ਦਿਲਜੀਤ-ਨੀਰੂ ਦੀ 'ਜੱਟ ਐਂਡ ਜੂਲੀਅਟ 3' ਦੀ ਹੋਈ ਬੱਲੇ-ਬੱਲੇ, ਗਿੱਪੀ ਦੀ ਫ਼ਿਲਮ ਦਾ ਤੋੜਿਆ ਰਿਕਾਰਡ, ਕੀਤੀ ਇੰਨੀ ਕਮਾਈ

Wednesday, Jul 24, 2024 - 12:41 PM (IST)

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ 'ਜੱਟ ਐਂਡ ਜੂਲੀਅਟ 3' ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਫ਼ਿਲਮ ਨੇ ਕਮਾਈ ਦੇ ਮਸਲੇ 'ਚ ਪੰਜਾਬੀ ਸਿਨੇਮਾ ਦੀਆਂ ਸਾਰੀਆਂ ਫ਼ਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। 'ਜੱਟ ਐਂਡ ਜੂਲੀਅਟ 3' ਨੇ ਹੁਣ ਤੱਕ ਦੁਨੀਆ ਭਰ ਤੋਂ 104 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ 'ਜੱਟ ਐਂਡ ਜੂਲੀਅਟ 3' ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ। 

ਦੱਸ ਦੇਈਏ ਕਿ ਫ਼ਿਲਮ 'ਜੱਟ ਐਂਡ ਜੂਲੀਅਟ 3' ਦੇ ਪਹਿਲੇ ਅਤੇ ਦੂਜੇ ਭਾਗ ਨੇ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਫ਼ਿਲਮ ਦੀ ਚਾਲ ਭਾਵੇਂ ਕਿ ਇਸ ਸਮੇਂ ਮੱਠੀ ਪੈ ਗਈ ਹੈ ਪਰ ਫ਼ਿਲਮ ਅਜੇ ਵੀ ਦੁਨੀਆ ਭਰ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਮੌਜੂਦਾ ਅੰਕੜੇ ਵੀ ਇਹੀ ਕਹਿ ਰਹੇ ਹਨ ਕਿ 'ਜੱਟ ਐਂਡ ਜੂਲੀਅਟ 3' ਪੰਜਾਬੀ ਸਿਨੇਮਾ ਦੀ ਪਹਿਲੀ 104 ਕਰੋੜ ਦੀ ਕਮਾਈ ਕਰਨ ਵਾਲੀ ਫ਼ਿਲਮ ਬਣ ਚੁੱਕੀ ਹੈ। ਇਸ ਤੋਂ ਪਹਿਲਾਂ ਇਹ ਥਾਂ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ 3' ਨੇ ਮੱਲ੍ਹਿਆ ਹੋਇਆ ਸੀ, ਜਿਸ ਨੇ 102.69 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਸੀ।

ਸਾਰੇ ਕਲੈਕਸ਼ਨ 'ਤੇ ਮਾਰੋ ਇੱਕ ਝਾਤ
ਪਾਲੀਵੁੱਡ ਦੀ 'ਰਾਣੀ' ਨੀਰੂ ਬਾਜਵਾ ਅਤੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਦੀ ਸ਼ਾਨਦਾਰ ਐਕਟਿੰਗ ਵਾਲੀ ਇਸ ਫ਼ਿਲਮ ਨੇ ਪਹਿਲੇ ਦਿਨ ਦੇਸ਼-ਵਿਦੇਸ਼ 'ਚੋਂ 10.76 ਕਰੋੜ ਨਾਲ ਖਾਤਾ ਖੋਲ੍ਹਿਆ ਸੀ, ਫਿਰ ਦੂਜੇ ਦਿਨ 11.65 ਕਰੋੜ (ਦੇਸ਼-ਵਿਦੇਸ਼), ਤੀਜੇ ਦਿਨ 12.50 ਕਰੋੜ (ਦੇਸ਼-ਵਿਦੇਸ਼), ਚੌਥੇ ਦਿਨ 14.15 (ਦੇਸ਼-ਵਿਦੇਸ਼), ਪੰਜਵੇਂ ਦਿਨ 6.75 ਕਰੋੜ (ਦੇਸ਼-ਵਿਦੇਸ਼ ), ਛੇਵੇਂ ਦਿਨ 6.07 ਕਰੋੜ (ਦੇਸ਼-ਵਿਦੇਸ਼), ਸੱਤਵੇਂ ਦਿਨ 4.20 ਕਰੋੜ (ਦੇਸ਼-ਵਿਦੇਸ਼), ਅੱਠਵੇਂ 3.53 (ਦੇਸ਼-ਵਿਦੇਸ਼), ਨੌਵੇਂ 3.81 ਕਰੋੜ (ਦੇਸ਼-ਵਿਦੇਸ਼)...ਜਿਸ ਨਾਲ ਫਿਲਮ ਦਾ ਦਸ ਦਿਨਾਂ ਦਾ ਸਾਰਾ ਕਲੈਕਸ਼ਨ 78.92 ਕਰੋੜ ਹੋਇਆ। ਇਸ ਤੋਂ ਬਾਅਦ ਫ਼ਿਲਮ ਨੇ ਸਿਰਫ਼ 14 ਦਿਨਾਂ 'ਚ ਹੀ 90 ਕਰੋੜ ਦਾ ਅੰਕੜਾ ਪਾਰ ਕਰ ਲਿਆ ਅਤੇ 20 ਦਿਨਾਂ 'ਚ 100 ਕਰੋੜ ਦਾ ਵਿਸ਼ਾਲ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ। ਫ਼ਿਲਮ ਦਾ ਹੁਣ ਸਾਰਾ ਕਲੈਕਸ਼ਨ 104 ਕਰੋੜ ਦੇ ਅੰਕੜਾ ਨੂੰ ਪਾਰ ਕਰ ਗਿਆ ਹੈ।

