ਗਿੱਪੀ ਤੇ ਨੀਰੂ ਨੇ ਇਕੱਠਿਆਂ ਅਨਾਊਂਸ ਕੀਤੀ ਇਕ ਹੋਰ ਫਿਲਮ, ‘ਫੱਟੇ ਦਿੰਦੇ ਚੱਕ ਪੰਜਾਬੀ’ ’ਚ ਆਉਣਗੇ ਨਜ਼ਰ
Thursday, Oct 15, 2020 - 03:43 PM (IST)
ਜਲੰਧਰ (ਬਿਊਰੋ) — ਬੋਰਿੰਗ 2020 ਤੋਂ ਬਾਅਦ ਸਾਲ 2021 ਪੰਜਾਬੀ ਫ਼ਿਲਮ ਇੰਡਸਟਰੀ ਜਾਂ ਹੰਬਲ ਮੋਸ਼ਨ ਪਿਕਚਰ ਲਈ ਬਿਲਕੁਲ ਵਿਅਸਤ ਰਹੇਗਾ। 'ਮਾਂ', 'ਮੰਜੇ ਬਿਸਤਰੇ 3' ਅਤੇ 'ਫੱਟੇ ਦਿੰਦੇ ਚੱਕ ਪੰਜਾਬੀ' ਵਰਗੀਆਂ ਬੈਕ ਟੂ ਬੈਕ ਫ਼ਿਲਮਾਂ ਦਾ ਨਾਮ ਦੇਣ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਜ਼ ਨੇ ਦਰਸ਼ਕਾਂ ਦਾ ਮਨੋਰੰਜਨ ਜਾਰੀ ਰੱਖਣਾ ਨਿਸ਼ਚਤ ਕਰ ਦਿੱਤਾ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫ਼ਿਲਮ 'ਫੱਟੇ ਦਿੰਦੇ ਚੱਕ ਪੰਜਾਬੀ' ਦਾ ਪਹਿਲਾ ਅਧਿਕਾਰਤ ਪੋਸਟਰ ਸਾਂਝਾ ਕਰਦਿਆਂ ਇਸ ਫ਼ਿਲਮ ਦੀ ਰਿਲੀਜ਼ਿੰਗ ਤਰੀਕ ਦਾ ਵੀ ਖ਼ੁਲਾਸਾ ਕੀਤਾ ਹੈ।
ਦੱਸ ਦਈਏ ਕਿ ਪੰਜਾਬੀ ਫ਼ਿਲਮਾਂ ਦੀ ਕੁਈਨ ਨੀਰੂ ਬਾਜਵਾ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨਾਲ ਸਕ੍ਰੀਨ ਸਪੇਸ ਸਾਂਝੀ ਕਰੇਗੀ। ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਕਰਨਗੇ। ਜਗਦੀਪ ਵੜਿੰਗ ਨੇ ਫ਼ਿਲਮ ਲਈ ਕਹਾਣੀ, ਸਕ੍ਰੀਨਪਲੇਅ ਅਤੇ ਸੰਵਾਦ ਲਿਖੇ ਹਨ। ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਫ਼ਿਲਮ ਦਾ ਸੰਗੀਤ ਦੇਣਗੇ। ਹੰਬਲ ਮੋਸ਼ਨ ਪਿਕਚਰਜ਼ ਤੋਂ ਗਿੱਪੀ ਗਰੇਵਾਲ ਅਤੇ ਓਮਜੀ ਸਟਾਰ ਸਟੂਡੀਓਜ਼ ਤੋਂ ਆਸ਼ੂ ਮੁਨੀਸ਼ ਸਾਹਨੀ ਅਤੇ ਅਨਿਕਤ ਕਾਵੜੇ ਫ਼ਿਲਮ ਦਾ ਨਿਰਮਾਣ ਕਰਨਗੇ। ਵਿਨੋਦ ਅਸਵਾਲ ਪੂਰਾ ਪ੍ਰੋਜੈਕਟ ਹੈੱਡ ਕਰਨਗੇ। ਭਾਣਾ ਐਲ.ਏ. ਅਤੇ ਹਰਦੀਪ ਡੁਲਟ ਸਹਿ-ਨਿਰਮਾਤਾ ਅਤੇ ਐਗਜੈਕਟਿਵ ਪ੍ਰੋਡੂਸਰ ਹਨ।
ਦੱਸਣਯੋਗ ਹੈ ਕਿ ਇਸ ਸਾਲ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਨੇ ਆਪਣੀ ਬੈਕ ਟੂ ਬੈਕ ਫ਼ਿਲਮਾਂ ਦੀ ਘੋਸ਼ਣਾ ਕੀਤੀ ਹੈ, ਜਿਨ੍ਹਾਂ 'ਪਾਣੀ 'ਚ ਮਧਾਣੀ' ਹੈ। ਇਸ ਫ਼ਿਲਮ ਲੰਡਨ 'ਚ ਪਹਿਲਾਂ ਹੀ ਸ਼ੂਟ ਕੀਤੀ ਜਾ ਰਹੀ ਹੈ ਅਤੇ ਹੁਣ 'ਫੱਟੇ ਦਿੰਦੇ ਚੱਕ ਪੰਜਾਬੀ' ਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਸਾਲ 2000 'ਚ 'ਮੇਲ ਕਰਾਦੇ ਰੱਬਾ' ਅਤੇ 'ਜਿਹਨੇ ਮੇਰਾ ਦਿਲ ਲੁਟਿਆ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਹਾਲਾਂਕਿ ਫ਼ਿਲਮ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋ ਸਕੀ ਹੈ। 'ਫੱਟੇ ਦਿੰਦੇ ਚੱਕ ਪੰਜਾਬੀ' 16 ਜੁਲਾਈ 2021 ਨੂੰ ਰਿਲੀਜ਼ ਹੋਵੇਗੀ।