ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ, ‘‘ਯੂ. ਪੀ. ਵਿਚਲੇ ਮਦਦਗਾਰਾਂ ਦੀ ਪਛਾਣ ਛੇਤੀ ਜਨਤਕ ਕਰੇ ਸਰਕਾਰ’’

Sunday, Aug 20, 2023 - 12:26 PM (IST)

ਮਾਨਸਾ (ਜੱਸਲ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਕਾਂਡ ਦੀ ਸਾਰੀ ਸਾਜ਼ਿਸ਼ ਉੱਤਰ ਪ੍ਰਦੇਸ਼ ’ਚ ਬੈਠ ਕੇ ਰਚਣ ਦੇ ਮੀਡੀਆ ਦੇ ਇਕ ਹਿੱਸੇ ’ਚ ਹੋਏ ਖ਼ੁਲਾਸੇ ਮਗਰੋਂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਕਹਿ ਰਹੇ ਹਨ ਕਿ ਇਸ ਕਤਲ ਪਿੱਛੇ ਰਾਜਨੀਤੀਵਾਨਾਂ ਤੇ ਸੰਗੀਤ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਹੱਥ ਹੈ। ਉਹ ਉਸ ਦਿਨ ਤੋਂ ਹੀ ਕਹਿ ਰਹੇ ਹਨ ਕਿ ਇਹ ਮਾਮਲਾ ਗੈਂਗਸਟਰਾਂ ਨਾਲ ਨਹੀਂ ਜੁੜਿਆ।

ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਛੋਟੀ ਉਮਰ ’ਚ ਸੰਗੀਤ ਤੇ ਰਾਜਨੀਤੀ ’ਚ ਜਦੋਂ ਚੜ੍ਹਤ ਹੋਣ ਲੱਗੀ ਤਾਂ ਮਿਊਜ਼ਿਕ ਤੇ ਸਿਆਸੀ ਤੌਰ ’ਤੇ ਉਸ ਦੇ ਬਹੁਤ ਸਾਰੇ ਅੰਦਰਖਾਤੇ ਦੁਸ਼ਮਣ ਬਣਨ ਲੱਗੇ, ਜਿਨ੍ਹਾਂ ਨੇ ਗੈਂਗਸਟਰਾਂ ਦਾ ਸਹਾਰਾ ਲੈ ਕੇ ਉਸ ਦਾ ਕਤਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਗੱਲ ਗੋਲਡੀ ਬਰਾੜ ਸਮੇਤ ਲਾਰੈਂਸ ਬਿਸ਼ਨੋਈ ਹੀ ਦੱਸ ਸਕਦੇ ਹਨ ਕਿ ਪੰਜਾਬੀ ਗਾਇਕ ਨੂੰ ਮਾਰਨ ਲਈ ਕਿਹੜੇ-ਕਿਹੜੇ ਲੋਕਾਂ ਦਾ ਹੱਥ ਹੈ ਤੇ ਇਸੇ ਇਨਸਾਫ਼ ਲਈ ਹੀ ਉਹ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੇ ਯੂ. ਪੀ. ਵਿਚਲੇ ਮਦਦਗਾਰਾਂ ਦੀ ਪਛਾਣ ਸਰਕਾਰ ਛੇਤੀ ਜਨਤਕ ਕਰੇ।

ਇਹ ਖ਼ਬਰ ਵੀ ਪੜ੍ਹੋ : ਇਤਿਹਾਸ ਦਰਸਾਉਂਦੀ ਫ਼ਿਲਮ ‘ਮਸਤਾਨੇ’ ਦਾ ਪਹਿਲਾ ਗੀਤ ‘ਸ਼ਹਿਜ਼ਾਦਾ’ ਰਿਲੀਜ਼, ਦੇਖੋ ਵੀਡੀਓ

ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਸਰਕਾਰ ਦਾ ਕਮਾਊ ਪੁੱਤ ਸੀ, ਜੋ 2 ਕਰੋੜ ਰੁਪਏ ਸਰਕਾਰ ਨੂੰ ਹਰ ਸਾਲ ਇਨਕਮ ਟੈਕਸ ਦਾ ਦਿੰਦਾ ਸੀ। ਉਨ੍ਹਾਂ ਕਿਹਾ ਕਿ ਮੀਡੀਆ ਦੇ ਹਿੱਸੇ ਲਈ ਜਾਰੀ ਹੋਈਆਂ ਸਚਿਨ ਥਾਪਨ, ਲਾਰੈਂਸ ਬਿਸ਼ਨੋਈ, ਸਚਿਨ ਭਿਵਾਨੀ, ਅੰਕਿਤ ਸੇਰਸਾ ਦੀਆਂ ਤਸਵੀਰਾਂ ਪੁਰਾਣੇ ਬਿਆਨਾਂ ਨੂੰ ਸ਼ਰੇਆਮ ਝੂਠ ਦਰਸਾਉਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਚਿਨ ਥਾਪਨ ਨੂੰ ਪੰਜਾਬ ਲਿਆ ਕੇ ਪੜਤਾਲ ਕੀਤੀ ਜਾਵੇ ਤਾਂ ਮੂਸੇ ਵਾਲਾ ਦੇ ਕਤਲ ਦੀ ਉਹੀ ਕਹਾਣੀ ਸਾਹਮਣੇ ਆਵੇਗੀ, ਜੋ ਉਹ ਪਿਛਲੇ ਲਗਾਤਾਰ ਸਵਾ ਸਾਲ ਤੋਂ ਹਰ ਥਾਂ ’ਤੇ ਕਹਿੰਦੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਪੁਲਸ ਜਾਂਚ ’ਚ ਖ਼ੁਲਾਸਾ ਹੋਇਆ ਹੈ ਕਿ ਸ਼ੂਟਰਾਂ ਨੂੰ ਹਥਿਆਰ ਯੂ. ਪੀ. ’ਚ ਦਿੱਤੇ ਗਏ ਹਨ ਤੇ ਉਨ੍ਹਾਂ ਦੀਆਂ ਤਸਵੀਰਾਂ ਹਥਿਆਰਾਂ ਦੇ ਨਾਲ ਵਿਖਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਦਿੱਲੀ ਪੁਲਸ ਹੁਣ ਸਚਿਨ ਥਾਪਨ ਨੂੰ ਅਯੁੱਧਿਆ ਲੈ ਕੇ ਜਾਣ ਦੀ ਗੱਲ ਸਾਹਮਣੇ ਆਉਣ ਲੱਗੀ ਹੈ ਪਰ ਪੰਜਾਬ ਪੁਲਸ ਨੂੰ ਵੀ ਇਸ ਮਾਮਲੇ ਲਈ ਦਿੱਲੀ ਪੁਲਸ ਨਾਲ ਤਾਲਮੇਲ ਕਰਕੇ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News