PunjabKesari

ਦੱਸਣਯੋਗ ਹੈ ਕਿ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਤ ਇਸ ਰੋਮਾਂਟਿਕ-ਕਾਮੇਡੀ ਫ੍ਰੈਂਚਾਇਜ਼ੀ ਦਾ ਤੀਜਾ ਭਾਗ ਲੰਮੇਂ ਸਮੇਂ ਬਾਅਦ ਲੋਕਾਂ ਦੇ ਸਾਹਮਣੇ ਆਇਆ ਹੈ ਅਤੇ ਦਰਸ਼ਕਾਂ ਨੂੰ ਖੁਸ਼ ਕਰਨ 'ਚ ਸਫ਼ਲ ਰਿਹਾ ਹੈ। ਫ਼ਿਲਮ ਇੱਕ ਪਰਿਵਾਰਕ ਮਨੋਰੰਜਨ ਹੈ, ਜੋ ਹਰ ਵਰਗ ਦੇ ਲੋਕਾਂ ਨੂੰ ਪਸੰਦ ਆ ਰਹੀ ਹੈ। ਫ਼ਿਲਮ ਦਿਲਜੀਤ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਸਕ੍ਰੀਨ ਕੈਮਿਸਟਰੀ ਨੂੰ ਦਿਖਾਉਂਦੀ ਹੈ। ਜੈਸਮੀਨ ਬਾਜਵਾ, ਸੁਖਵਿੰਦਰ ਸਿੰਘ ਉਰਫ਼ ਧੂਤਾ, ਬੀ. ਐੱਨ. ਸ਼ਰਮਾ, ਅਕਰਮ ਉਦਾਸ, ਜਸਵਿੰਦਰ ਭੱਲਾ, ਨਾਸਿਰ ਚਿਨਓਤੀ, ਰਾਣਾ ਰਣਬੀਰ ਵਰਗੇ ਮੰਝੇ ਕਲਾਕਾਰ ਫ਼ਿਲਮ ਦਾ ਖ਼ਾਸ ਆਕਰਸ਼ਨ ਰਹੇ ਹਨ।

ਦੁਨੀਆ ਭਰ 'ਚੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ 10 ਪੰਜਾਬੀ ਫ਼ਿਲਮਾਂ :-

  1. ਜੱਟ ਐਂਡ ਜੂਲੀਅਟ 3: 104.54 ਕਰੋੜ
  2. ਕੈਰੀ ਆਨ ਜੱਟਾ 3: 102.69 ਕਰੋੜ
  3. ਮਸਤਾਨੇ: 74 ਕਰੋੜ
  4. ਕੈਰੀ ਆਨ ਜੱਟਾ 2: 57.67 ਕਰੋੜ
  5. ਚੱਲ ਮੇਰਾ ਪੁੱਤ 2: 55.41 ਕਰੋੜ
  6. ਸੌਂਕਣ ਸੌਂਕਣੇ: 55 ਕਰੋੜ
  7. ਹੌਂਸਲਾ ਰੱਖ: 54.62 ਕਰੋੜ
  8. ਛੜਾ: 52.75 ਕਰੋੜ
  9. ਚਾਰ ਸਾਹਿਬਜ਼ਾਦੇ: 45.96 ਕਰੋੜ
  10. ਸਰਦਾਰਜੀ: 38.38 ਕਰੋੜ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News