਚ ਕਰਵਾਇਆ ਜਾਵੇਗਾ।

ਰੇਟਿੰਗ ਵਿੱਚ ਗਿਰਾਵਟ ਚਿੰਤਾ ਦਾ ਵਿਸ਼ਾ

ਹਾਲਾਂਕਿ ਪ੍ਰਬੰਧਕ ਨਵੇਂ ਬਦਲਾਅ ਕਰ ਰਹੇ ਹਨ, ਪਰ ਪਿਛਲੇ ਮਹੀਨੇ ਹੋਏ 98ਵੇਂ ਆਸਕਰ ਸਮਾਰੋਹ ਦੀ ਰੇਟਿੰਗ ਵਿੱਚ 9 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਕਈ ਸਾਲਾਂ ਤੋਂ ਰੇਟਿੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ, ਪਰ ਇਸ ਵਾਰ ਦਰਸ਼ਕਾਂ ਦੀ ਗਿਣਤੀ ਘਟਣ ਕਾਰਨ ਅਕੈਡਮੀ ਹੁਣ ਨਵੇਂ ਪਲੇਟਫਾਰਮਾਂ ਅਤੇ ਤਰੀਕਿਆਂ ਰਾਹੀਂ ਨੌਜਵਾਨ ਦਰਸ਼ਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ।


author

cherry

Content Editor

Related News